60 ਦਿਨਾਂ ’ਚ ਭਾਰਤ ਨਾਲ ਐੱਫ.ਟੀ.ਏ. ’ਤੇ  ਹਸਤਾਖਰ ਹੋਣ ਦੀ ਉਮੀਦ : ਨਿਊਜ਼ੀਲੈਂਡ

ਏਜੰਸੀ

ਖ਼ਬਰਾਂ, ਵਪਾਰ

ਅਗਲੇ 10 ਸਾਲਾਂ ’ਚ ਅਸੀਂ ਮਿਲ ਕੇ 10 ਗੁਣਾ ਵਿਕਾਸ ਦਰ ਹਾਸਲ ਕਰ ਸਕਦੇ ਹਾਂ : ਪੀਯੂਸ਼ ਗੋਇਲ

Christopher Luxon

ਨਵੀਂ ਦਿੱਲੀ : ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਮੰਗਲਵਾਰ ਨੂੰ ਕਿਹਾ ਕਿ ਉਹ 60 ਦਿਨਾਂ ’ਚ ਭਾਰਤ ਨਾਲ ਮੁਕਤ ਵਪਾਰ ਸਮਝੌਤੇ (ਐੱਫ.ਟੀ.ਏ.) ’ਤੇ  ਦਸਤਖਤ ਕਰਨ ਦੀ ਉਮੀਦ ਕਰ ਰਹੇ ਹਨ। ਇਸ ਸਮਝੌਤੇ ’ਤੇ  ਦਸਤਖਤ ਹੋਣ ਨਾਲ 10 ਸਾਲਾਂ ’ਚ ਦੁਵਲੇ ਵਪਾਰ ’ਚ 10 ਗੁਣਾ ਵਾਧਾ ਹੋਣ ਦੀ ਉਮੀਦ ਹੈ। 

ਭਾਰਤ ਅਤੇ ਨਿਊਜ਼ੀਲੈਂਡ ਨੇ ਐਤਵਾਰ ਨੂੰ ਆਰਥਕ  ਸਬੰਧਾਂ ਨੂੰ ਹੁਲਾਰਾ ਦੇਣ ਲਈ ਤਕਰੀਬਨ 10 ਸਾਲਾਂ ਬਾਅਦ ਪ੍ਰਸਤਾਵਿਤ ਮੁਕਤ ਵਪਾਰ ਸਮਝੌਤੇ ’ਤੇ  ਗੱਲਬਾਤ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ 16 ਮਾਰਚ ਤੋਂ ਭਾਰਤ ਦੇ ਚਾਰ ਦਿਨਾਂ ਦੌਰੇ ’ਤੇ  ਹਨ। ਲਕਸਨ ਨੇ ਉਦਯੋਗ ਸੰਗਠਨ ਫਿੱਕੀ ਵਲੋਂ ਕਰਵਾਏ ਭਾਰਤ-ਨਿਊਜ਼ੀਲੈਂਡ ਆਰਥਕ  ਸੰਮੇਲਨ ’ਚ ਕਿਹਾ, ‘‘ਆਓ ਇਸ ਸਬੰਧ ਨੂੰ ਅੱਗੇ ਵਧਾਈਏ ਅਤੇ ਮੈਨੂੰ ਉਮੀਦ ਹੈ ਕਿ ਪ੍ਰਧਾਨ ਮੰਤਰੀ ਮੋਦੀ 60 ਦਿਨਾਂ ਦੇ ਅੰਦਰ ਇਸ ਸਮਝੌਤੇ ’ਤੇ  ਦਸਤਖਤ ਕਰਨਗੇ।’’

ਵਪਾਰ ਮਾਹਰਾਂ ਮੁਤਾਬਕ ਸੇਬ, ਕੀਵੀ, ਡੇਅਰੀ ਅਤੇ ਵਾਈਨ ਵਰਗੇ ਖੇਤੀਬਾੜੀ ਉਤਪਾਦਾਂ ’ਤੇ  ਡਿਊਟੀ ’ਚ ਛੋਟ ਦੇਣ ਦੇ ਮੁੱਦੇ ’ਤੇ  ਗੱਲਬਾਤ ’ਚ ਕੁੱਝ  ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵਣਜ ਮੰਤਰੀ ਪੀਯੂਸ਼ ਗੋਇਲ ਨੇ ਇਸ ਮੌਕੇ ਕਿਹਾ, ‘‘ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਅਗਲੇ 10 ਸਾਲਾਂ ’ਚ ਅਸੀਂ ਮਿਲ ਕੇ 10 ਗੁਣਾ ਵਿਕਾਸ ਦਰ ਹਾਸਲ ਕਰ ਸਕਦੇ ਹਾਂ।’’ ਉਨ੍ਹਾਂ ਕਿਹਾ ਕਿ ਜੇਕਰ ਦੋਵੇਂ ਦੇਸ਼ ਪੂਰਕ ਅਰਥਵਿਵਸਥਾਵਾਂ ਦੀ ਭਾਵਨਾ ਨਾਲ ਕੰਮ ਕਰਦੇ ਹਨ ਤਾਂ ਇਕ-ਦੂਜੇ ਨਾਲ ਮੁਕਾਬਲੇ ਦਾ ਕੋਈ ਮਤਲਬ ਨਹੀਂ ਰਹੇਗਾ।