ਸਨਿਚਰਵਾਰ ਨੂੰ 30 ਤੋਂ ਵੱਧ ਉਡਾਣਾਂ ਨੂੰ ਬੰਬ ਧਮਾਕੇ ਦੀਆਂ ਧਮਕੀਆਂ ਮਿਲੀਆਂ
ਇਕ ਜਹਾਜ਼ ਦੇ ਇਕ ਬਾਥਰੂਮ ’ਚੋਂ ਇਕ ਨੋਟ ਮਿਲਿਆ ਹੈ, ਜਿਸ ’ਚ ਕਿਹਾ ਗਿਆ ਹੈ ਕਿ ਜਹਾਜ਼ ’ਚ ਬੰਬ ਹੈ
ਨਵੀਂ ਦਿੱਲੀ/ਮੁੰਬਈ : ਭਾਰਤ ’ਚ ਵੱਖ-ਵੱਖ ਏਅਰਲਾਈਨਾਂ ਦੀਆਂ 30 ਤੋਂ ਜ਼ਿਆਦਾ ਉਡਾਣਾਂ ਨੂੰ ਬੰਬ ਧਮਾਕੇ ਦੀ ਧਮਕੀ ਮਿਲੀ ਹੈ। ਸੂਤਰਾਂ ਨੇ ਇਸ ਬਾਰੇ ਜਾਣਕਾਰੀ ਦਿਤੀ। ਸੂਤਰਾਂ ਨੇ ਦਸਿਆ ਕਿ ਏਅਰ ਇੰਡੀਆ, ਇੰਡੀਗੋ, ਅਕਾਸਾ ਏਅਰ, ਵਿਸਤਾਰਾ, ਸਪਾਈਸ ਜੈੱਟ, ਸਟਾਰ ਏਅਰ ਅਤੇ ਅਲਾਇੰਸ ਏਅਰ ਦੀਆਂ 30 ਤੋਂ ਵੱਧ ਘਰੇਲੂ ਅਤੇ ਵਿਦੇਸ਼ੀ ਉਡਾਣਾਂ ਨੂੰ ਵੱਖ-ਵੱਖ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਬੰਬ ਧਮਾਕੇ ਦੀਆਂ ਧਮਕੀਆਂ ਮਿਲੀਆਂ ਹਨ।
ਉਨ੍ਹਾਂ ਕਿਹਾ ਕਿ ਇਕ ਜਹਾਜ਼ ਦੇ ਇਕ ਬਾਥਰੂਮ ’ਚੋਂ ਇਕ ਨੋਟ ਮਿਲਿਆ ਹੈ, ਜਿਸ ’ਚ ਕਿਹਾ ਗਿਆ ਹੈ ਕਿ ਜਹਾਜ਼ ’ਚ ਬੰਬ ਹੈ। ਇਸ ਹਫਤੇ ਹੁਣ ਤਕ ਭਾਰਤੀ ਏਅਰਲਾਈਨਾਂ ਦੀਆਂ ਘੱਟੋ-ਘੱਟ 70 ਉਡਾਣਾਂ ਨੂੰ ਬੰਬ ਧਮਾਕੇ ਦੀਆਂ ਧਮਕੀਆਂ ਮਿਲੀਆਂ ਹਨ। ਹਾਲਾਂਕਿ, ਇਹ ਸਾਰੀਆਂ ਧਮਕੀਆਂ ਬਾਅਦ ’ਚ ਅਫਵਾਹਾਂ ਸਾਬਤ ਹੋਈਆਂ।
ਵਿਸਤਾਰਾ ਨੇ ਸਨਿਚਰਵਾਰ ਨੂੰ ਕਿਹਾ ਕਿ ਕੌਮਾਂਤਰੀ ਮਾਰਗਾਂ ’ਤੇ ਚੱਲਣ ਵਾਲੀਆਂ ਉਸ ਦੀਆਂ ਪੰਜ ਉਡਾਣਾਂ ਯੂ.ਕੇ. 106 (ਸਿੰਗਾਪੁਰ ਤੋਂ ਮੁੰਬਈ), ਯੂ.ਕੇ.027 (ਮੁੰਬਈ ਤੋਂ ਫ੍ਰੈਂਕਫਰਟ), ਯੂ.ਕੇ. 107 (ਮੁੰਬਈ ਤੋਂ ਸਿੰਗਾਪੁਰ), ਯੂ.ਕੇ. 121 (ਦਿੱਲੀ ਤੋਂ ਬੈਂਕਾਕ) ਅਤੇ ਯੂ.ਕੇ. 131 (ਮੁੰਬਈ ਤੋਂ ਕੋਲੰਬੋ) ਨੂੰ ਬੰਬ ਧਮਾਕੇ ਦੀਆਂ ਧਮਕੀਆਂ ਮਿਲੀਆਂ ਹਨ।
ਕੰਪਨੀ ਨੇ ਇਕ ਬਿਆਨ ’ਚ ਕਿਹਾ, ‘‘ਪ੍ਰੋਟੋਕੋਲ ਦੀ ਪਾਲਣਾ ਕਰਦਿਆਂ ਸਾਰੇ ਸਬੰਧਤ ਅਧਿਕਾਰੀਆਂ ਨੂੰ ਤੁਰਤ ਅਲਰਟ ਕਰ ਦਿਤਾ ਗਿਆ। ਅਧਿਕਾਰੀਆਂ ਅਤੇ ਸੁਰੱਖਿਆ ਏਜੰਸੀਆਂ ਤੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਰੀਆਂ ਸੁਰੱਖਿਆ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ ਜਾ ਰਹੀ ਹੈ।’’ ਇਸ ਤੋਂ ਇਲਾਵਾ, ਉਦੈਪੁਰ ਤੋਂ ਮੁੰਬਈ ਜਾ ਰਹੀ ਵਿਸਤਾਰਾ ਦੀ ਉਡਾਣ ਯੂ.ਕੇ.624 ਨੂੰ ਸੁਰੱਖਿਆ ਚਿੰਤਾਵਾਂ ਦਾ ਸਾਹਮਣਾ ਕਰਨਾ ਪਿਆ ਅਤੇ ਜਹਾਜ਼ ਸੁਰੱਖਿਅਤ ਉਤਰ ਗਿਆ ਅਤੇ ਲਾਜ਼ਮੀ ਜਾਂਚ ਲਈ ਆਈਸੋਲੇਸ਼ਨ ਬੇ ’ਚ ਲਿਜਾਇਆ ਗਿਆ।
ਮਾਮਲੇ ਨਾਲ ਜੁੜੇ ਇਕ ਸੂਤਰ ਨੇ ਦਸਿਆ ਕਿ ਜਹਾਜ਼ ਦੇ ਪਖਾਨੇ ’ਚੋਂ ਇਕ ਨੋਟ ਮਿਲਿਆ ਹੈ, ਜਿਸ ’ਚ ਕਿਹਾ ਗਿਆ ਹੈ ਕਿ ਬੰਬ ਹੈ। ਇੰਡੀਗੋ ਨੇ ਕਿਹਾ ਕਿ ਉਸ ਦੀਆਂ ਘੱਟੋ-ਘੱਟ ਚਾਰ ਉਡਾਣਾਂ 6ਈ17 (ਮੁੰਬਈ ਤੋਂ ਇਸਤਾਂਬੁਲ), 6ਈ11 (ਦਿੱਲੀ ਤੋਂ ਇਸਤਾਂਬੁਲ), 6ਈ184 (ਜੋਧਪੁਰ ਤੋਂ ਦਿੱਲੀ) ਅਤੇ 6ਈ108 (ਹੈਦਰਾਬਾਦ ਤੋਂ ਚੰਡੀਗੜ੍ਹ) ਨੂੰ ਅਲਰਟ ਮਿਲਿਆ ਹੈ।
ਏਅਰਲਾਈਨ ਨੇ ਕਿਹਾ ਕਿ ਉਹ ਮੁੰਬਈ ਅਤੇ ਦਿੱਲੀ ਤੋਂ ਇਸਤਾਂਬੁਲ ਲਈ ਉਡਾਣਾਂ ਨਾਲ ਜੁੜੇ ਵਿਕਾਸ ਤੋਂ ਜਾਣੂ ਹੈ। ਦਿੱਲੀ-ਜੋਧਪੁਰ ਉਡਾਣ ਬਾਰੇ ਇਸ ਵਿਚ ਕਿਹਾ ਗਿਆ ਹੈ ਕਿ ਜਹਾਜ਼ ਕੌਮੀ ਰਾਜਧਾਨੀ ਵਿਚ ਸੁਰੱਖਿਅਤ ਉਤਰ ਗਿਆ ਅਤੇ ਮੁਸਾਫ਼ਰ ਵੀ ਬਾਹਰ ਆ ਗਏ ਹਨ।
ਹੈਦਰਾਬਾਦ-ਚੰਡੀਗੜ੍ਹ ਉਡਾਣ ਬਾਰੇ ਇੰਡੀਗੋ ਨੇ ਕਿਹਾ ਕਿ ਜਹਾਜ਼ ਦੇ ਉਤਰਨ ਤੋਂ ਬਾਅਦ ਸਾਰੇ ਮੁਸਾਫ਼ਰਾਂ ਨੂੰ ਬਾਹਰ ਕੱਢ ਲਿਆ ਗਿਆ ਅਤੇ ਜਹਾਜ਼ ਨੂੰ ‘ਆਈਸੋਲੇਸ਼ਨ ਬੇ’ ਵਿਚ ਲਿਜਾਇਆ ਗਿਆ। ਸੂਤਰਾਂ ਨੇ ਦਸਿਆ ਕਿ ਚੰਡੀਗੜ੍ਹ ਹਵਾਈ ਅੱਡੇ ਦੇ ਅਧਿਕਾਰੀ ‘ਆਈਸੋਲੇਸ਼ਨ ਬੇ’ ’ਚ ਜਹਾਜ਼ ਦੀ ਪੂਰੀ ਜਾਂਚ ਕਰ ਰਹੇ ਹਨ।
ਸ਼ੁਕਰਵਾਰ ਨੂੰ ਵਿਸਤਾਰਾ ਦੀਆਂ ਤਿੰਨ ਕੌਮਾਂਤਰੀ ਉਡਾਣਾਂ ਨੂੰ ਬੰਬ ਧਮਾਕੇ ਦੀ ਧਮਕੀ ਮਿਲੀ ਸੀ, ਜੋ ਬਾਅਦ ’ਚ ਅਫਵਾਹਾਂ ਸਾਬਤ ਹੋਈਆਂ। ਸਾਵਧਾਨੀ ਵਜੋਂ ਇਕ ਉਡਾਣ ਨੂੰ ਫ੍ਰੈਂਕਫਰਟ ਵਲ ਮੋੜ ਦਿਤਾ ਗਿਆ। ਸ਼ਹਿਰੀ ਹਵਾਬਾਜ਼ੀ ਮੰਤਰਾਲਾ ਉਡਾਣਾਂ ’ਤੇ ਬੰਬ ਦੀਆਂ ਝੂਠੀਆਂ ਧਮਕੀਆਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਹਵਾਈ ਯਾਤਰਾ ’ਤੇ ਪਾਬੰਦੀ ਲਗਾਉਣ ਸਮੇਤ ਸਖਤ ਉਪਾਅ ਲਾਗੂ ਕਰਨ ਦੀ ਯੋਜਨਾ ਬਣਾ ਰਿਹਾ ਹੈ।