ਜਰਮਨੀ ’ਚ ਬੋਲੇ ਰਾਹੁਲ ਗਾਂਧੀ, ‘ਏਕਾਧਿਕਾਰ ਭਾਰਤ ਲਈ ਸਰਾਪ ਹੈ’

ਏਜੰਸੀ

ਖ਼ਬਰਾਂ, ਵਪਾਰ

ਕਿਹਾ, ਐਮ.ਐਸ.ਐਮ.ਈ. ਨੂੰ ਆਰਥਕਤਾ ਉਤੇ ਮਜ਼ਬੂਤ ਪਕੜ ਦੇਣੀ ਪਵੇਗੀ

Rahul Gandhi

ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁਧਵਾਰ ਨੂੰ ਦਾਅਵਾ ਕੀਤਾ ਕਿ ਮੋਦੀ ਸਰਕਾਰ ਹਰ ਖੇਤਰ ’ਚ ਏਕਾਧਿਕਾਰ ਨੂੰ ਉਤਸ਼ਾਹਤ ਕਰ ਰਹੀ ਹੈ, ਜੋ ਕਿ ਭਾਰਤ ਲਈ ਸਰਾਪ ਹੈ। ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਨੇ ਇਹ ਵੀ ਕਿਹਾ ਕਿ ਭਾਰਤੀ ਅਰਥਵਿਵਸਥਾ ਨੂੰ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (ਐਮ.ਐਸ.ਐਮ.ਈ.) ਦੇ ਹੱਥਾਂ ’ਚ ਮਜ਼ਬੂਤ ਪਕੜ ਦੇਣੀ ਪਵੇਗੀ। ਉਨ੍ਹਾਂ ਕਿਹਾ, ‘‘ਏਕਾਧਿਕਾਰ ਜਾਂ ਸਿਰਫ ਦੋ ਸਮੂਹਾਂ ਦਾ ਏਕਾਧਿਕਾਰ ਭਾਰਤ ਲਈ ਸਰਾਪ ਹੈ। ਮੋਦੀ ਸਰਕਾਰ ਹਰ ਖੇਤਰ, ਹਰ ਉਦਯੋਗ ਵਿਚ ਇਹੀ ਕਰ ਰਹੀ ਹੈ।’’

ਉਨ੍ਹਾਂ ਕਿਹਾ, ‘‘ਜਨ ਸੰਸਦ (ਸਮਾਜ ਦੇ ਸਮੂਹਾਂ ਨਾਲ ਗੱਲਬਾਤ) ਦੌਰਾਨ, ਮੈਂ ਛੋਟੇ ਅਤੇ ਦਰਮਿਆਨੇ ਆਈਸਕ੍ਰੀਮ ਉਤਪਾਦਕਾਂ ਦੇ ਇਕ ਵਫ਼ਦ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨਾਲ ਗੱਲ ਕਰਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਕਿ ਸਰਕਾਰ ਉਨ੍ਹਾਂ ਦੇ ਪਸੰਦੀਦਾ ਉਦਯੋਗਪਤੀਆਂ ਦੀ ਖਾਤਰ ਛੋਟੇ ਕਾਰੋਬਾਰਾਂ ਨੂੰ ਤਬਾਹ ਕਰਨ ਉਤੇ ਤੁਲੀ ਹੋਈ ਹੈ।’’

ਰਾਹੁਲ ਗਾਂਧੀ ਨੇ ਕਿਹਾ ਕਿ ਛੋਟੇ ਆਈਸਕ੍ਰੀਮ ਉਤਪਾਦਕਾਂ ਦੇ ਖਰੀਦਦਾਰ ਭਾਰਤ ਦੇ ਗਰੀਬ ਅਤੇ ਹੇਠਲੇ ਮੱਧ ਵਰਗ ਦੇ ਲੋਕ ਹਨ ਅਤੇ ਦੇਸ਼ ਭਰ ਵਿਚ ਹਜ਼ਾਰਾਂ ਛੋਟੇ ਆਈਸਕ੍ਰੀਮ ਨਿਰਮਾਤਾ ਹਨ, ਜੋ ਲੱਖਾਂ ਲੋਕਾਂ ਨੂੰ ਰੁਜ਼ਗਾਰ ਪ੍ਰਦਾਨ ਕਰਦੇ ਹਨ। ਉਨ੍ਹਾਂ ਕਿਹਾ, ‘‘ਅਜਿਹੇ ਛੋਟੇ ਕਾਰੋਬਾਰਾਂ ਲਈ ਜੀ.ਐਸ.ਟੀ. ਇੰਨਾ ਗੁੰਝਲਦਾਰ ਹੈ ਕਿ ਉਨ੍ਹਾਂ ਲਈ ਬੋਝ ਸਹਿਣਾ ਮੁਸ਼ਕਲ ਹੋ ਜਾਂਦਾ ਹੈ। ਇਸ ਵਜ੍ਹਾ ਨਾਲ ਛੋਟੇ ਕਾਰੋਬਾਰਾਂ ਦੇ ਲਈ ਵਿਸ਼ੇਸ਼ ਯੋਜਨਾ ਬਣਾਈ ਗਈ ਸੀ, ਪਰ ਭਾਜਪਾ ਸਰਕਾਰ ਨੇ ਜਾਣਬੁਝ ਕੇ ਆਈਸਕ੍ਰੀਮ ਨੂੰ ਇਸ ਯੋਜਨਾ ਤੋਂ ਬਾਹਰ ਕਰ ਦਿਤਾ। ਇਸ ਦੇ ਨਾਲ ਹੀ ਭਾਜਪਾ ਸ਼ਾਸਿਤ ਸੂਬਿਆਂ ਅਤੇ ਨਗਰ ਨਿਗਮਾਂ ਨੇ ਫੀਸਾਂ ’ਚ ਤੇਜ਼ੀ ਨਾਲ ਵਾਧਾ ਕੀਤਾ ਹੈ।’’ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਹਰ ਖੇਤਰ ਵਿਚ ਇਹੀ ਕਹਾਣੀ ਦੁਹਰਾਈ ਜਾ ਰਹੀ ਹੈ। 

ਉਨ੍ਹਾਂ ਨੇ ਕਿਹਾ, ‘‘ਸਾਨੂੰ ਇਸ ਚੱਕਰਵਿਊ ਨੂੰ ਤੋੜਨਾ ਹੋਵੇਗਾ ਅਤੇ ਐੱਮ.ਐੱਸ.ਐੱਮ.ਈ. ਦੇ ਹੱਥਾਂ ਵਿਚ ਭਾਰਤ ਦੀ ਅਰਥਵਿਵਸਥਾ ਉਤੇ ਮਜ਼ਬੂਤ ਪਕੜ ਲਗਾਉਣੀ ਹੋਵੇਗੀ, ਤਾਕਿ ਨੌਜੁਆਨਾਂ ਨੂੰ ਨੌਕਰੀਆਂ ਮਿਲਣ, ਜਨਤਾ ਨੂੰ ਸਸਤੇ ਅਤੇ ਚੰਗੇ ਵਿਕਲਪ ਮਿਲ ਸਕਣ ਅਤੇ ਛੋਟੇ ਕਾਰੋਬਾਰ ਦੇਸ਼ ਦੀ ਪ੍ਰਗਤੀ ਵਿਚ ਬਰਾਬਰ ਦੇ ਭਾਗੀਦਾਰ ਬਣ ਸਕਣ।’’

ਨਿਰਮਾਣ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹੈ, ਭਾਰਤ ’ਚ ਇਸ ਦੀ ਪ੍ਰਣਾਲੀ ਨੂੰ ਵਿਕਸਤ ਕਰਨ ਦੀ ਲੋੜ ਹੈ: ਰਾਹੁਲ ਗਾਂਧੀ 

ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁਧਵਾਰ ਨੂੰ ਕਿਹਾ ਕਿ ਨਿਰਮਾਣ ਮਜ਼ਬੂਤ ਅਰਥਚਾਰਿਆਂ ਦੀ ਰੀੜ੍ਹ ਦੀ ਹੱਡੀ ਹੈ ਪਰ ਭਾਰਤ ’ਚ ਨਿਰਮਾਣ ’ਚ ਗਿਰਾਵਟ ਆ ਰਹੀ ਹੈ।  ਜਰਮਨੀ ਦੇ ਮਿਊਨਿਖ ਸ਼ਹਿਰ ਵਿਚ ‘ਬੀ.ਐਮ.ਡਬਲਯੂ. ਵੈਲਟ’ (ਬੀ.ਐਮ.ਡਬਲਯੂ. ਦੇ ਪ੍ਰਦਰਸ਼ਨੀ ਕੇਂਦਰ) ਅਤੇ ਬੀ.ਐਮ.ਡਬਲਯੂ. ਪਲਾਂਟ ਦਾ ਦੌਰਾ ਕਰਨ ਤੋਂ ਬਾਅਦ ਇਕ ਸੋਸ਼ਲ ਮੀਡੀਆ ਪੋਸਟ ’ਚ, ਉਸ ਨੇ ਕਿਹਾ ਕਿ ਭਾਰਤ ਨੂੰ ਵਿਕਾਸ ਨੂੰ ਤੇਜ਼ ਕਰਨ ਲਈ ਸਾਰਥਕ ਨਿਰਮਾਣ ਪ੍ਰਣਾਲੀ ਬਣਾਉਣ ਦੀ ਜ਼ਰੂਰਤ ਹੈ। ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਇਨ੍ਹੀਂ ਦਿਨੀਂ ਜਰਮਨੀ ਦੇ ਦੌਰੇ ਉਤੇ ਹਨ। 

ਰਾਹੁਲ ਗਾਂਧੀ ਅਨੁਸਾਰ, ਬੀ.ਐਮ.ਡਬਲਯੂ. ਦੇ ਪਲਾਂਟ ਟੂਰ ਦੀ ਮੁੱਖ ਗੱਲ ਟੀ.ਵੀ.ਐਸ. ਦੇ 450 ਸੀਸੀ ਮੋਟਰਸਾਈਕਲ ਨੂੰ ਵੇਖਣਾ ਸੀ, ਜਿਸ ਨੂੰ ਬੀ.ਐਮ.ਡਬਲਯੂ. ਦੀ ਭਾਈਵਾਲੀ ਵਿਚ ਤਿਆਰ ਕੀਤਾ ਗਿਆ ਸੀ। ਉਨ੍ਹਾਂ ਕਿਹਾ, ‘‘ਮੈਨੂੰ ਬੀ.ਐਮ.ਡਬਲਯੂ. ਵੈਲਟ ਅਤੇ ਬੀ.ਐਮ.ਡਬਲਯੂ. ਪਲਾਂਟ ਦੇ ਦੌਰੇ ਦੇ ਨਾਲ ਮਿਊਨਿਖ, ਜਰਮਨੀ ਵਿਚ ਬੀ.ਐਮ.ਡਬਲਯੂ. ਦੀ ਦੁਨੀਆਂ ਦਾ ਅਨੁਭਵ ਕਰਨ ਦਾ ਮੌਕਾ ਮਿਲਿਆ।’’ 

ਕਾਂਗਰਸੀ ਨੇਤਾ ਦਾ ਕਹਿਣਾ ਹੈ ਕਿ ਟੀ.ਵੀ.ਐਸ. ਦੇ 450 ਸੀਸੀ ਮੋਟਰਸਾਈਕਲ ਨੂੰ ਬੀ.ਐਮ.ਡਬਲਯੂ. ਦੀ ਭਾਈਵਾਲੀ ਵਿਚ ਵਿਕਸਤ ਕੀਤਾ ਗਿਆ ਸੀ। ਉਨ੍ਹਾਂ ਕਿਹਾ, ‘‘ਨਿਰਮਾਣ ਮਜ਼ਬੂਤ ਅਰਥਵਿਵਸਥਾਵਾਂ ਦੀ ਰੀੜ੍ਹ ਦੀ ਹੱਡੀ ਹੈ। ਅਫ਼ਸੋਸ ਦੀ ਗੱਲ ਹੈ ਕਿ ਭਾਰਤ ’ਚ ਨਿਰਮਾਣ ’ਚ ਗਿਰਾਵਟ ਆ ਰਹੀ ਹੈ। ਵਿਕਾਸ ਨੂੰ ਤੇਜ਼ ਕਰਨ ਲਈ, ਸਾਨੂੰ ਵਧੇਰੇ ਉਤਪਾਦਨ ਕਰਨ ਦੀ ਜ਼ਰੂਰਤ ਹੈ - ਸਾਰਥਕ ਨਿਰਮਾਣ ਵਿਧੀ ਬਣਾਉਣ ਅਤੇ ਵੱਡੇ ਪੱਧਰ ਉਤੇ ਉੱਚ-ਗੁਣਵੱਤਾ ਵਾਲੀਆਂ ਨੌਕਰੀਆਂ ਪੈਦਾ ਕਰਨ।’’