ਨਰਮੇ ਦੀ ਖ਼ਰੀਦ ਲਈ ਸੀ.ਸੀ.ਆਈ. ਨੂੰ 1718.56 ਕਰੋੜ ਰੁਪਏ ਦੀ ਐਮ.ਐਸ.ਪੀ. ਫ਼ੰਡਿੰਗ ਮਨਜ਼ੂਰ
ਵਿੱਤੀ ਮਾਮਲਿਆਂ ਬਾਰੇ ਕੈਬਿਨੇਟ ਕਮੇਟੀ ਦੀ ਮੀਟਿੰਗ ਵਿਚ ਇਹ ਫ਼ੈਸਲਾ ਲਿਆ ਗਿਆ
ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਨਰਮੇ ਦੇ ਕਿਸਾਨਾਂ ਲਈ ਵੱਡਾ ਫ਼ੈਸਲਾ ਲੈਂਦਿਆਂ 2023-24 ਸੀਜ਼ਨ ਵਿਚ ਘੱਟੋ-ਘੱਟ ਸਮਰਥਨ ਮੁੱਲ (ਐਮ.ਐੱਸ.ਪੀ.) ਤਹਿਤ ਕੀਤੀ ਖਰੀਦ ਲਈ ਕਾਟਨ ਕਾਰਪੋਰੇਸ਼ਨ ਆਫ਼ ਇੰਡੀਆ (ਸੀ.ਸੀ.ਆਈ.) ਨੂੰ 1,718.56 ਕਰੋੜ ਰੁਪਏ ਦੀ ਰਕਮ ਮਨਜ਼ੂਰ ਕੀਤੀ ਹੈ। ਵਿੱਤੀ ਮਾਮਲਿਆਂ ਬਾਰੇ ਕੈਬਿਨੇਟ ਕਮੇਟੀ ਦੀ ਮੀਟਿੰਗ ਵਿਚ ਇਹ ਫ਼ੈਸਲਾ ਲਿਆ ਗਿਆ।
ਅਧਿਕਾਰੀਆਂ ਨੇ ਦਸਿਆ ਕਿ ‘‘ਬਾਜ਼ਾਰ ਵਿਚ ਨਰਮੇ ਦੀ ਕੀਮਤ ਐਮ.ਐੱਸ.ਪੀ. ਤੋਂ ਘੱਟ ਹੋਣ ਕਾਰਨ 32.84 ਲੱਖ ਗੱਠਾਂ ਖਰੀਦੀਆਂ ਗਈਆਂ, ਜਿਸ ਨਾਲ ਲਗਭਗ 7.25 ਲੱਖ ਕਿਸਾਨਾਂ ਨੂੰ ਲਾਭ ਮਿਲਿਆ ਅਤੇ 11,712 ਕਰੋੜ ਰੁਪਏ ਸਿੱਧੇ ਉਨ੍ਹਾਂ ਦੇ ਖਾਤਿਆਂ ਵਿਚ ਭੇਜੇ ਗਏ।’’ ਸਰਕਾਰੀ ਬਿਆਨ ਵਿਚ ਕਿਹਾ ਗਿਆ, ‘‘ਇਹ ਕਦਮ ਕਿਸਾਨਾਂ ਦੀ ਭਲਾਈ ਅਤੇ ਆਤਮਨਿਰਭਰ ਭਾਰਤ ਦੇ ਵਿਜ਼ਨ ਨੂੰ ਮਜ਼ਬੂਤ ਕਰਨ ਵਲ ਮਹੱਤਵਪੂਰਨ ਹੈ।’’
ਨਰਮਾ ਭਾਰਤ ਦੀ ਸੱਭ ਤੋਂ ਮਹੱਤਵਪੂਰਨ ਨਕਦੀ ਫਸਲਾਂ ’ਚੋਂ ਇਕ ਹੈ, ਜੋ ਲਗਭਗ 60 ਲੱਖ ਕਿਸਾਨਾਂ ਦੀ ਜ਼ਿੰਦਗੀ ਨਾਲ ਜੁੜੀ ਹੋਈ ਹੈ ਅਤੇ 400-500 ਲੱਖ ਲੋਕਾਂ ਨੂੰ ਸੰਬੰਧਤ ਉਦਯੋਗਾਂ ਵਿਚ ਰੋਜ਼ਗਾਰ ਪ੍ਰਦਾਨ ਕਰਦੀ ਹੈ।