ਏਅਰ ਕੰਡੀਸ਼ਨਰ ਨਿਰਮਾਤਾਵਾਂ ਨੇ ਘੱਟ ਜੀ.ਐੱਸ.ਟੀ. ਸਲੈਬ ਵਾਲੇ ਯੂਨਿਟਾਂ ਦੀ ਪ੍ਰੀ-ਬੁਕਿੰਗ ਸ਼ੁਰੂ ਕੀਤੀ
ਏਅਰ ਕੰਡੀਸ਼ਨਰ, ਜਿਸ ਉਤੇ ਇਸ ਸਮੇਂ 28 ਫ਼ੀ ਸਦੀ ਟੈਕਸ ਲਗਦਾ ਹੈ, 22 ਸਤੰਬਰ ਤੋਂ ਬਾਅਦ 18 ਫ਼ੀ ਸਦੀ ਦੀ ਸਲੈਬ ਵਿਚ ਆ ਜਾਣਗੇ
ਨਵੀਂ ਦਿੱਲੀ : ਕਈ ਕਮਰੇ ਦੇ ਏਅਰ ਕੰਡੀਸ਼ਨਰ ਨਿਰਮਾਤਾਵਾਂ ਅਤੇ ਡੀਲਰਾਂ ਨੇ ਘੱਟ ਕੀਮਤਾਂ ਵਾਲੀਆਂ ਇਕਾਈਆਂ ਦੀ ਪ੍ਰੀ-ਬੁਕਿੰਗ ਸ਼ੁਰੂ ਕਰ ਦਿਤੀ ਹੈ। ਰੂਮ-ਏਅਰ ਕੰਡੀਸ਼ਨਰ (ਆਰ.ਏ.ਸੀ.) ਦੇ ਨਿਰਮਾਤਾਵਾਂ ਨੇ ਕਿਹਾ ਕਿ ਉਹ ਜੀ.ਐਸ.ਟੀ. ਵਿਚ 10 ਫ਼ੀ ਸਦੀ ਦੀ ਕਟੌਤੀ ਖਪਤਕਾਰਾਂ ਨੂੰ ਦੇ ਰਹੇ ਹਨ, ਜਿਸ ਦੇ ਨਤੀਜੇ ਵਜੋਂ ਮਾਡਲਾਂ ਦੇ ਅਧਾਰ ਉਤੇ ਗਾਹਕਾਂ ਨੂੰ ਔਸਤਨ 4,000 ਰੁਪਏ ਪ੍ਰਤੀ ਯੂਨਿਟ ਦੀ ਬਚਤ ਹੋਵੇਗੀ।
ਇਸ ਮਹੀਨੇ ਦੀ ਸ਼ੁਰੂਆਤ ’ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ’ਚ ਜੀ.ਐਸ.ਟੀ. ਕੌਂਸਲ ਦੀ ਬੈਠਕ ’ਚ ਵਸਤੂ ਅਤੇ ਸੇਵਾ ਟੈਕਸ (ਜੀ.ਐੱਸ.ਟੀ.) ਦੇ ਮੌਜੂਦਾ ਚਾਰ ਸਲੈਬਾਂ ਨੂੰ ਬਦਲ ਕੇ 5 ਫੀ ਸਦੀ ਅਤੇ 18 ਫੀ ਸਦੀ ਦੇ ਦੋ ਦਰਾਂ ਵਾਲੇ ਟੈਕਸ ਢਾਂਚੇ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਸੀ।
ਏਅਰ ਕੰਡੀਸ਼ਨਰ, ਜਿਸ ਉਤੇ ਇਸ ਸਮੇਂ 28 ਫ਼ੀ ਸਦੀ ਟੈਕਸ ਲਗਦਾ ਹੈ, ਨਵਰਾਤਰੀ ਦੇ ਤਿਉਹਾਰ ਦੇ ਪਹਿਲੇ ਦਿਨ 22 ਸਤੰਬਰ ਤੋਂ ਨਵੀਆਂ ਦਰਾਂ ਲਾਗੂ ਹੋਣ ਤੋਂ ਬਾਅਦ 18 ਫ਼ੀ ਸਦੀ ਦੀ ਸਲੈਬ ਵਿਚ ਆ ਜਾਣਗੇ। ਬਲੂ ਸਟਾਰ ਅਤੇ ਹੇਅਰ ਵਰਗੇ ਏਅਰ ਕੰਡੀਸ਼ਨਰ ਨਿਰਮਾਤਾਵਾਂ ਨੇ ਪਹਿਲਾਂ ਹੀ ਯੂਨਿਟਾਂ ਦੀ ਬੁਕਿੰਗ ਸ਼ੁਰੂ ਕਰ ਦਿਤੀ ਹੈ।