ਮੋਦੀ ਨੇ ਬੋਇੰਗ ਦੇ ਗਲੋਬਲ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਸੈਂਟਰ ਕੈਂਪਸ ਦਾ ਉਦਘਾਟਨ ਕੀਤਾ

ਏਜੰਸੀ

ਖ਼ਬਰਾਂ, ਵਪਾਰ

ਅਮਰੀਕਾ ਤੋਂ ਬਾਹਰ ਬੋਇੰਗ ਦਾ ਅਪਣੀ ਕਿਸਮ ਦਾ ਸੱਭ ਤੋਂ ਵੱਡਾ ਨਿਵੇਸ਼

PM Modi

ਬੈਂਗਲੁਰੂ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ ਬੈਂਗਲੁਰੂ ਨੇੜੇ ਅਮਰੀਕੀ ਜਹਾਜ਼ ਨਿਰਮਾਤਾ ਬੋਇੰਗ ਦੇ ਨਵੇਂ ਗਲੋਬਲ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਸੈਂਟਰ ਕੈਂਪਸ ਦਾ ਉਦਘਾਟਨ ਕੀਤਾ। ਇਹ ਅਤਿ ਆਧੁਨਿਕ ਬੋਇੰਗ ਇੰਡੀਆ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਸੈਂਟਰ ਕੈਂਪਸ ਲਗਭਗ 1,600 ਕਰੋੜ ਰੁਪਏ ਦੀ ਲਾਗਤ ਨਾਲ 43 ਏਕੜ ਜ਼ਮੀਨ ’ਤੇ ਬਣਾਇਆ ਗਿਆ ਹੈ। ਇਹ ਅਮਰੀਕਾ ਤੋਂ ਬਾਹਰ ਬੋਇੰਗ ਦਾ ਅਪਣੀ ਕਿਸਮ ਦਾ ਸੱਭ ਤੋਂ ਵੱਡਾ ਨਿਵੇਸ਼ ਹੈ।

ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਵਾਬਾਜ਼ੀ ਅਤੇ ਏਅਰੋਨਾਟਿਕਸ ’ਚ ਭਾਰਤ ਦੀ ਤਰੱਕੀ ਅਤੇ ਇਸ ਖੇਤਰ ’ਚ ਔਰਤਾਂ ਦੀ ਵਧਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦੇਸ਼ ਗਲੋਬਲ ਹਵਾਬਾਜ਼ੀ ਬਾਜ਼ਾਰ ਨੂੰ ਮੁੜ ਸੁਰਜੀਤ ਕਰਨ ਲਈ ਤਿਆਰ ਹੈ। 
ਜਹਾਜ਼ ਨਿਰਮਾਤਾ ਬੋਇੰਗ ਦੇ ਨਿਊ ਬੋਇੰਗ ਇੰਡੀਆ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਸੈਂਟਰ ਦੇ ਕੈਂਪਸ ਦਾ ਉਦਘਾਟਨ ਕਰਨ ਤੋਂ ਬਾਅਦ ਅਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਔਰਤਾਂ ਹਵਾਬਾਜ਼ੀ ਅਤੇ ਐਰੋਨੋਟਿਕਸ ਵਿਚ ਮੋਹਰੀ ਹਨ, ਚਾਹੇ ਉਹ ਲੜਾਕੂ ਜਹਾਜ਼ ਹੋਵੇ ਜਾਂ ਨਾਗਰਿਕ ਜਹਾਜ਼। 

ਭਾਰਤ ਗਲੋਬਲ ਹਵਾਬਾਜ਼ੀ ਬਾਜ਼ਾਰ ਨੂੰ ਮੁੜ ਸੁਰਜੀਤ ਕਰਨ ਲਈ ਤਿਆਰ: ਪ੍ਰਧਾਨ ਮੰਤਰੀ ਮੋਦੀ

ਉਨ੍ਹਾਂ ਕਿਹਾ ਕਿ ਭਾਰਤ ਦੁਨੀਆਂ ਦਾ ਤੀਜਾ ਵੱਡਾ ਘਰੇਲੂ ਹਵਾਬਾਜ਼ੀ ਬਾਜ਼ਾਰ ਬਣ ਗਿਆ ਹੈ ਅਤੇ ਮੁਸਾਫ਼ਰਾਂ ਦੀ ਆਵਾਜਾਈ ਇਕ ਦਹਾਕੇ ’ਚ ਦੁੱਗਣੀ ਹੋਣ ਦੀ ਉਮੀਦ ਹੈ। ਉਡਾਨ ਯੋਜਨਾ ਨੇ ਘਰੇਲੂ ਹਵਾਬਾਜ਼ੀ ਬਾਜ਼ਾਰ ਨੂੰ ਵਧਾਉਣ ’ਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ। ਵਧਦੀ ਮੰਗ ਕਾਰਨ ਭਾਰਤ ਦੀਆਂ ਕਈ ਏਅਰਲਾਈਨਾਂ ਨੇ ਸੈਂਕੜੇ ਜਹਾਜ਼ਾਂ ਦਾ ਇਕਰਾਰਨਾਮਾ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਗਲੋਬਲ ਹਵਾਬਾਜ਼ੀ ਬਾਜ਼ਾਰ ਨੂੰ ਮੁੜ ਸੁਰਜੀਤ ਕਰਨ ਲਈ ਤਿਆਰ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ, ‘‘ਅਸੀਂ ਭਾਰਤ ਨੂੰ ਚੰਗੀ ਤਰ੍ਹਾਂ ਜੁੜਿਆ ਬਾਜ਼ਾਰ ਬਣਾਉਣ ਲਈ ਕਨੈਕਟੀਵਿਟੀ ਬੁਨਿਆਦੀ ਢਾਂਚੇ ਨੂੰ ਤਰਜੀਹ ਦਿਤੀ ਹੈ।’’

ਕਾਂਗਰਸ ’ਤੇ ਨਿਸ਼ਾਨਾ ਸਾਧਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲਾਂ ਭਾਰਤ ਅਪਣੀ ਸਮਰੱਥਾ ਨੂੰ ਪ੍ਰਦਰਸ਼ਨ ’ਚ ਨਹੀਂ ਬਦਲ ਸਕਦਾ ਸੀ। ਬੋਇੰਗ ਦੇ ਚੇਅਰਮੈਨ ਅਤੇ ਸੀਈਓ ਡੇਵਿਡ ਐਲ ਕੈਲਹੋਨ ਨੇ ਕਿਹਾ, ‘‘ਅਸੀਂ ਭਾਰਤ ਲਈ ਪ੍ਰਧਾਨ ਮੰਤਰੀ ਮੋਦੀ ਦੇ ਪਰਿਵਰਤਨਕਾਰੀ ਦ੍ਰਿਸ਼ਟੀਕੋਣ ਦਾ ਸਮਰਥਨ ਕਰਨ ਲਈ ਸਨਮਾਨਿਤ ਮਹਿਸੂਸ ਕਰ ਰਹੇ ਹਾਂ। ਅਸੀਂ ਦੇਸ਼ ’ਚ ਐਰੋਨੋਟਿਕਲ ਨਵੀਨਤਾ ਨੂੰ ਉਤਸ਼ਾਹਤ ਕਰਨ ਲਈ ਬੋਇੰਗ ਕੈਂਪਸ ਨੂੰ ਸਮਰਪਿਤ ਕਰਨ ਲਈ ਧੰਨਵਾਦੀ ਹਾਂ।’’

ਪਿਛਲੇ ਕੁੱਝ ਸਾਲਾਂ ’ਚ ਭਾਰਤ ’ਚ ਬੋਇੰਗ ਦੀ ਇੰਜੀਨੀਅਰਿੰਗ ਅਤੇ ਆਰ ਐਂਡ ਡੀ ਟੀਮਾਂ ਅਮਰੀਕਾ ਤੋਂ ਬਾਹਰ ਸੱਭ ਤੋਂ ਵੱਡੀਆਂ ਕੰਪਨੀਆਂ ’ਚ ਸ਼ਾਮਲ ਹੋਈਆਂ ਹਨ। ਦਸੰਬਰ ਤਕ, ਟੀਮ ਕੋਲ 6,000 ਤੋਂ ਵੱਧ ਕਰਮਚਾਰੀ ਸਨ। ਇਸ ਮੌਕੇ ਕਰਨਾਟਕ ਦੇ ਰਾਜਪਾਲ ਥਾਵਰਚੰਦ ਗਹਿਲੋਤ, ਮੁੱਖ ਮੰਤਰੀ ਸਿੱਧਰਮਈਆ, ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਆਰ ਅਸ਼ੋਕ ਅਤੇ ਬੋਇੰਗ ਦੀ ਮੁੱਖ ਸੰਚਾਲਨ ਅਧਿਕਾਰੀ ਸਟੈਫਨੀ ਪੋਪ ਵੀ ਮੌਜੂਦ ਸਨ। 

ਪ੍ਰਧਾਨ ਮੰਤਰੀ ਨੇ ਬੋਇੰਗ ਸੁਕੰਨਿਆ ਪ੍ਰੋਗਰਾਮ ਦੀ ਵੀ ਸ਼ੁਰੂਆਤ ਕੀਤੀ

ਪ੍ਰਧਾਨ ਮੰਤਰੀ ਮੋਦੀ ਨੇ ਇਸ ਮੌਕੇ ’ਤੇ ਬੋਇੰਗ ਸੁਕੰਨਿਆ ਪ੍ਰੋਗਰਾਮ ਦੀ ਵੀ ਸ਼ੁਰੂਆਤ ਕੀਤੀ। ਕੰਪਨੀ ਅਨੁਸਾਰ, ਇਸ ਪਹਿਲ ਦਾ ਉਦੇਸ਼ ਪੂਰੇ ਭਾਰਤ ਤੋਂ ਦੇਸ਼ ਦੇ ਵਧ ਰਹੇ ਹਵਾਬਾਜ਼ੀ ਖੇਤਰ ’ਚ ਕੁੜੀਆਂ ਦੀ ਵੱਧ ਤੋਂ ਵੱਧ ਭਾਗੀਦਾਰੀ ਦਾ ਸਮਰਥਨ ਕਰਨਾ ਹੈ। ਹਵਾਬਾਜ਼ੀ ਖੇਤਰ ’ਚ ਔਰਤਾਂ ਦੀ ਵਧਦੀ ਭੂਮਿਕਾ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਦੇਸ਼ ’ਚ 15 ਫੀ ਸਦੀ ਪਾਇਲਟ ਔਰਤਾਂ ਹਨ, ਜੋ ਵਿਸ਼ਵ ਔਸਤ ਤੋਂ ਤਿੰਨ ਗੁਣਾ ਜ਼ਿਆਦਾ ਹੈ। ਮੋਦੀ ਨੇ ਕਿਹਾ ਕਿ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਦਾ ਸਮਾਂ ਆ ਗਿਆ ਹੈ। 

ਬੋਇੰਗ ਸੁਕੰਨਿਆ ਪ੍ਰੋਗਰਾਮ ਭਾਰਤ ਭਰ ਦੀਆਂ ਕੁੜੀਆਂ ਅਤੇ ਔਰਤਾਂ ਨੂੰ ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ (ਐਸ.ਟੀ.ਈ.ਐਮ.) ਖੇਤਰਾਂ ’ਚ ਮਹੱਤਵਪੂਰਨ ਹੁਨਰ ਸਿੱਖਣ ਅਤੇ ਹਵਾਬਾਜ਼ੀ ’ਚ ਨੌਕਰੀਆਂ ਲਈ ਸਿਖਲਾਈ ਦੇਣ ਦਾ ਮੌਕਾ ਪ੍ਰਦਾਨ ਕਰੇਗਾ। ਬੋਇੰਗ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਪ੍ਰੋਗਰਾਮ ਭਾਰਤ ਭਰ ਵਿਚ ਲੜਕੀਆਂ ਅਤੇ ਔਰਤਾਂ ਨੂੰ ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ (ਐਸ.ਟੀ.ਈ.ਐਮ.) ਖੇਤਰਾਂ ਵਿਚ ਮਹੱਤਵਪੂਰਨ ਹੁਨਰ ਸਿੱਖਣ ਅਤੇ ਹਵਾਬਾਜ਼ੀ ਨੌਕਰੀਆਂ ਲਈ ਸਿਖਲਾਈ ਦੇਣ ਦਾ ਮੌਕਾ ਪ੍ਰਦਾਨ ਕਰੇਗਾ। 

ਇਸ ਪ੍ਰੋਗਰਾਮ ਦੇ ਤਹਿਤ, ਨੌਜੁਆਨ ਲੜਕੀਆਂ ਲਈ ਐਸ.ਟੀ.ਈ.ਐਮ. ਕਰੀਅਰ ਬਣਾਉਣ ਲਈ 150 ਥਾਵਾਂ ’ਤੇ ਐਸ.ਟੀ.ਈ.ਐਮ. ਲੈਬਸ ਸਥਾਪਤ ਕੀਤੀਆਂ ਜਾਣਗੀਆਂ। ਇਹ ਪਾਇਲਟ ਸਿਖਲਾਈ ਲੈ ਰਹੀਆਂ ਔਰਤਾਂ ਨੂੰ ਸਕਾਲਰਸ਼ਿਪ ਵੀ ਪ੍ਰਦਾਨ ਕਰੇਗਾ। ਇਹ ਪ੍ਰੋਗਰਾਮ ਉਡਾਣ ਸਿਖਲਾਈ ਕੋਰਸਾਂ, ਸਰਟੀਫਿਕੇਟਾਂ ਨੂੰ ਸੁਰੱਖਿਅਤ ਕਰਨ, ਸਿਮੂਲੇਟਰ ਸਿਖਲਾਈ ਲਈ ਫੰਡਿੰਗ ਅਤੇ ਕੈਰੀਅਰ ਵਿਕਾਸ ਪ੍ਰੋਗਰਾਮਾਂ ਦਾ ਸਮਰਥਨ ਕਰੇਗਾ।

ਸਰਕਾਰ ਦੀ ਕੋਸ਼ਿਸ਼ ਹੈ, ਸ਼੍ਰੀ ਰਾਮ ਦੇ ਆਦਰਸ਼ਾਂ ’ਤੇ ਚੱਲਦੇ ਹੋਏ ਦੇਸ਼ ’ਚ ਸੁਸ਼ਾਸਨ ਅਤੇ ਇਮਾਨਦਾਰੀ ਦਾ ਰਾਜ ਹੋਵੇ : ਮੋਦੀ 

ਸੋਲਾਪੁਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਅਗਵਾਈ ’ਚ ਕੇਂਦਰ ਸਰਕਾਰ ਸ਼੍ਰੀ ਰਾਮ ਦੇ ਆਦਰਸ਼ਾਂ ’ਤੇ ਚੱਲਦੇ ਹੋਏ ਦੇਸ਼ ’ਚ ਚੰਗੇ ਸ਼ਾਸਨ ਅਤੇ ਈਮਾਨਦਾਰੀ ਨੂੰ ਯਕੀਨੀ ਬਣਾਉਣ ਲਈ ਪਹਿਲੇ ਦਿਨ ਤੋਂ ਹੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਲੋਕਾਂ ਨੂੰ 22 ਜਨਵਰੀ ਨੂੰ ‘ਰਾਮ ਜਯੋਤੀ’ ਜਗਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਨੂੰ ਅਪਣੇ ਜੀਵਨ ਤੋਂ ਗਰੀਬੀ ਹਟਾਉਣ ਲਈ ਪ੍ਰੇਰਿਤ ਕਰੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਦੁਨੀਆਂ ਦੀਆਂ ਚੋਟੀ ਦੀਆਂ ਤਿੰਨ ਅਰਥਵਿਵਸਥਾਵਾਂ ਦੀ ਸੂਚੀ ’ਚ ਲਿਆਉਣਾ ‘ਮੋਦੀ ਦੀ ਗਰੰਟੀ’ ਹੈ ਅਤੇ ਉਹ ਲੋਕਾਂ ਦੇ ਆਸ਼ੀਰਵਾਦ ਨਾਲ ਅਪਣੇ ਤੀਜੇ ਕਾਰਜਕਾਲ ’ਚ ਇਸ ਨੂੰ ਪੂਰਾ ਕਰਨਗੇ। ਉਨ੍ਹਾਂ ਕਿਹਾ, ‘‘ਮੋਦੀ ਦੀ ਗਰੰਟੀ ਦਾ ਮਤਲਬ ਹੈ ਪੂਰਾ ਹੋਣ ਦੀ ਗਰੰਟੀ।’’ ਭਗਵਾਨ ਰਾਮ ਨੇ ਸਾਨੂੰ ਕੀਤੇ ਵਾਅਦਿਆਂ ਦਾ ਸਨਮਾਨ ਕਰਨਾ ਸਿਖਾਇਆ ਅਤੇ ਅਸੀਂ ਗਰੀਬਾਂ ਦੀ ਭਲਾਈ ਅਤੇ ਸਸ਼ਕਤੀਕਰਨ ਲਈ ਨਿਰਧਾਰਤ ਸਾਰੇ ਟੀਚਿਆਂ ਨੂੰ ਪੂਰਾ ਕਰ ਰਹੇ ਹਾਂ। ਪ੍ਰਧਾਨ ਮੰਤਰੀ ਮਹਾਰਾਸ਼ਟਰ ਦੇ ਸੋਲਾਪੁਰ ’ਚ ਰਾਜ ’ਚ ਲਗਭਗ 2,000 ਕਰੋੜ ਰੁਪਏ ਦੀ ਲਾਗਤ ਵਾਲੇ ਅੱਠ ਅਮਰੁਤ (ਅਟਲ ਮਿਸ਼ਨ ਫਾਰ ਰੀਜੁਵੇਨੇਸ਼ਨ ਐਂਡ ਅਰਬਨ ਟ੍ਰਾਂਸਫਾਰਮੇਸ਼ਨ) ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਇਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਲੋਕ ਸਭਾ ਚੋਣਾਂ ਤੋਂ ਕੁੱਝ ਹੀ ਮਹੀਨੇ ਬਚੇ ਹਨ। ਇਕ ਹਫ਼ਤੇ ’ਚ ਮੋਦੀ ਦਾ ਇਹ ਦੂਜਾ ਰਾਜ ਦੌਰਾ ਸੀ। ਮਹਾਰਾਸ਼ਟਰ ’ਚ 48 ਲੋਕ ਸਭਾ ਸੀਟਾਂ ਹਨ।