ਪਟਰੌਲੀਅਮ ਉਤਪਾਦਾਂ ਅਤੇ ਹੀਰੇ ਨੂੰ ਪਛਾੜ ਕੇ ਇਹ ਬਣਿਆ ਭਾਰਤ ਦਾ ਸਭ ਤੋਂ ਵੱਡਾ ਨਿਰਯਾਤ

ਏਜੰਸੀ

ਖ਼ਬਰਾਂ, ਵਪਾਰ

ਸਮਾਰਟਫੋਨ ਬਣਿਆ ਭਾਰਤ ਦਾ ਸਭ ਤੋਂ ਵੱਡਾ ਨਿਰਯਾਤ

India's smartphone exports soar

ਨਵੀਂ ਦਿੱਲੀ : ਭਾਰਤ ਦਾ ਸਮਾਰਟਫੋਨ ਨਿਰਯਾਤ ਪਟਰੌਲੀਅਮ ਉਤਪਾਦਾਂ ਅਤੇ ਹੀਰੇ ਨੂੰ ਪਿੱਛੇ ਛੱਡ ਕੇ ਦੇਸ਼ ਦਾ ਸੱਭ ਤੋਂ ਵੱਧ ਨਿਰਯਾਤ ਕੀਤਾ ਜਾਣ ਵਾਲਾ ਸਾਮਾਨ ਬਣ ਗਿਆ ਹੈ। ਪਿਛਲੇ ਤਿੰਨ ਸਾਲਾਂ ’ਚ ਅਮਰੀਕਾ ਨੂੰ ਭਾਰਤ ਦਾ ਸਮਾਰਟਫੋਨ ਨਿਰਯਾਤ ਲਗਭਗ ਪੰਜ ਗੁਣਾ ਅਤੇ ਜਾਪਾਨ ਨੂੰ ਲਗਭਗ ਚਾਰ ਗੁਣਾ ਵਧਿਆ ਹੈ।

ਸਮਾਰਟਫੋਨ ਦਾ ਨਿਰਯਾਤ 2023-24 ਦੇ 15.57 ਅਰਬ ਡਾਲਰ ਤੋਂ 55 ਫੀ ਸਦੀ ਵਧ ਕੇ 2024-25 ’ਚ 24.14 ਅਰਬ ਡਾਲਰ ਹੋ ਗਿਆ। ਪਿਛਲੇ ਵਿੱਤੀ ਸਾਲ ’ਚ ਅਮਰੀਕਾ, ਨੀਦਰਲੈਂਡਜ਼, ਇਟਲੀ, ਜਾਪਾਨ ਅਤੇ ਚੈੱਕ ਗਣਰਾਜ ’ਚ ਸਮਾਰਟਫੋਨ ਨਿਰਯਾਤ ’ਚ ਸੱਭ ਤੋਂ ਜ਼ਿਆਦਾ ਵਾਧਾ ਦਰਜ ਕੀਤਾ ਗਿਆ ਸੀ। 

ਇਕੱਲੇ ਅਮਰੀਕਾ ਨੂੰ ਨਿਰਯਾਤ 2022-23 ਵਿਚ 2.16 ਅਰਬ ਡਾਲਰ ਤੋਂ ਵਧ ਕੇ 2023-24 ਵਿਚ 5.57 ਅਰਬ ਡਾਲਰ ਅਤੇ 2024-25 ਵਿਚ 10.6 ਅਰਬ ਡਾਲਰ ਹੋ ਗਿਆ। ਜਾਪਾਨ ’ਚ ਵੀ ਇਕ ਮਹੱਤਵਪੂਰਨ ਨਿਰਯਾਤ ਵਾਧਾ ਦਰਜ ਕੀਤਾ ਗਿਆ ਹੈ ਜਿੱਥੇ ਨਿਰਯਾਤ 2022-23 ’ਚ 12 ਕਰੋੜ ਡਾਲਰ ਤੋਂ ਵਧ ਕੇ ਵਿੱਤੀ ਸਾਲ 2025 ’ਚ 52 ਕਰੋੜ ਡਾਲਰ ਹੋ ਗਿਆ ਹੈ। 

ਵਣਜ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਸ ਤੇਜ਼ੀ ਨਾਲ ਚੜ੍ਹਾਈ ਨੇ ਸਮਾਰਟਫੋਨ ਨੂੰ ਪਹਿਲੀ ਵਾਰ ਪਟਰੌਲੀਅਮ ਉਤਪਾਦਾਂ ਅਤੇ ਹੀਰੇ ਵਰਗੇ ਰਵਾਇਤੀ ਮੋਹਰੀ ਨਿਰਯਾਤਾਂ ਨੂੰ ਪਛਾੜ ਕੇ ਭਾਰਤ ਦੇ ਸੱਭ ਤੋਂ ਵੱਧ ਨਿਰਯਾਤ ਕੀਤੇ ਜਾਣ ਵਾਲੇ ਉਤਪਾਦਾਂ ਵਿਚੋਂ ਇਕ ਬਣ ਗਿਆ ਹੈ। 

ਅਧਿਕਾਰੀ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ’ਚ ਇਸ ਖੇਤਰ ਤੋਂ ਨਿਰਯਾਤ ’ਚ ਸਿਹਤਮੰਦ ਵਾਧਾ ਹੋਇਆ ਹੈ, ਜਿਸ ਨਾਲ ਦੇਸ਼ ਇਕ ਪ੍ਰਮੁੱਖ ਆਲਮੀ ਨਿਰਮਾਣ ਅਤੇ ਨਿਰਯਾਤ ਕੇਂਦਰ ’ਚ ਬਦਲ ਗਿਆ ਹੈ। 

ਨੀਦਰਲੈਂਡ ਨੂੰ ਨਿਰਯਾਤ ਪਿਛਲੇ ਵਿੱਤੀ ਸਾਲ ’ਚ ਵਧ ਕੇ 2.2 ਅਰਬ ਡਾਲਰ ਹੋ ਗਿਆ, ਜੋ 2022-23 ’ਚ 1.07 ਅਰਬ ਡਾਲਰ ਸੀ। ਇਸੇ ਤਰ੍ਹਾਂ ਇਟਲੀ ਨੂੰ ਨਿਰਯਾਤ 72 ਕਰੋੜ ਡਾਲਰ ਤੋਂ ਵਧ ਕੇ 1.26 ਅਰਬ ਡਾਲਰ ਹੋ ਗਿਆ। ਅੰਕੜਿਆਂ ਮੁਤਾਬਕ ਚੈੱਕ ਗਣਰਾਜ ਨੂੰ ਨਿਰਯਾਤ 65 ਕਰੋੜ ਡਾਲਰ ਤੋਂ ਵਧ ਕੇ 1.17 ਅਰਬ ਡਾਲਰ ਹੋ ਗਿਆ।