ਆਸਟ੍ਰੇਲੀਆ 'ਚ ਐਪਲ ਕੰਪਨੀ 'ਤੇ ਲੱਗਾ 45 ਕਰੋੜ ਦਾ ਜੁਰਮਾਨਾ
ਆਸਟ੍ਰੇਲੀਆ ਦੀ ਸੰਘੀ ਅਦਾਲਤ ਨੇ ਐਪਲ ਕੰਪਨੀ 'ਤੇ ਗਾਹਕਾਂ ਨੂੰ ਪ੍ਰੇਸ਼ਾਨ ਅਤੇ ਭਰਮਾਉਣ ਲਈ 6.6 ਮਿਲੀਅਨ ਡਾਲਰ ਮਤਲਬ ਲਗਭਗ 45 ਕਰੋੜ ਰੁਪਏ ਦਾ ਜੁਰਮਾਨਾ ਲਗਾ...
ਕੈਨਬਰਾ : ਆਸਟ੍ਰੇਲੀਆ ਦੀ ਸੰਘੀ ਅਦਾਲਤ ਨੇ ਐਪਲ ਕੰਪਨੀ 'ਤੇ ਗਾਹਕਾਂ ਨੂੰ ਪ੍ਰੇਸ਼ਾਨ ਅਤੇ ਭਰਮਾਉਣ ਲਈ 6.6 ਮਿਲੀਅਨ ਡਾਲਰ ਮਤਲਬ ਲਗਭਗ 45 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਆਸਟ੍ਰੇਲੀਆਈ ਕੰਪੀਟੀਸ਼ਨ ਐਂਡ ਕੰਜਿਊਮਰ ਕਮੀਸ਼ਨ (ਏ.ਸੀ.ਸੀ.ਸੀ.) ਸੈਂਕੜੇ ਗਾਹਕਾਂ ਦੀਆਂ ਸ਼ਿਕਾਇਤਾਂ ਦੀ ਜਾਂਚ ਕਰਨ ਤੋਂ ਬਾਅਦ ਇਹ ਮਾਮਲਾ ਅਦਾਲਤ ਲੈ ਕੇ ਗਿਆ ਸੀ।
ਸ਼ਿਕਾਇਤ 'ਚ ਕਿਹਾ ਗਿਆ ਸੀ ਕਿ ਫ਼ਰਵਰੀ 2015 ਅਤੇ ਫ਼ਰਵਰੀ 2016 ਵਿਚਕਾਰ ਖ਼ਰੀਦੇ ਗਏ ਆਈਫ਼ੋਨ ਅਤੇ ਆਈਪੈਡ 'ਚ ਗੜਬੜੀ ਆਉਣ 'ਤੇ ਐਪਲ ਨੇ ਇਨ੍ਹਾਂ ਦੀ ਮੁਰੰਮਤ ਕਰਨ ਤੋਂ ਇਨਕਾਰ ਕਰ ਦਿਤਾ ਸੀ। ਕੰਪਨੀ ਨੇ ਵੀ ਇਸ ਨੂੰ ਸਵੀਕਾਰ ਕੀਤਾ ਹੈ। ਕੰਪਨੀ ਨੇ ਕਿਹਾ, ''ਜੇ ਉਤਪਾਦ 'ਚ ਕਿਸੇ ਤਰ੍ਹਾਂ ਦੀ ਗੜਬੜੀ ਹੈ ਤਾਂ ਆਸਟ੍ਰੇਲੀਆ ਦੇ ਉਪਭੋਗਤਾ ਕਾਨੂੰਨ ਮੁਤਾਬਕ ਗਾਹਕਾਂ ਨੂੰ ਕਾਨੂੰਨੀ ਤੌਰ 'ਤੇ ਉਸ ਦੇ ਸੁਧਾਰ ਜਾਂ ਬਦਲਾਅ ਦਾ ਅਧਿਕਾਰ ਹੈ। ਕੁੱਝ ਮਾਮਲਿਆਂ 'ਚ ਉਤਪਾਦ ਦੀ ਕੀਮਤ ਵੀ ਅਦਾ ਕਰਨੀ ਪੈਂਦੀ ਹੈ।
ਐਪਲ ਨੇ ਅਦਾਲਤ 'ਚ ਤਰਕ ਦਿਤਾ ਕਿ ਗਾਹਕਾਂ ਦੇ ਉਤਪਾਦਾਂ ਦੀ ਪਹਿਲਾਂ ਹੀ ਥਰਡ ਪਾਰਟੀ ਨੇ ਮੁਰੰਮਤ ਕੀਤੀ ਸੀ, ਇਸ ਸਥਿਤੀ 'ਚ ਅਸੀਂ ਮੁਰੰਮਤ ਤੋਂ ਇਨਕਾ ਕਰ ਦਿਤਾ। 'ਐਫੇ ਨਿਊਜ਼' ਮੁਤਾਬਕ 275 ਗਾਹਕਾਂ ਨੇ ਐਪਲ ਕੰਪਨੀ ਤੋਂ ਖ਼ਰੀਦੇ ਗਏ ਉਤਪਾਦਾਂ 'ਚ ਐਰਰ-53 ਆਉਣ ਦੀ ਸ਼ਿਕਾਇਤ ਕੀਤੀ ਸੀ। ਹਾਲਾਂਕਿ ਐਪਲ ਦੇ ਨਵੇਂ ਆਈ.ਓ.ਐਸ. ਡਾਊਨਲੋਡ ਕਰਨ ਤੋਂ ਬਾਅਦ ਕੁਝ ਆਈਪੈਡ ਅਤੇ ਆਈਫ਼ੋਨ 'ਚ ਆਈ ਤਕਨੀਕੀ ਖ਼ਰਾਬੀ ਦੂਰ ਹੋ ਗਈ ਸੀ। (ਏਜੰਸੀ)