ਸੋਨੇ 'ਚ ਵੱਡਾ ਉਛਾਲ, ਚਾਂਦੀ ਵੀ ਹੋਈ ਮਹਿੰਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

8 ਗ੍ਰਾਮ ਵਾਲੀ ਗਿੰਨੀ ਵੀ 100 ਰੁਪਏ ਦੀ ਤੇਜ਼ੀ ਨਾਲ 24,900 ਰੁਪਏ 'ਤੇ ਵਿਕੀ।

Gold

 ਅਕਸ਼ੈ ਤ੍ਰਿਤੀਆ ਤੋਂ ਇਕ ਦਿਨ ਪਹਿਲਾਂ ਸੋਨਾ 300 ਰੁਪਏ ਦੀ ਵੱਡੀ ਛਲਾਂਗ ਲਾ ਕੇ 32,350 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ ਹੈ। ਸੋਨਾ ਭਟੂਰ ਵੀ 300 ਰੁਪਏ ਦਾ ਵਾਧਾ ਦਰਜ ਕਰਦੇ ਹੋਏ 32,200 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। 8 ਗ੍ਰਾਮ ਵਾਲੀ ਗਿੰਨੀ ਵੀ 100 ਰੁਪਏ ਦੀ ਤੇਜ਼ੀ ਨਾਲ 24,900 ਰੁਪਏ 'ਤੇ ਵਿਕੀ। ਇਸ ਦੇ ਉਲਟ ਵਿਦੇਸ਼ੀ ਬਾਜ਼ਾਰਾਂ 'ਚ ਗਿਰਾਵਟ ਦਰਜ ਕੀਤੀ ਗਈ, ਜਦੋਂ ਕਿ ਘਰੇਲੂ ਬਾਜ਼ਾਰ 'ਚ ਜਿਊਲਰਾਂ ਦੀ ਮੰਗ ਵਧਣ ਨਾਲ ਸੋਨੇ ਦੀ ਕੀਮਤ 'ਚ ਤੇਜ਼ੀ ਆਈ ਹੈ। ਅਕਸ਼ੈ ਤ੍ਰਿਤੀਆ ਇਸ ਵਾਰ 18 ਅਪ੍ਰੈਲ ਨੂੰ ਹੈ ਅਤੇ ਸਰਾਫਾ ਕਾਰੋਬਾਰੀਆਂ ਨੂੰ ਉਮੀਦ ਹੈ ਕਿ ਇਸ ਦਿਨ ਖਰੀਦਦਾਰੀ ਚੰਗੀ ਹੋਵੇਗੀ। ਪਿਛਲੇ ਸਾਲ ਅਕਸ਼ੈ ਤ੍ਰਿਤੀਆ ਦੇ ਦਿਨ ਸੋਨੇ ਦਾ ਮੁੱਲ ਪ੍ਰਤੀ 10 ਗ੍ਰਾਮ 28,661 ਰੁਪਏ ਦੇ ਲਗਭਗ ਸੀ, ਜੋ ਇਸ ਸਾਲ 32,300 ਦੇ ਵੀ ਪਾਰ ਹੋ ਚੁੱਕਾ ਹੈ। ਹਾਲਾਂਕਿ ਸੋਨਾ ਮਹਿੰਗਾ ਹੋਣ ਕਾਰਨ ਵਿਕਰੀ ਘੱਟ ਹੋ ਸਕਦੀ ਹੈ ਪਰ ਕਾਰੋਬਾਰੀ ਇਹ ਮੰਨ ਕੇ ਚੱਲ ਰਹੇ ਹਨ ਕਿ ਇਸ ਵਾਰ ਸੋਨੇ ਦੀ ਵਿਕਰੀ 20 ਫ਼ੀ ਸਦੀ ਤਕ ਜ਼ਿਆਦਾ ਹੋ ਸਕਦੀ ਹੈ।

ਉੱਥੇ ਹੀ ਉਦਯੋਗਿਕ ਅਤੇ ਸਿੱਕਾ ਨਿਰਮਾਤਾਵਾਂ ਦੀ ਮੰਗ 'ਚ ਤੇਜ਼ੀ ਆਉਣ ਨਾਲ ਅੱਜ ਚਾਂਦੀ ਵੀ 400 ਰੁਪਏ ਚਮਕ ਕੇ ਢਾਈ ਮਹੀਨਿਆਂ ਦੇ ਉੱਚੇ ਪੱਧਰ 40,300 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਮੰਨਿਆ ਜਾ ਰਿਹਾ ਹੈ ਕਿ ਅਕਸ਼ੈ ਤ੍ਰਿਤੀਆ ਦੇ ਦਿਨ ਮੰਗ ਵਧਣ ਨਾਲ ਸੋਨੇ-ਚਾਂਦੀ ਦੀ ਕੀਮਤ ਹੋਰ ਉਪਰ ਜਾ ਸਕਦੀ ਹੈ।
ਕੌਮਾਂਤਰੀ ਬਾਜ਼ਾਰ ਦੀ ਗੱਲ ਕਰੀਏ ਤਾਂ ਲੰਡਨ ਦਾ ਸੋਨਾ ਹਾਜ਼ਰ 4.05 ਡਾਲਰ ਦੀ ਗਿਰਾਵਟ ਨਾਲ 1,342.25 ਡਾਲਰ ਪ੍ਰਤੀ ਔਂਸ 'ਤੇ ਵਿਕਿਆ। ਜੂਨ ਦਾ ਅਮਰੀਕੀ ਸੋਨਾ ਵਾਇਦਾ ਵੀ 5.2 ਡਾਲਰ ਦੀ ਗਿਰਾਵਟ ਨਾਲ 1,345.50 ਡਾਲਰ ਪ੍ਰਤੀ ਔਂਸ 'ਤੇ ਰਿਹਾ। ਦੁਨੀਆ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ 'ਚ ਡਾਲਰ ਦੇ ਮਜ਼ਬੂਤ ਹੋਣ ਨਾਲ ਵਿਦੇਸ਼ੀ ਬਾਜ਼ਾਰਾਂ 'ਚ ਦੋਹਾਂ ਕੀਮਤੀ ਧਾਤਾਂ 'ਤੇ ਦਬਾਅ ਰਿਹਾ। ਸੋਨੇ ਦੀ ਤਰ੍ਹਾਂ ਚਾਂਦੀ ਹਾਜ਼ਰ ਵੀ ਕੌਮਾਂਤਰੀ ਬਾਜ਼ਾਰ 'ਚ 0.05 ਡਾਲਰ ਡਿੱਗ ਕੇ 16.59 ਡਾਲਰ ਪ੍ਰਤੀ ਔਂਸ 
'ਤੇ ਆ ਗਈ।             (ਏਜੰਸੀ)