ਸੋਨਾ-ਚਾਂਦੀ ਦੀ ਕੀਮਤ ਵਿੱਚ ਰਿਕਾਰਡ ਤੋੜ ਵਾਧਾ, ਚਾਂਦੀ ਹੋਈ 3 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਸੋਨਾ 1900 ਰੁਪਏ ਵਧ ਕੇ ਹੋਇਆ 1,48,100 ਰੁਪਏ ਪ੍ਰਤੀ 10 ਗ੍ਰਾਮ

Gold and silver prices hit record high, silver hits Rs 3 lakh per kg

ਨਵੀਂ ਦਿੱਲੀ: ਘਰੇਲੂ ਅਤੇ ਆਲਮੀ ਬਾਜ਼ਾਰਾਂ ’ਚ ਮਜ਼ਬੂਤ ਮੰਗ ਕਾਰਨ ਸੋਮਵਾਰ ਨੂੰ ਕੌਮੀ ਰਾਜਧਾਨੀ ’ਚ ਚਾਂਦੀ ਦੀਆਂ ਕੀਮਤਾਂ ’ਚ 10,000 ਰੁਪਏ ਦਾ ਵੱਡਾ ਵਾਧਾ ਹੋਇਆ ਹੈ ਅਤੇ ਇਸ ਨੇ 3 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਦੇ ਰੀਕਾਰਡ ਅੰਕੜੇ ਨੂੰ ਪਾਰ ਕਰ ਲਿਆ ਹੈ।

ਸੋਮਵਾਰ ਨੂੰ ਚਿੱਟੀ ਧਾਤੂ ਦੀ ਕੀਮਤ 3,02,600 ਰੁਪਏ ਪ੍ਰਤੀ ਕਿਲੋਗ੍ਰਾਮ ਉਤੇ ਕਾਰੋਬਾਰ ਕਰ ਰਹੀ ਸੀ। ਸਾਲ ਦੇ ਪਹਿਲੇ ਮਹੀਨੇ ਵਿਚ ਹੀ ਚਾਂਦੀ ਦੀਆਂ ਕੀਮਤਾਂ ਵਿਚ 63,600 ਰੁਪਏ ਜਾਂ 26.61 ਫ਼ੀ ਸਦੀ ਦਾ ਵਾਧਾ ਹੋ ਚੁਕਾ ਹੈ, ਜੋ ਕਿ 2025 ਦੇ ਅੰਤ ਵਿਚ 2,39,000 ਰੁਪਏ ਪ੍ਰਤੀ ਕਿਲੋਗ੍ਰਾਮ ਦਰਜ ਕੀਤਾ ਗਿਆ ਸੀ।

ਸਥਾਨਕ ਸਰਾਫਾ ਬਾਜ਼ਾਰ ’ਚ ਵੀ ਸੋਨੇ ਦੀਆਂ ਕੀਮਤਾਂ ’ਚ ਜ਼ਬਰਦਸਤ ਵਾਧਾ ਵੇਖਣ ਨੂੰ ਮਿਲਿਆ। ਪੀਲੀ ਧਾਤ 1,900 ਰੁਪਏ ਚੜ੍ਹ ਕੇ 1,48,100 ਰੁਪਏ ਪ੍ਰਤੀ 10 ਗ੍ਰਾਮ ਉਤੇ ਪਹੁੰਚ ਗਈ।

ਐਚ.ਡੀ.ਐਫ.ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਸੌਮਿਲ ਗਾਂਧੀ ਨੇ ਕਿਹਾ, ‘‘ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਹਫਤੇ ਦੇ ਅੰਤ ਵਿਚ ਕਈ ਯੂਰਪੀਅਨ ਦੇਸ਼ਾਂ ਉਤੇ ਵਾਧੂ ਟੈਰਿਫ ਲਗਾਉਣ ਦੀ ਧਮਕੀ ਤੋਂ ਬਾਅਦ ਭੂ-ਸਿਆਸੀ ਤਣਾਅ ਅਤੇ ਟੈਰਿਫ ਨਾਲ ਸਬੰਧਤ ਵਧਦੀ ਅਨਿਸ਼ਚਿਤਤਾ ਕਾਰਨ ਸੋਮਵਾਰ ਨੂੰ ਸੋਨਾ ਅਤੇ ਚਾਂਦੀ ਨਵੇਂ ਰੀਕਾਰਡ ਉੱਚੇ ਪੱਧਰ ਉਤੇ ਪਹੁੰਚ ਗਈ।’’

2026 ਦੀ ਸ਼ੁਰੂਆਤ ਤੋਂ, ਸੋਨੇ ਦੀਆਂ ਕੀਮਤਾਂ ਵਿਚ 10,400 ਰੁਪਏ ਜਾਂ 7.55 ਫ਼ੀ ਸਦੀ ਦਾ ਵਾਧਾ ਹੋਇਆ ਹੈ, ਜੋ 31 ਦਸੰਬਰ, 2025 ਨੂੰ ਦਰਜ 1,37,700 ਰੁਪਏ ਪ੍ਰਤੀ 10 ਗ੍ਰਾਮ ਸੀ।