ਭਾਰਤ-ਬਰਤਾਨੀਆਂ ਵਿਚਕਾਰ ਇਸੇ ਮਹੀਨੇ ਮੁਕਤ ਵਪਾਰ ਸਮਝੌਤੇ ਦੀਆਂ ਉਮੀਦਾਂ ਟੁੱਟੀਆਂ : ਰੀਪੋਰਟ

ਏਜੰਸੀ

ਖ਼ਬਰਾਂ, ਵਪਾਰ

ਪ੍ਰਧਾਨ ਮੰਤਰੀ ਕਿਸੇ ਮਨਮਰਜ਼ੀ ਵਾਲੀ ਸਮਾਂ ਹੱਦ ’ਚ ਵਪਾਰ ਸਮਝੌਤੇ ’ਤੇ ਦਸਤਖਤ ਨਹੀਂ ਕਰਨਗੇ : ਬਰਤਾਨਵੀ ਅਧਿਕਾਰੀ

PM Sunak and PM Modi.

ਲੰਡਨ: ਭਾਰਤ ਅਤੇ ਇੰਗਲੈਂਡ ਵਿਚਾਲੇ 29 ਅਕਤੂਬਰ ਨੂੰ ਲਖਨਊ ’ਚ ਹੋਣ ਵਾਲੇ ਵਿਸ਼ਵ ਕੱਪ ਕ੍ਰਿਕਟ ਮੈਚ ਤਕ ਦੋਹਾਂ ਦੇਸ਼ਾਂ ਵਿਚਾਲੇ ਮੁਕਤ ਵਪਾਰ ਸਮਝੌਤਾ (ਐੱਫ.ਟੀ.ਏ.) ’ਤੇ ਦਸਤਖਤ ਹੋਣ ਦੀਆਂ ਉਮੀਦਾਂ ’ਤੇ ਪਾਣੀ ਫਿਰ ਗਿਆ ਹੈ। ਇਹ ਗੱਲ ਇਕ ਬਰਤਾਨੀਆਂ ਦੀ ਇਕ ਅਖਬਾਰ ਦੀ ਰੀਪੋਰਟ ’ਚ ਕਹੀ ਗਈ ਹੈ। ਬਰਤਾਨੀਆਂ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਇਸ ਮੈਚ ਨੂੰ ਵੇਖਣ ਆ ਸਕਦੇ ਹਨ।

ਫਾਈਨੈਂਸ਼ੀਅਲ ਟਾਈਮਜ਼ ਅਖਬਾਰ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਕਾਨੂੰਨ ਅਤੇ ਲੇਖਾਕਾਰੀ ਖੇਤਰ ਵਿਚ ਬ੍ਰਿਟਿਸ਼ ਪੇਸ਼ੇਵਰ ਸੇਵਾਵਾਂ ਲਈ ਭਾਰਤੀ ਬਾਜ਼ਾਰ ਨੂੰ ਖੋਲ੍ਹਣ ਵਿਚ ਲੋੜੀਂਦੀ ਪ੍ਰਗਤੀ ਨਹੀਂ ਹੋਈ ਹੈ। ਇਸ ਕਾਰਨ ਭਾਰਤ-ਯੂ.ਕੇ. ਐੱਫ.ਟੀ.ਏ. ’ਤੇ ਗੱਲਬਾਤ ਦੇ 13ਵੇਂ ਦੌਰ ਨੂੰ ਸਮਝੌਤੇ ਨਾਲ ਖਤਮ ਕਰਨ ਦੀਆਂ ਸੰਭਾਵਨਾਵਾਂ ਬਹੁਤ ਘੱਟ ਹਨ। ਇਸ ਤੋਂ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਪਿਛਲੇ ਮਹੀਨੇ ਜੀ-20 ਸੰਮੇਲਨ ਲਈ ਬਰਤਾਨਵੀ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਦੀ ਪਹਿਲੀ ਭਾਰਤ ਫੇਰੀ ਤੋਂ ਬਾਅਦ, ਕ੍ਰਿਕਟ ਪ੍ਰਸ਼ੰਸਕ ਸੂਨਕ ਭਾਰਤ-ਇੰਗਲੈਂਡ ਮੈਚ ਵੇਖਣ ਲਈ ਮੁੜ ਭਾਰਤ ਆਉਣਗੇ। ਹਾਲਾਂਕਿ ਹੁਣ ਉਨ੍ਹਾਂ ਦੇ ਭਾਰਤ ਆਉਣ ਦੀ ਸੰਭਾਵਨਾ ਬਹੁਤ ਘੱਟ ਹੈ। ਅਖਬਾਰ ਨੇ ਮਾਮਲੇ ਦੇ ਕਰੀਬੀ ਇਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ, ‘‘ਗੱਲਬਾਤ ਉਸ ਪੱਧਰ ’ਤੇ ਨਹੀਂ ਪਹੁੰਚੀ, ਜਿਸ ਨੂੰ ਅਸੀਂ ਚਾਹੁੰਦੇ ਸੀ।’’

ਇਕ ਹੋਰ ਅਧਿਕਾਰੀ ਨੇ ਕਿਹਾ, ‘‘ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਉਹ ਕਿਸੇ ਮਨਮਰਜ਼ੀ ਵਾਲੀ ਸਮਾਂ ਹੱਦ ’ਤੇ ਵਪਾਰ ਸਮਝੌਤੇ ’ਤੇ ਦਸਤਖਤ ਨਹੀਂ ਕਰਨਗੇ। ਉਹ ਦੇਸ਼ ਲਈ ਸਹੀ ਕੰਮ ਕਰਨ ਜਾ ਰਿਹਾ ਹੈ।’’ ਸਤੰਬਰ ’ਚ ਅਪਣੀ ਭਾਰਤ ਫੇਰੀ ਦੌਰਾਨ, ਸੂਨਕ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ‘ਜਲਦਬਾਜ਼ੀ ’ਚ ਕੁਝ ਨਹੀਂ ਕਰਨਗੇ।’

ਦੌਰੇ ਤੋਂ ਬਾਅਦ, ਉਨ੍ਹਾਂ ਬ੍ਰਿਟਿਸ਼ ਸੰਸਦ ‘ਹਾਊਸ ਆਫ ਕਾਮਨਜ਼’ ’ਚ ਕਿਹਾ ਸੀ, ‘‘ਪ੍ਰਧਾਨ ਮੰਤਰੀ (ਨਰਿੰਦਰ) ਮੋਦੀ ਨਾਲ ਦੋਹਾਂ ਦੇਸ਼ਾਂ ਵਿਚਕਾਰ ਰਖਿਆ, ਤਕਨਾਲੋਜੀ ਅਤੇ ਐਫ.ਟੀ.ਏ. ਦੇ ਖੇਤਰ ’ਚ ਸਬੰਧਾਂ ਨੂੰ ਮਜ਼ਬੂਤ ​​ਕਰਨ ਦੇ ਮੁੱਦਿਆਂ ’ਤੇ ਚੰਗੀ ਅਤੇ ਸਾਰਥਕ ਚਰਚਾ ਹੋਈ।’’ ਉਨ੍ਹਾਂ ਦੀ ਪਹਿਲੀ ਫੇਰੀ ਤੋਂ ਤੁਰਤ ਬਾਅਦ ਉਨ੍ਹਾਂ ਦੀ ਦੇਸ਼ ਦੀ ਦੂਜੀ ਫੇਰੀ ਬਾਰੇ ਕਈ ਹਫ਼ਤਿਆਂ ਤੋਂ ਕਿਆਸੇ ਲਾਏ ਜਾ ਰਹੇ ਸਨ। ਹਾਲਾਂਕਿ ਅਗਲੇ ਸਾਲ ਦੋਹਾਂ ਦੇਸ਼ਾਂ ’ਚ ਆਮ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਕਾਰਨ ਐੱਫ.ਟੀ.ਏ. ’ਤੇ ਦਸਤਖਤ ਹੋਣ ਦੀਆਂ ਸੰਭਾਵਨਾਵਾਂ ਘੱਟ ਹੁੰਦੀਆਂ ਜਾ ਰਹੀਆਂ ਹਨ।