ਭਾਰਤੀਆਂ ਨੂੰ ਲਗਜ਼ਰੀ ਬ੍ਰਾਂਡ ਖਰੀਦਣ ਦਾ ਸ਼ੌਕ, 2 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀਆਂ ਘੜੀਆਂ ਖਰੀਦੀਆਂ
ਸਵਿਸ ਘੜੀਆਂ ਦੀ ਕੁੱਲ ਵਿਕਰੀ 7.2 ਫੀਸਦੀ ਜਾਂ 10 ਲੱਖ ਤੋਂ ਵੱਧ ਵਸਤੂਆਂ ਦੇ ਵਾਧੇ ਨਾਲ 17.9 ਮਿਲੀਅਨ ਤੱਕ ਪਹੁੰਚ ਗਈ ਹੈ।
ਨਵੀਂ ਦਿੱਲੀ - ਭਾਰਤ ਪਿਛਲੇ ਸਾਲ ਤੋਂ ਇਕ ਸਥਾਨ ਉੱਪਰ ਆ ਕੇ ਦੁਨੀਆਂ ਦਾ 22ਵਾਂ ਸਭ ਤੋਂ ਵੱਡਾ ਸਵਿਸ ਘੜੀਆਂ ਦਾ ਦਰਾਮਦਕਾਰ ਬਣ ਗਿਆ ਹੈ। ਫੈੱਡਰੇਸ਼ਨ ਆਫ਼ ਸਵਿਸ ਵਾਚ ਐਸੋਸੀਏਸ਼ਨ ਦੇ ਅੰਕੜੇ ਸਾਹਮਣੇ ਆਏ ਹਨ ਜੋ ਕਿ ਦਰਸਾਉਂਦੇ ਹਨ ਕਿ ਸਾਲ ਦੌਰਾਨ ਦਰਾਮਦ 2,093 ਕਰੋੜ ਰੁਪਏ ਤੱਕ ਪਹੁੰਚ ਗਈ, ਜੋ ਪਿਛਲੇ ਸਾਲ ਦੇ 1,500 ਕਰੋੜ ਰੁਪਏ ਤੋਂ ਵੱਧ ਹੈ।
ਰਿਪੋਰਟ ਮੁਤਾਬਕ ਦਸੰਬਰ ’ਚ ਭਾਰਤੀਆਂ ਨੇ 179.74 ਕਰੋੜ ਰੁਪਏ ਦੀਆਂ ਸਵਿਸ ਘੜੀਆਂ ਖਰੀਦੀਆਂ, ਜੋ ਇਕ ਸਾਲ ਪਹਿਲਾਂ ਦੇ 135.26 ਕਰੋੜ ਰੁਪਏ ਦੇ ਮੁਕਾਬਲੇ 31 ਫ਼ੀਸਦੀ ਜ਼ਿਆਦਾ ਹਨ। ਹਾਲਾਂਕਿ ਭਾਰਤ ਅਜੇ ਵੀ ਅਮਰੀਕਾ ਵਰਗੇ ਅਮੀਰ ਦੇਸ਼ਾਂ ਤੋਂ ਪਿੱਛੇ ਹੈ। ਅਮਰੀਕਾ 2023 ਵਿਚ 4.16 ਅਰਬ ਸਵਿਸ ਫ੍ਰੈਂਕ ਯਾਨੀ 39,193 ਕਰੋੜ ਰੁਪਏ ਨਾਲ ਸਵਿਸ ਘੜੀਆਂ ਦਾ ਪਹਿਲਾ ਦਰਾਮਦਕਾਰ ਹੈ।
ਦਿੱਲੀ ਸਥਿਤ ਲਗਜ਼ਰੀ ਟਾਈਮ ਪ੍ਰਾਈਵੇਟ ਲਿਮਟਿਡ ਦੇ ਸੰਸਥਾਪਕ ਅਸ਼ੋਕ ਗੋਇਲ ਨੇ ਕਿਹਾ ਕਿ ਲਗਭਗ ਸਾਰੇ ਚੰਗੇ ਬ੍ਰਾਂਡਾਂ ਦੀ ਦਰਾਮਦ ਵਧੀ ਹੈ। ਉਨ੍ਹਾਂ ਦੀ ਕੰਪਨੀ ਹਬਲੋਟ, ਟੈਗ ਹਿਊਰ ਅਤੇ ਜ਼ੈਨਿਥ ਸਮੇਤ ਬ੍ਰਾਂਡਾਂ ਦੀ ਵੰਡ ਕਰਦੀ ਹੈ। ਗੋਇਲ ਨੇ ਕਿਹਾ ਕਿ ਸਵਿਸ ਘੜੀਆਂ ਵਿਚੋਂ ਚੋਟੀ ਦੇ ਪੰਜ ਬ੍ਰਾਂਡਾਂ ਨੇ ਉਚ ਦਰਾਮਦ ਦੇ ਬਾਵਜੂਦ ਆਪਣੀ ਸਥਿਤੀ ਬਰਕਰਾਰ ਰੱਖੀ। ਸਮੁੱਚੇ ਬਾਜ਼ਾਰ ਵਿਚ ਪ੍ਰਚੂਨ ਵਿਕਰੇਤਾਵਾਂ ’ਚ ਸਪਲਾਈ ਦੀ ਬਹੁਤਾਤ ਦੇਖੀ ਗਈ ਹੈ।
ਰੋਲੇਕਸ ਅਤੇ 16 ਹੋਰ ਲਗਜ਼ਰੀ ਘੜੀ ਬ੍ਰਾਂਡਾਂ ਲਈ ਮੁੰਬਈ ਵਿਚ ਇਕ ਬੁਟੀਕ ਚਲਾਉਣ ਵਾਲੇ ਵਿਰਲ ਰਾਜਨ ਅਨੁਸਾਰ, ਭਾਰਤ ਵਿਚ ਸਿਰਫ 0.5 ਫੀਸਦੀ ਲੋਕ ਲਗਜ਼ਰੀ ਬ੍ਰਾਂਡ ਖਰੀਦ ਰਹੇ ਹਨ ਪਰ ਉਸ ਖੇਤਰ ਵਿਚ ਵੀ ਹੁਣ ਬਹੁਤ ਵਾਧਾ ਹੋਇਆ ਹੈ। ਦਰਅਸਲ ਹੁਣ 3-5 ਲੱਖ ਰੁਪਏ ਦੀਆਂ ਘੜੀਆਂ ਦੇ ਮੁਕਾਬਲੇ 10-15 ਲੱਖ ਰੁਪਏ ਤੋਂ ਉੱਪਰ ਦੀਆਂ ਘੜੀਆਂ ਨੂੰ ਰਿਟੇਲ ਕਰਨਾ ਆਸਾਨ ਲੱਗਦਾ ਹੈ।
ਇਹ ਗਾਹਕ ਦੀ ਖੁਸ਼ਹਾਲੀ ਨੂੰ ਵੀ ਦਰਸਾਉਂਦਾ ਹੈ। ਅੰਕੜਿਆਂ ਮੁਤਾਬਕ ਦਸੰਬਰ ’ਚ ਬਾਇਮੈਟਲ ਨਾਲ ਬਣੀਆਂ ਘੜੀਆਂ ਦਾ ਦੁਨੀਆਂ ਭਰ ’ਚ ਵਿਕਰੀ ਮੁੱਲ 21.8 ਫ਼ੀਸਦੀ ਅਤੇ ਮਾਤਰਾ ’ਚ 28.5 ਫ਼ੀਸਦੀ ਵਧੀ ਹੈ। ਸੋਨੇ ਵਰਗੀਆਂ ਕੀਮਤੀ ਧਾਤਾਂ ਨਾਲ ਬਣੀਆਂ ਘੜੀਆਂ ਦੀ ਵਿਕਰੀ ਦੀ ਕੀਮਤ ਮਹੀਨੇ ਦੌਰਾਨ 8.9 ਫੀਸਦੀ ਵਧੀ ਹੈ। ਹੋਰ ਸਮੱਗਰੀ ਨਾਲ ਬਣੀਆਂ ਘੜੀਆਂ ਦੀ ਸ਼੍ਰੇਣੀ ਵਿਚ 6.1 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
ਸਵਿਸ ਘੜੀਆਂ ਦੀ ਕੁੱਲ ਵਿਕਰੀ 7.2 ਫੀਸਦੀ ਜਾਂ 10 ਲੱਖ ਤੋਂ ਵੱਧ ਵਸਤੂਆਂ ਦੇ ਵਾਧੇ ਨਾਲ 17.9 ਮਿਲੀਅਨ ਤੱਕ ਪਹੁੰਚ ਗਈ ਹੈ। ਰੀਅਲ ਅਸਟੇਟ ਡਿਵੈੱਲਪਮੈਂਟ ਕੰਪਨੀ ਦੀ ਰਿਟੇਲ ਸ਼ਾਖਾ ਡੀ. ਐੱਲ. ਐੱਫ. ਰਿਟੇਲ ਦੇ ਸੀਨੀਅਰ ਕਾਰਜਕਾਰੀ ਨਿਰਦੇਸ਼ਕ ਪੁਸ਼ਪਾ ਬੈਕਟਰ ਦੇ ਹਵਾਲੇ ਨਾਲ ਇਕ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਘੜੀਆਂ ਦੇ ਕਾਰੋਬਾਰ ਨੇ ਸਾਲ 2023 ਵਿਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ
ਖ਼ਾਸ ਕਰ ਕੇ ਲਗਜ਼ਰੀ ਬਾਜ਼ਾਰ ਵਿਚ, ਲੋਕ ਲਗਜ਼ਰੀ ਬ੍ਰਾਂਡ ਖਰੀਦਣ ਦੀ ਇੱਛਾ ਰੱਖਦੇ ਹਨ ਅਤੇ ਉਮੀਦ ਕੀਤੀ ਜਾਂਦੀ ਹੈ ਕਿ 2024 ਵਿਚ ਲਗਜ਼ਰੀ ਬ੍ਰਾਂਡਾਂ ਲਈ ਹੋਰ ਵਿਸ਼ੇਸ਼ ਬ੍ਰਾਂਡ ਆਉਟਲੈੱਟ ਖੁੱਲ੍ਹਣਗੇ। ਅਜਿਹਾ ਇਸ ਲਈ ਹੈ ਕਿਉਂਕਿ ਇਨ੍ਹਾਂ ਵਿਚੋਂ ਕੁਝ ਬ੍ਰਾਂਡ ਮਲਟੀ-ਬ੍ਰਾਂਡ ਆਉਟਲੈੱਟ ਫਾਰਮੈੱਟ ਵਿਚ ਬਹੁਤ ਸਫਲ ਹਨ ਅਤੇ ਉਹ ਹੁਣ ਗਾਹਕਾਂ ਲਈ ਇਕ ਵਿਸ਼ੇਸ਼ ਮੌਜੂਦਗੀ ਚਾਹੁੰਦੇ ਹਨ।