India-UK FTA : ਜਾਣੋ, ਕਿੱਥੇ ਫਸਿਆ ਭਾਰਤ ਅਤੇ ਯੂ.ਕੇ. ਵਿਚਕਾਰ ਮੁਕਤ ਵਪਾਰ ਸਮਝੌਤਾ ਦਾ ਪੇਚ
ਬਰਤਾਨੀਆਂ ਨੇ ਭਾਰਤ ਤੋਂ ਐਫ਼.ਟੀ.ਏ. ਹੇਠ ਖੇਤੀ ਖੇਤਰ ਦੇ ਜੀ.ਆਈ. ਉਤਪਾਦਾਂ ’ਤੇ ਉੱਚ ਸੁਰੱਖਿਆ ਮੰਗੀ
India-UK FTA : ਭਾਰਤ ਨਾਲ ਪ੍ਰਸਤਾਵਿਤ ਮੁਕਤ ਵਪਾਰ ਸਮਝੌਤੇ (ਐਫ਼.ਟੀ.ਏ.) ’ਚ ਬਰਤਾਨੀਆਂ ਦੀ ਖੇਤੀ ਖੇਤਰ ਨਾਲ ਸਬੰਧਤ ਅਪਣੇ ਭੁਗੌਲਿਕ ਸੰਕੇਤ (ਜੀ.ਆਈ.) ਉਤਪਾਦਾਂ ਲਈ ਉੱਚ ਪੱਧਰ ਦੀ ਸੁਰਖਿਆ ਦੀ ਮੰਗ ’ਤੇ ਅਜੇ ਤਕ ਕੋਈ ਸਹਿਮਤੀ ਨਹੀਂ ਬਣ ਸਕੀ ਹੈ। ਇਕ ਅਧਿਕਾਰੀ ਨੇ ਕਿਹਾ ਕਿ ਮਤਭੇਦਾਂ ਨੂੰ ਦੂਰ ਕਰਨ ਲਈ ਸਮਝੌਤੇ ’ਤੇ ਗੱਲਬਾਤ ਜਾਰੀ ਹੈ।
ਬਰਤਾਨੀਆਂ ਦੇ ਜੀ.ਆਈ. ਉਤਪਾਦਾਂ ’ਚ ਸਕਾਚ ਵਿਸਕੀ, ਸਿਲਟਨ ਚੀਜ਼ ਅਤੇ ਸ਼ੇਡਰ ਚੀਜ਼ ਸ਼ਾਮਲ ਹਨ। ਜੀ.ਆਈ. ਉਤਪਾਦ ਮੁੱਖ ਤੌਰ ’ਤੇ ਇਕ ਨਿਸ਼ਚਿਤ ਭੁਗੋਲਿਕ ਖੇਤਰ ਤੋਂ ਪੈਦਾ ਹੋਣ ਵਾਲੇ ਖੇਤੀ, ਕੁਦਰਤੀ ਜਾਂ ਨਿਰਮਿਤ ਉਤਪਾਦ (ਹਸਤਸ਼ਿਲਪ ਅਤੇ ਉਦਯੋਗਿਕ ਸਾਮਾਨ) ਹੁੰਦੇ ਹਨ। ਆਮ ਤੌਰ ’ਤੇ ਜੀ.ਆਈ. ਪਛਾਣ ਉਤਪਾਦ ਦੀ ਕੁਆਲਿਟੀ ਅਤੇ ਵਿਸ਼ੇਸ਼ਤਾ ਦਾ ਭਰੋਸਾ ਦਿੰਦਾ ਹੈ।
ਇਕ ਵਾਰੀ ਜਦੋਂ ਕਿਸੇ ਉਤਪਾਦ ਨੂੰ ਜੀ.ਆਈ. ਪਛਾਣ ਮਿਲ ਜਾਂਦੀ ਹੈ ਤਾਂ ਕੋਈ ਵੀ ਵਿਅਕਤੀ ਜਾਂ ਕੰਪਨੀ ਉਸ ਨਾਂ ਦੀ ਵਸਤੂ ਨੂੰ ਨਹੀਂ ਵੇਚ ਸਕਦੀ ਹੈ। ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਇਕ ਅਧਿਕਾਰੀ ਨੇ ਕਿਹਾ ਕਿ ਭਾਰਤ ਆਮ ਤੌਰ ’ਤੇ ਜੀ.ਆਈ. ਨਿਯਮਾਂ ਦੀ ਉਲੰਘਣਾ ਲਈ ਆਮ ਸੁਰਖਿਆ ਪ੍ਰਦਾਨ ਕਰਦਾ ਹੈ, ਪਰ ਬਰਤਾਨੀਆਂ ਅਪਣੇ ਖੇਤੀ ਜੀ.ਆਈ. ਉਤਪਾਦਾਂ ਲਈ ਉੱਚ ਪੱਧਰ ਦੀ ਸੁਰਖਿਆ ਦੀ ਮੰਗ ਕਰ ਰਿਹਾ ਹੈ।
ਉਨ੍ਹਾਂ ਕਿਹਾ, ‘‘ਦੋਹਾਂ ਦੇਸ਼ਾਂ ਵਿਚਕਾਰ ਗੱਲਬਾਤ ਚਲ ਰਹੀ ਹੈ। ਬੌਧਿਕ ਸੰਪਦਾ ਅਧਿਕਾਰ (ਆਈ.ਪੀ.ਆਰ.) ’ਚ ਕੁਝ ਮੁੱਦੇ ਬਕਾਇਆ ਹਨ।’’ ਮਾਹਰਾਂ ਅਨੁਸਾਰ ਵਿਸ਼ਵ ਵਪਾਰ ਸੰਗਠਨ (ਡਬਲਿਊ.ਟੀ.ਓ.) ਹੇਠ ਬੌਧਿਕ ਸੰਪਦਾ ਅਧਿਕਾਰਾਂ ਦੇ ਵਪਾਰ-ਸਬੰਧਤ ਪਹਿਲੂ (ਟਰਿਪਸ) ਜੀ.ਆਈ. ਲਈ ਸੁਰਖਿਆ ਦੇ ਉੱਚੇ ਪੱਧਰ ਦੀ ਰੂਪਰੇਖਾ ਤਿਆਰ ਕਰਦੇ ਹਨ।
ਜੇਕਰ ਉਤਪਾਦ ਅਸਲ ’ਚ ਦੱਸੇ ਗਏ ਇਲਾਕੇ ’ਚ ਪੈਦਾ ਨਹੀਂ ਹੋਇਆ ਹੈ ਤਾਂ ਇਹ ਵਧੀ ਹੋਈ ਸੁਰਖਿਆ ਜੀ.ਆਈ. ਦੇ ਪ੍ਰਯੋਗ ’ਤੇ ਰੋਕ ਲਗਾਉਂਦੀ ਹੈ, ਭਾਵੇਂ ਹੀ ਜਨਤਾ ਨੂੰ ਗੁਮਰਾਹ ਕੀਤਾ ਗਿਆ ਹੋਵੇ ਜਾਂ ਅਸਲ ਉਤਪਤੀ ਦਸੀ ਗਈ ਹੋਵੇ। ਇਹ ਹਾਰ ਹਾਲਤ ’ਚ ਜੀ.ਆਈ. ਦੀ ਪੂਰੀ ਸੁਰਖਿਆ ਯਕੀਨੀ ਕਰਦਾ ਹੈ।
(For more news apart India-UK FTA, stay tuned to Rozana Spokesman)