ਚੋਟੀ ਦੀਆਂ ਤਿੰਨ IT ਕੰਪਨੀਆਂ ਨੇ 2023-24 ਦੌਰਾਨ 64,000 ਕਰਮਚਾਰੀਆਂ ਦੀ ਛਾਂਟੀ ਕੀਤੀ, ਜਾਣੋ ਕੀ ਕਹਿੰਦੀ ਹੈ ਰੀਪੋਰਟ

ਏਜੰਸੀ

ਖ਼ਬਰਾਂ, ਵਪਾਰ

ਦੁਨੀਆਂ  ਭਰ ’ਚ ਕਮਜ਼ੋਰ ਮੰਗ ਅਤੇ ਗਾਹਕਾਂ ਦੇ ਤਕਨਾਲੋਜੀ ਖਰਚ ’ਚ ਕਟੌਤੀ ਕਾਰਨ ਇਨ੍ਹਾਂ ਕੰਪਨੀਆਂ ’ਚ ਕਰਮਚਾਰੀਆਂ ਦੀ ਗਿਣਤੀ ’ਚ ਕਮੀ ਆਈ

Representative Image.

ਨਵੀਂ ਦਿੱਲੀ: ਦੇਸ਼ ਦੀਆਂ ਤਿੰਨ ਸੱਭ ਤੋਂ ਵੱਡੀਆਂ ਸੂਚਨਾ ਤਕਨਾਲੋਜੀ ਕੰਪਨੀਆਂ ਟਾਟਾ ਕੰਸਲਟੈਂਸੀ ਸਰਵਿਸਿਜ਼, ਇਨਫੋਸਿਸ ਅਤੇ ਵਿਪਰੋ ਨੇ ਵਿੱਤੀ ਸਾਲ 2023-24 ’ਚ ਲਗਭਗ 64,000 ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿਤਾ। ਦੁਨੀਆਂ  ਭਰ ’ਚ ਕਮਜ਼ੋਰ ਮੰਗ ਅਤੇ ਗਾਹਕਾਂ ਦੇ ਤਕਨਾਲੋਜੀ ਖਰਚ ’ਚ ਕਟੌਤੀ ਕਾਰਨ ਇਨ੍ਹਾਂ ਕੰਪਨੀਆਂ ’ਚ ਕਰਮਚਾਰੀਆਂ ਦੀ ਗਿਣਤੀ ’ਚ ਕਮੀ ਆਈ ਹੈ। 

ਵਿਪਰੋ ਨੇ ਸ਼ੁਕਰਵਾਰ  ਨੂੰ ਅਪਣੀ ਚੌਥੀ ਤਿਮਾਹੀ ਦੇ ਵਿੱਤੀ ਨਤੀਜਿਆਂ ਦੇ ਐਲਾਨ ’ਚ ਕਿਹਾ ਕਿ ਮਾਰਚ 2024 ਦੇ ਅੰਤ ’ਚ ਵਿਪਰੋ ਦੇ ਮੁਲਾਜ਼ਮਾਂ ਦੀ ਗਿਣਤੀ ਘੱਟ ਕੇ 2,34,054 ਰਹਿ ਗਈ, ਜੋ ਇਕ ਸਾਲ ਪਹਿਲਾਂ ਇਸੇ ਮਹੀਨੇ ਦੇ ਅੰਤ ’ਚ 2,58,570 ਸੀ। ਇਸ ਤਰ੍ਹਾਂ ਮਾਰਚ 2024 ਨੂੰ ਖਤਮ ਹੋਏ ਵਿੱਤੀ ਸਾਲ ਦੌਰਾਨ ਕੰਪਨੀ ਦੇ ਕਰਮਚਾਰੀਆਂ ਦੀ ਗਿਣਤੀ ’ਚ 24,516 ਦੀ ਕਮੀ ਆਈ ਹੈ। 

ਵਿਪਰੋ ਦੇ ਮੁੱਖ ਮਨੁੱਖੀ ਸਰੋਤ ਅਧਿਕਾਰੀ ਸੌਰਭ ਗੋਵਿਲ ਨੇ ਕਿਹਾ ਕਿ ਇਹ ਕਟੌਤੀ ਮੁੱਖ ਤੌਰ ’ਤੇ ਬਾਜ਼ਾਰ ਅਤੇ ਮੰਗ ਦੀਆਂ ਸਥਿਤੀਆਂ ਦੇ ਨਾਲ-ਨਾਲ ਕਾਰਜਸ਼ੀਲ ਕੁਸ਼ਲਤਾ ਦੇ ਕਾਰਨ ਸੀ। ਭਾਰਤ ਦਾ ਆਈ.ਟੀ.  ਸੇਵਾਵਾਂ ਉਦਯੋਗ ਗਲੋਬਲ ਮੈਕਰੋ-ਆਰਥਕ ਅਨਿਸ਼ਚਿਤਤਾਵਾਂ ਅਤੇ ਭੂ-ਸਿਆਸੀ ਉਤਰਾਅ-ਚੜ੍ਹਾਅ ਕਾਰਨ ਦਬਾਅ ਮਹਿਸੂਸ ਕਰ ਰਿਹਾ ਹੈ। 

ਦੇਸ਼ ਦੀ ਦੂਜੀ ਸੱਭ ਤੋਂ ਵੱਡੀ ਆਈ.ਟੀ. ਸੇਵਾ ਨਿਰਯਾਤ ਕੰਪਨੀ ਇੰਫੋਸਿਸ ਨੇ ਕਿਹਾ ਕਿ ਮਾਰਚ 2024 ਦੇ ਅੰਤ ਤਕ  ਉਸ ਦੇ ਕੁਲ  ਕਰਮਚਾਰੀਆਂ ਦੀ ਗਿਣਤੀ 3,17,240 ਸੀ, ਜੋ ਪਿਛਲੇ ਸਾਲ ਦੀ ਇਸੇ ਮਿਆਦ ’ਚ 3,43,234 ਸੀ। ਇਸ ਤਰ੍ਹਾਂ ਕੰਪਨੀ ਦੇ ਕਰਮਚਾਰੀਆਂ ਦੀ ਗਿਣਤੀ ’ਚ 25,994 ਦੀ ਕਮੀ ਆਈ ਹੈ। ਦੇਸ਼ ਦੀ ਸੱਭ ਤੋਂ ਵੱਡੀ ਆਈ.ਟੀ. ਕੰਪਨੀ ਟੀ.ਸੀ.ਐਸ. ਦੇ ਕਰਮਚਾਰੀਆਂ ਦੀ ਗਿਣਤੀ ’ਚ ਵੀ 13,249 ਦੀ ਗਿਰਾਵਟ ਆਈ ਹੈ ਅਤੇ ਪਿਛਲੇ ਵਿੱਤੀ ਸਾਲ ਦੇ ਅੰਤ ’ਚ ਉਸ ਦੇ ਕਰਮਚਾਰੀਆਂ ਦੀ ਗਿਣਤੀ ’ਚ 6,01,546 ਕਰਮਚਾਰੀ ਸਨ।