ਤਿਉਹਾਰਾਂ ਤੋਂ ਪਹਿਲਾ ਸੋਨਾ-ਚਾਂਦੀ ਹੋਈ ਮਹਿੰਗੀ, ਸੋਨਾ 79 ਹਜ਼ਾਰ ਨੂੰ ਹੋਇਆ ਪਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਸੋਨਾ 550 ਰੁਪਏ ਚੜ੍ਹ ਕੇ ਰੀਕਾਰਡ ਪੱਧਰ ’ਤੇ

Before the festivities, gold and silver became expensive, gold crossed 79 thousand

ਨਵੀਂ ਦਿੱਲੀ: ਤਿਉਹਾਰਾਂ ਦੌਰਾਨ ਮਜ਼ਬੂਤ ਮੰਗ ਕਾਰਨ ਦਿੱਲੀ ਸਰਾਫਾ ਬਾਜ਼ਾਰ ’ਚ ਸ਼ੁਕਰਵਾਰ ਨੂੰ ਸੋਨਾ 550 ਰੁਪਏ ਦੀ ਤੇਜ਼ੀ ਨਾਲ 79,900 ਰੁਪਏ ਪ੍ਰਤੀ 10 ਗ੍ਰਾਮ ਦੇ ਰੀਕਾਰਡ ਪੱਧਰ ’ਤੇ ਪਹੁੰਚ ਗਿਆ। ਆਲ ਇੰਡੀਆ ਸਰਾਫਾ ਐਸੋਸੀਏਸ਼ਨ ਨੇ ਇਹ ਜਾਣਕਾਰੀ ਦਿਤੀ ਹੈ।

ਪਿਛਲੇ ਕਾਰੋਬਾਰੀ ਸੈਸ਼ਨ ’ਚ 99.9 ਫੀ ਸਦੀ ਸ਼ੁੱਧਤਾ ਵਾਲਾ ਸੋਨਾ 79,350 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਇਆ ਸੀ। 99.5 ਫੀ ਸਦੀ ਸ਼ੁੱਧਤਾ ਵਾਲਾ ਸੋਨਾ ਲਗਾਤਾਰ ਤੀਜੇ ਦਿਨ ਤੇਜ਼ੀ ਨਾਲ 550 ਰੁਪਏ ਦੀ ਤੇਜ਼ੀ ਨਾਲ 79,500 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਉੱਚ ਪੱਧਰ ’ਤੇ ਪਹੁੰਚ ਗਿਆ। ਪਿਛਲੇ ਕਾਰੋਬਾਰੀ ਸੈਸ਼ਨ ’ਚ ਸੋਨਾ 78,950 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਇਆ ਸੀ।

ਇਸ ਦੌਰਾਨ ਚਾਂਦੀ 1,000 ਰੁਪਏ ਦੀ ਤੇਜ਼ੀ ਨਾਲ 94,500 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਪਹੁੰਚ ਗਈ। ਵੀਰਵਾਰ ਨੂੰ ਚਾਂਦੀ 93,500 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਸਥਿਰ ਰਹੀ ਸੀ। ਮਲਟੀ ਕਮੋਡਿਟੀ ਐਕਸਚੇਂਜ (ਐਮ.ਸੀ.ਐਕਸ.) ’ਤੇ ਦਸੰਬਰ ਡਿਲਿਵਰੀ ਵਾਲਾ ਸੋਨਾ 77,620 ਰੁਪਏ ਪ੍ਰਤੀ 10 ਗ੍ਰਾਮ ’ਤੇ ਕਾਰੋਬਾਰ ਕਰ ਰਿਹਾ ਸੀ। ਕਾਰੋਬਾਰ ਦੌਰਾਨ ਸੋਨਾ ਵਾਇਦਾ 77,667 ਰੁਪਏ ਪ੍ਰਤੀ 10 ਗ੍ਰਾਮ ਦੇ ਹੁਣ ਤਕ ਦੇ ਸੱਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਿਆ ਸੀ।

ਬਾਜ਼ਾਰ ਮਾਹਰਾਂ ਨੇ ਕਿਹਾ ਕਿ ਤਿਉਹਾਰਾਂ ਦੇ ਮੌਸਮ ਦੌਰਾਨ ਗਾਹਕਾਂ ਦੀ ਖਰੀਦਦਾਰੀ ਵਧਣ ਨਾਲ ਘਰੇਲੂ ਬਾਜ਼ਾਰ ਵਿਚ ਕੀਮਤੀ ਧਾਤਾਂ ਦੀ ਮੰਗ ਰੀਕਾਰਡ ਪੱਧਰ ਨੂੰ ਛੂਹ ਗਈ ਹੈ। ਮੱਧ ਪੂਰਬ ਵਿਚ ਚੱਲ ਰਹੇ ਤਣਾਅ ਅਤੇ ਆਉਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਕਾਰਨ ਅਨਿਸ਼ਚਿਤਤਾ ਦੇ ਵਿਚਕਾਰ ਨਿਵੇਸ਼ਕ ਸੋਨੇ ਨੂੰ ਸੁਰੱਖਿਅਤ ਨਿਵੇਸ਼ ਵਿਕਲਪ ਵਜੋਂ ਵੇਖ ਰਹੇ ਹਨ।

ਮਲਟੀ ਕਮੋਡਿਟੀ ਐਕਸਚੇਂਜ (ਐਮ.ਸੀ.ਐਕਸ.) ’ਤੇ ਦਸੰਬਰ ਡਿਲਿਵਰੀ ਵਾਲੀ ਚਾਂਦੀ 1,231 ਰੁਪਏ ਯਾਨੀ 1.34 ਫੀ ਸਦੀ ਦੀ ਤੇਜ਼ੀ ਨਾਲ 92,975 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਪਹੁੰਚ ਗਈ।

ਮੋਤੀਲਾਲ ਓਸਵਾਲ ਫਾਈਨੈਂਸ਼ੀਅਲ ਸਰਵਿਸਿਜ਼ ਲਿਮਟਿਡ ਦੇ ਕਮੋਡਿਟੀ ਰੀਸਰਚ ਦੇ ਸੀਨੀਅਰ ਵਿਸ਼ਲੇਸ਼ਕ ਮਾਨਵ ਮੋਦੀ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਕੁੱਝ ਹਫਤੇ ਪਹਿਲਾਂ ਸੁਰੱਖਿਅਤ ਪਨਾਹਗਾਹਾਂ ਦੀ ਮੰਗ ਕਾਰਨ ਕੋਮਿਨ ਬਾਜ਼ਾਰ ਅਤੇ ਘਰੇਲੂ ਮੋਰਚੇ ’ਤੇ ਸੋਨੇ ਦੀਆਂ ਕੀਮਤਾਂ ਰੀਕਾਰਡ ਪੱਧਰ ’ਤੇ ਪਹੁੰਚ ਗਈਆਂ ਹਨ। ਨਾਲ ਹੀ ਯੂਰਪੀਅਨ ਸੈਂਟਰਲ ਬੈਂਕ ਵਲੋਂ ਵਿਆਜ ਦਰਾਂ ’ਚ ਕਟੌਤੀ ਨਾਲ ਵੀ ਇਸ ’ਚ ਮਦਦ ਮਿਲੀ।

ਗਲੋਬਲ ਬਾਜ਼ਾਰ ’ਚ ਸੋਨੇ ਦਾ ਵਾਅਦਾ 0.76 ਫੀ ਸਦੀ ਦੀ ਤੇਜ਼ੀ ਨਾਲ 2,728.10 ਡਾਲਰ ਪ੍ਰਤੀ ਔਂਸ ’ਤੇ ਪਹੁੰਚ ਗਿਆ। ਏਸ਼ੀਆਈ ਬਾਜ਼ਾਰ ’ਚ ਚਾਂਦੀ ਦਾ ਵਾਅਦਾ 1.70 ਫੀ ਸਦੀ ਦੀ ਤੇਜ਼ੀ ਨਾਲ 32.32 ਡਾਲਰ ਪ੍ਰਤੀ ਔਂਸ ’ਤੇ ਪਹੁੰਚ ਗਿਆ।