ਭਾਰਤ ਦੀ ਵਾਧਾ ਦਰ ਭਵਿੱਖ 'ਚ ਤੇਜ਼ ਬਣੀ ਰਹੇਗੀ
ਕੱਚੇ ਤੇਲ ਦੀਆਂ ਉਚ ਕੀਮਤਾਂ ਅਤੇ ਸਖ਼ਤ ਮੁਦਰਾ ਨੀਤੀ ਦੇ ਚਲਦਿਆਂ 2018-19 'ਚ ਭਾਰਤ ਦੀ ਵਾਧਾ ਦਰ ਨੂੰ ਅਪਣੇ ਪਹਿਲਾਂ ਦੇ ਅਨੁਮਾਨ ਨੂੰ ਹਲਕਾ ਜਿਹਾ ਘੱਟ ਕਰਨ...
ਵਾਸ਼ਿੰਗਟਨ, ਕੱਚੇ ਤੇਲ ਦੀਆਂ ਉਚ ਕੀਮਤਾਂ ਅਤੇ ਸਖ਼ਤ ਮੁਦਰਾ ਨੀਤੀ ਦੇ ਚਲਦਿਆਂ 2018-19 'ਚ ਭਾਰਤ ਦੀ ਵਾਧਾ ਦਰ ਨੂੰ ਅਪਣੇ ਪਹਿਲਾਂ ਦੇ ਅਨੁਮਾਨ ਨੂੰ ਹਲਕਾ ਜਿਹਾ ਘੱਟ ਕਰਨ ਦੇ ਬਾਵਜੂਦ ਕੌਮਾਂਤਰੀ ਮੁਦਰਾ ਕੋਸ਼ (ਆਈ.ਐਮ.ਐਫ਼.) ਨੇ ਕਿਹਾ ਕਿ ਭਾਰਤ ਦੀ ਵਾਧਾ ਦਰ ਭਵਿੱਖ 'ਚ ਕਾਫ਼ੀ ਮਜਬੂਤ ਰਹੇਗੀ।
ਆਈ.ਐਮ.ਐਫ਼. ਨੇ 2018 'ਚ ਭਾਰਤ ਦੀ ਵਾਧਾ ਦਰ 7.3 ਫ਼ੀ ਸਦੀ ਰਹਿਣ ਅਤੇ 2019 'ਚ 7.5 ਫ਼ੀ ਸਦੀ ਰਹਿਣ ਦਾ ਅਨੁਮਾਨ ਜਤਾਇਆ, ਜੋ ਉਸ ਦੇ ਅਪ੍ਰੈਲ 'ਚ ਜਤਾਏ ਗਏ ਅਨੁਮਾਨ ਤੋਂ ਕ੍ਰਮਵਾਰ 0.1 ਫ਼ੀ ਸਦੀ ਅਤੇ 0.3 ਫ਼ੀ ਸਦੀ ਘੱੱਟ ਹੈ। ਆਈ.ਐਮ.ਐਫ. ਦੇ ਸੋਧ ਵਿਭਾਗ ਦੇ ਨਿਰਦੇਸ਼ਕ ਅਤੇ ਆਰਥਕ ਸਲਾਹਕਾਰ ਮੈਰਿਸ ਆਬਸਟਫ਼ੇਲਡ ਨੇ ਕਿਹਾ ਕਿ ਭਾਰਤ ਦੀ ਵਾਧਾ ਦਰ ਭਵਿੱਖ 'ਚ ਤੇਜ ਬਣੀ ਰਹੇਗੀ। ਇਹ ਅਜੇ ਘੱਟ ਹੈ ਪਰ ਇਹ ਮਜਬੂਤੀ ਨਾਲ ਵਧ ਰਹੀ ਹੈ।
ਆਸਬਟਫ਼ੇਲਡ ਨੇ ਕਿਹਾ ਕਿ ਭਾਰਤ ਦੀ ਵਾਧਾ ਦਰ ਦੇ ਅਨੁਮਾਨ ਨੂੰ ਘੱਟ ਕਰਨ ਦੇ ਕਾਰਕਾਂ 'ਚ ਕੱਚੇ ਤੇਲ ਦੀਆਂ ਕੀਮਤਾਂ ਦਾ ਵਧਣਾ ਅਤੇ ਵਿਸ਼ਵੀ ਪੱਧਰ 'ਤੇ ਵਿੱਤੀ ਸਥਿਤੀਆਂ ਦਾ ਸਖ਼ਤ ਹੋਣਾ ਮੁੱਖ ਹਨ। ਤੇਲ ਦੀਆਂ ਕੀਮਤਾਂ ਵਧਣ ਨਾਲ ਮੁਦਰਾ ਸਫ਼ੀਤੀ ਦਾ ਦਬਾਅ ਵਧੇਗਾ, ਕਿਉਂ ਕਿ ਭਾਰਤ ਤੇਲ ਦੇ ਮਾਮਲਿਆਂ 'ਚ ਆਯਾਤ 'ਤੇ ਜ਼ਿਆਦਾ ਨਿਰਭਰ ਹੈ। ਇਸ ਤੋਂ ਇਲਾਵਾ ਕੌਮਾਂਤਰੀ ਵਿੱਤੀ ਪ੍ਰਸਿਥਤੀਆਂ ਪਹਿਲਾਂ ਤੋਂ ਜ਼ਿਆਦਾ ਮੁਸ਼ਕਲ ਹਨ, ਜਿਸ ਨਾਲ ਅਗਲੇ ਸਾਲ ਦੀ ਭਾਰਤ ਦੀ ਵਾਧਾ ਦਰ 'ਤੇ ਥੋੜ੍ਹਾ ਅਸਰ ਪੈ ਸਕਦਾ ਹੈ। (ਏਜੰਸੀ)