ਆਈ.ਐਮ.ਐਫ਼. ਤੋਂ ਵਿੱਤੀ ਮਦਦ ਲਈ ਪਾਕਿਸਤਾਨ ਨੇ ਯੂਕਰੇਨ ਨੂੰ ਹਥਿਆਰ ਵੇਚੇ : ਰੀਪੋਰਟ
ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਰੀਪੋਰਟ ਨੂੰ ‘ਬੇਬੁਨਿਆਦ ਅਤੇ ਮਨਘੜਤ’ ਦੱਸ ਕੇ ਖ਼ਾਰਜ ਕੀਤਾ
ਇਸਲਾਮਾਬਾਦ: ਨਕਦੀ ਦੀ ਕਮੀ ਦੀ ਸਮੱਸਿਆ ਨਾਲ ਜੂਝ ਰਹੇ ਪਾਕਿਸਤਾਨ ਨੇ ਯੂਕਰੇਨ ਦੇ ਪ੍ਰਯੋਗ ਲਈ ਅਮਰੀਕਾ ਨੂੰ ਗੁਪਤ ਤਰੀਕੇ ਨਾਲ ਹਥਿਆਰ ਵੇਚੇ, ਜਿਸ ਨੇ ਉਸ ਨੂੰ ਇਸ ਸਾਲ ਦੀ ਸ਼ੁਰੂਆਤ ’ਚ ਕੌਮਾਂਤਰੀ ਮੁਦਰਾ ਫ਼ੰਡ (ਆਈ.ਐਮ.ਐਫ਼.) ਤੋਂ ਅਹਿਮ ਵਿੱਤੀ ਮਦਦ ਪ੍ਰਾਪਤ ਕਰਨ ’ਚ ਮਦਦ ਕੀਤੀ ਸੀ। ਇਕ ਰੀਪੋਰਟ ’ਚ ਪਾਕਿਸਤਾਨ ਅਤੇ ਅਮਰੀਕਾ ਸਰਕਾਰ ਦੇ ਅੰਦਰੂਨੀ ਦਸਤਾਵੇਜ਼ਾਂ ਦੇ ਆਧਾਰ ’ਤੇ ਇਹ ਦਾਅਵਾ ਕੀਤਾ ਗਿਆ ਹੈ।
ਆਨਲਾਈਨ ਜਾਂਚ ਵੈੱਬਸਾਈਟ ‘ਇੰਟਰਸੈਪਟ’ ਨੇ ਦਸਿਆ ਕਿ ਇਹ ਹਥਿਆਰ ਯੂਕਰੇਨ ਦੀ ਫ਼ੌਜ ਨੂੰ ਸਪਲਾਈ ਕਰਨ ਦੇ ਮਕਸਦ ਨਾਲ ਵੇਚੇ ਗਏ ਸਨ, ਜੋ ਇਕ ਅਜਿਹੇ ਸੰਘਰਸ਼ ’ਚ ਪਾਕਿਸਤਾਨੀ ਹਿੱਸੇਦਾਰੀ ਨੂੰ ਦਰਸਾਉਂਦਾ ਹੈ ਜਿਸ ’ਚ ਉਸ ਨੂੰ ਕੋਈ ਪੱਖ ਲੈਣ ਲਈ ਅਮਰੀਕੀ ਦਬਾਅ ਦਾ ਸਾਹਮਣਾ ਕਰਨਾ ਪੈਣਾ ਸੀ।
ਹਾਲਾਂਕਿ, ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਦੀ ਬੁਲਾਰਾ ਮੁਮਤਾਜ ਜਹਰਾ ਬਲੋਚ ਨੇ ਸੋਮਵਾਰ ਨੂੰ ਅਮਰੀਕਾ ਦੇ ਗ਼ੈਰ ਲਾਭਕਾਰੀ ਅਖ਼ਬਾਰ ਸੰਗਠਨ ਦੀ ਇਸ ਰੀਪੋਰਟ ਨੂੰ ‘ਬੇਬੁਨਿਆਦ ਅਤੇ ਮਨਘੜਤ’ ਦੱਸ ਕੇ ਖ਼ਾਰਜ ਕਰ ਦਿਤਾ ਅਤੇ ਕਿਹਾ ਕਿ ਨਕਦੀ ਦੀ ਕਮੀ ਨਾਲ ਜੂਝ ਰਹੇ ਦੇਸ਼ ਨੇ ਅਮਰੀਕਾ ਨੂੰ ਹਥਿਆਰ ਮੁਹਈਆ ਕਰਵਾਏ, ਤਾਕਿ ਉਸ ਨੂੰ ਜੂਨ ਦੇ ਅੰਤ ’ਚ ਆਈ.ਐਮ.ਐਫ਼. ਨਾਲ ਤਿੰਨ ਅਰਬ ਅਮਰੀਕੀ ਡਾਲਰ ਦਾ ਸੌਦਾ ਕਰਨ ’ਚ ਉਸ ਦਾ ਸਹਿਯੋਗ ਮਿਲ ਸਕੇ ਅਤੇ ਉਹ ਭੁਗਤਾਨ ’ਚ ਕੁਤਾਹੀ ਤੋਂ ਬਚ ਸਕੇ।
ਪਿਛਲੇ ਸਾਲ ਦੀ ਸ਼ੁਰੂਆਤ ’ਚ ਰੂਸ ਅਤੇ ਯੂਕਰੇਨ ਵਿਚਕਾਰ ਸੰਕਟ ਸ਼ੁਰੂ ਹੋਣ ਤੋਂ ਬਾਅਦ ਤੋਂ ਪਾਕਿਸਤਾਨ, ਅਮਰੀਕਾ ਅਤੇ ਰੂਸ ਨਾਲ ਸਬੰਧਾਂ ’ਚ ਸੰਤੁਲਨ ਬਣਾਉਣ ਲਈ ਸੰਘਰਸ਼ ਕਰ ਰਿਹਾ ਹੈ।
‘ਡਾਅਨ ਨਿਊਜ਼’ ਨਿਊਜ਼ ਚੈਨਲ ਨੇ ਬਲੋਚ ਦੇ ਹਵਾਲੇ ਨਾਲ ਕਿਹਾ, ‘‘ਮੁਸ਼ਕਲ, ਪਰ ਜ਼ਰੂਰੀ ਆਰਥਕ ਸੁਧਾਰਾਂ ਨੂੰ ਲਾਗੂ ਕਰਨ ਲਈ ਪਾਕਿਸਤਾਨ ਅਤੇ ਆਈ.ਐਮ.ਐਫ਼. ਵਿਚਕਾਰ ‘ਆਈ.ਐਮ.ਐਫ਼. ਸਟੈਂਡਬਾਏ ਐਗਰੀਮੈਂਟ ਫ਼ਾਰ ਪਾਕਿਸਤਾਨ’ ਨੂੰ ਲੈ ਕੇ ਸਫ਼ਲ ਗੱਲਬਾਤ ਹੋਈ ਸੀ। ਇਨ੍ਹਾਂ ਗੱਲਬਾਤ ਨੂੰ ਕੋਈ ਹੋਰ ਰੰਗ ਦੇਣਾ ਧੋਖੇਬਾਜ਼ੀ ਵਾਲਾ ਕਦਮ ਹੈ।’’
ਬਲੋਚ ਨੇ ਕਿਹਾ ਕਿ ਪਾਕਿਸਤਾਨ ਨੇ ਦੋਵਾਂ ਦੇਸ਼ਾਂ ਦਰਮਿਆਨ ਵਿਵਾਦ ’ਚ ‘ਸਖਤ ਨਿਰਪੱਖਤਾ’ ਦੀ ਨੀਤੀ ਬਣਾਈ ਰੱਖੀ ਹੈ ਅਤੇ ਇਸ ਸਬੰਧੀ ਉਨ੍ਹਾਂ ਨੂੰ ਕੋਈ ਹਥਿਆਰ ਜਾਂ ਗੋਲਾ ਬਾਰੂਦ ਮੁਹੱਈਆ ਨਹੀਂ ਕਰਵਾਇਆ ਗਿਆ।
‘ਡਾਅਨ’ ਮੁਤਾਬਕ ਜੁਲਾਈ ’ਚ ਪਾਕਿਸਤਾਨ ਦੇ ਦੌਰੇ ਦੌਰਾਨ ਯੂਕਰੇਨ ਦੇ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਨੇ ਵੀ ਅਜਿਹੀਆਂ ਖਬਰਾਂ ਨੂੰ ਖਾਰਜ ਕਰ ਦਿਤਾ ਸੀ ਕਿ ਇਸਲਾਮਾਬਾਦ ਯੂਕਰੇਨ ਨੂੰ ਹਥਿਆਰ ਸਪਲਾਈ ਕਰ ਰਿਹਾ ਹੈ।
ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਭੁੱਟੋ-ਜ਼ਰਦਾਰੀ ਨੇ ਵੀ ਕਿਹਾ ਸੀ ਕਿ ਜੰਗ ਸ਼ੁਰੂ ਹੋਣ ਤੋਂ ਬਾਅਦ ਪਾਕਿਸਤਾਨ ਨੇ ਯੂਕਰੇਨ ਨਾਲ ਫੌਜੀ ਸਪਲਾਈ ਲਈ ਕੋਈ ਸਮਝੌਤਾ ਨਹੀਂ ਕੀਤਾ ਹੈ।
ਇਸ ਤੋਂ ਪਹਿਲਾਂ ਇਕ ਰੀਪੋਰਟ ’ਚ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਪਾਕਿਸਤਾਨ ਨੇ ਯੂਕਰੇਨ ਨੂੰ ਹਥਿਆਰਾਂ ਦੀ ਸਪਲਾਈ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਵਾਰਸਾ ’ਚ ਇਕ ਰਖਿਆ ਵਪਾਰਕ ਕੰਪਨੀ ਦੀ ਸਥਾਪਨਾ ਕੀਤੀ ਹੈ।
ਅਪ੍ਰੈਲ ’ਚ ਬੀ.ਬੀ.ਸੀ. ਨਾਲ ਇਕ ਇੰਟਰਵਿਊ ’ਚ ਇਕ ਯੂਕਰੇਨੀ ਕਮਾਂਡਰ ਨੇ ਪਾਕਿਸਤਾਨ ਸਮੇਤ ਹੋਰ ਦੇਸ਼ਾਂ ਤੋਂ ਰਾਕੇਟ ਪ੍ਰਾਪਤ ਕਰਨ ਦੀ ਗੱਲ ਕੀਤੀ ਸੀ, ਪਰ ਪਾਕਿਸਤਾਨੀ ਅਧਿਕਾਰੀਆਂ ਨੇ ਇਨ੍ਹਾਂ ਦਾਅਵਿਆਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿਤਾ ਸੀ।
ਆਈ.ਐਮ.ਐਫ. ਨੇ ਜੁਲਾਈ ’ਚ ਨਕਦੀ ਦੀ ਤੰਗੀ ਵਾਲੇ ਪਾਕਿਸਤਾਨ ਨੂੰ 1.2 ਅਰਬ ਅਮਰੀਕੀ ਡਾਲਰ ਦਿਤੇ ਸਨ। ਇਹ ਰਕਮ ਦੇਸ਼ ਦੀ ਸੰਘਰਸ਼ਸ਼ੀਲ ਆਰਥਿਕਤਾ ਨੂੰ ਸਥਿਰ ਕਰਨ ਲਈ ਸਰਕਾਰ ਦੇ ਯਤਨਾਂ ’ਚ ਸਹਾਇਤਾ ਲਈ ਨੌਂ ਮਹੀਨਿਆਂ ’ਚ 3 ਬਿਲੀਅਨ ਅਮਰੀਕੀ ਡਾਲਰ ਪ੍ਰਦਾਨ ਕਰਨ ਦੇ ਪ੍ਰੋਗਰਾਮ ਦਾ ਹਿੱਸਾ ਹੈ।