ਪਾਕਿਸਤਾਨ ਦੇ ਕੇਂਦਰੀ ਬੈਂਕ ਨੇ ਵਿਆਜ ਦਰਾਂ ’ਚ ਕੋਈ ਤਬਦੀਲੀ ਨਹੀਂ ਕੀਤੀ, ਫਿਰ ਵੀ ਕਰਜ਼ਾ ਦਰ ਰੀਕਾਰਡ ਪੱਧਰ ’ਤੇ

ਏਜੰਸੀ

ਖ਼ਬਰਾਂ, ਵਪਾਰ

ਪ੍ਰਮੁੱਖ ਕਰਜ਼ਾ ਦਰ 22 ਫ਼ੀ ਸਦੀ ਦੇ ਰੀਕਾਰਡ ਪੱਧਰ ’ਤੇ ਬਰਕਰਾਰ

Bank of Pakistan

ਕਰਾਚੀ: ਪਾਕਿਸਤਾਨ ਦੇ ਕੇਂਦਰੀ ਬੈਂਕ ਨੇ ਲਗਾਤਾਰ ਛੇਵੀਂ ਵਾਰ ਅਪਣੀ ਨੀਤੀਗਤ ਬੈਠਕ ’ਚ ਪ੍ਰਮੁੱਖ ਕਰਜ਼ਾ ਦਰ ਨੂੰ 22 ਫੀ ਸਦੀ ਦੇ ਰੀਕਾਰਡ ਉੱਚੇ ਪੱਧਰ ’ਤੇ ਬਰਕਰਾਰ ਰੱਖਿਆ ਹੈ। ਇਸ ਦੌਰਾਨ, ਗੁਆਂਢੀ ਦੇਸ਼ ਦੀ ਨਵੀਂ ਚੁਣੀ ਗਈ ਸਰਕਾਰ ਬੇਲਆਊਟ ਪੈਕੇਜ ਦੀ ਅਗਲੀ ਕਿਸਤ ਨੂੰ ਸੁਰੱਖਿਅਤ ਕਰਨ ਲਈ ਕੌਮਾਂਤਰੀ ਮੁਦਰਾ ਫੰਡ (ਆਈ.ਐਮ.ਐਫ.) ਨਾਲ ਵਿਚਾਰ-ਵਟਾਂਦਰੇ ਕਰ ਰਹੀ ਹੈ। ਆਈ.ਐਮ.ਐਫ. ਨੇ ਅਜੇ ਇਹ ਫੈਸਲਾ ਨਹੀਂ ਕੀਤਾ ਹੈ ਕਿ ਪਾਕਿਸਤਾਨ ਨੇ 1.1 ਅਰਬ ਡਾਲਰ ਦੀ ਅਗਲੀ ਕਿਸਤ ਪ੍ਰਾਪਤ ਕਰਨ ਲਈ ਲੋੜੀਂਦੀਆਂ ਸ਼ਰਤਾਂ ਪੂਰੀਆਂ ਕੀਤੀਆਂ ਹਨ ਜਾਂ ਨਹੀਂ। 

ਸਟੇਟ ਬੈਂਕ ਆਫ ਪਾਕਿਸਤਾਨ (ਐਸ.ਬੀ.ਪੀ.) ਨੇ ਅਪਣੀ ਲਗਾਤਾਰ ਛੇਵੀਂ ਨੀਤੀਗਤ ਬੈਠਕ ’ਚ ਅਪਣੀ ਪ੍ਰਮੁੱਖ ਨੀਤੀਗਤ ਦਰ ਨੂੰ 22 ਫ਼ੀ ਸਦੀ ’ਤੇ ਬਰਕਰਾਰ ਰੱਖਿਆ ਹੈ। ਐਸ.ਬੀ.ਪੀ. ਨੇ ਇਕ ਬਿਆਨ ਵਿਚ ਕਿਹਾ ਕਿ ਕੇਂਦਰੀ ਬੈਂਕ ਦੀ ਮੁਦਰਾ ਨੀਤੀ ਕਮੇਟੀ (ਐਮ.ਪੀ.ਸੀ.) ਦੀ ਬੈਠਕ ਹੋਈ ਅਤੇ ਮੌਜੂਦਾ ਆਰਥਕ ਵਿਕਾਸ ਦੀ ਸਮੀਖਿਆ ਕੀਤੀ ਗਈ। ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖਣ ਬਾਰੇ ਐਮ.ਪੀ.ਸੀ. ਨੇ ਕਿਹਾ ਕਿ ਹਾਲਾਂਕਿ ਮਹਿੰਗਾਈ ’ਚ ਕਾਫ਼ੀ ਗਿਰਾਵਟ ਆਈ ਹੈ, ਪਰ ਇਹ ਅਜੇ ਵੀ ਕਾਫ਼ੀ ਉੱਚੀ ਹੈ ਅਤੇ ਇਸ ਲਈ ਕੇਂਦਰੀ ਬੈਂਕ ਜੋਖਮਾਂ ਪ੍ਰਤੀ ਸੰਵੇਦਨਸ਼ੀਲ ਹੈ। ਕਮੇਟੀ ਨੇ ਕਿਹਾ ਕਿ ਅੰਕੜੇ ਆਰਥਕ ਗਤੀਵਿਧੀਆਂ ’ਚ ਥੋੜ੍ਹਾ ਜਿਹਾ ਵਾਧਾ ਦਰਸਾਉਂਦੇ ਹਨ।