ਪਿਆਜ਼ ਤੋਂ ਬਾਅਦ ਹੁਣ ਹੋਵੇਗਾ ਚਾਹ ਦਾ ਸਵਾਦ ਫਿੱਕਾ

ਏਜੰਸੀ

ਖ਼ਬਰਾਂ, ਵਪਾਰ

ਚਾਲੂ ਵਿੱਤੀ ਵਰ੍ਹੇ 'ਚ 15 ਦਸੰਬਰ ਤਕ ਦੇਸ਼ ਦਾ ਚੀਨੀ ਉਤਪਾਦਨ 35% ਦੀ ਗਿਰਾਵਟ ਨਾਲ 4.58 ਮਿਲੀਅਨ ਟਨ 'ਤੇ ਆ ਗਿਆ ਹੈ।

File Photo

ਨਵੀਂ ਦਿੱਲੀ- ਦੇਸ਼ 'ਚ ਪਿਆਜ ਦੀਆਂ ਕੀਮਤਾਂ ਨੇ ਆਮ ਆਦਮੀ ਦੇ ਬਜਟ ਨੂੰ ਵਿਗਾੜ ਕੇ ਰੱਖ ਦਿੱਤਾ ਹੈ। ਹੁਣ ਇੱਕ ਹੋਰ ਮਾੜੀ ਖਬਰ ਸਾਹਮਣੇ ਆਈ ਹੈ, ਚੀਨੀ ਵੀ ਮਹਿੰਗੀ ਹੋ ਸਕਦੀ ਹੈ, ਜਿਸ ਨਾਲ ਚਾਹ ਦਾ ਸੁਆਦ ਵੀ ਫਿੱਕਾ ਹੋ ਜਾਵੇਗਾ। ਭਾਰਤ 'ਚ ਚੀਨੀ ਉਤਪਾਦਨ 'ਚ ਗਿਰਾਵਟ ਦਰਜ ਕੀਤੀ ਗਈ ਹੈ।

ਚਾਲੂ ਵਿੱਤੀ ਵਰ੍ਹੇ '15 ਦਸੰਬਰ ਤਕ ਦੇਸ਼ ਦਾ ਚੀਨੀ ਉਤਪਾਦਨ 35% ਦੀ ਗਿਰਾਵਟ ਨਾਲ 4.58 ਮਿਲੀਅਨ ਟਨ 'ਤੇ ਆ ਗਿਆ ਹੈ। ਚੀਨੀ ਉਤਪਾਦਨ 'ਚ ਇਹ ਕਮੀ ਮਹਾਰਾਸ਼ਟਰ ਅਤੇ ਕਰਨਾਟਕ ਤੋਂ ਹੋਣ ਵਾਲੇ ਉਤਪਾਦਨ 'ਚ ਤੇਜ਼ੀ ਨਾਲ ਆਈ ਗਿਰਾਵਟ ਕਾਰਨ ਹੋਈ ਹੈ। ਇਹ ਜਾਣਕਾਰੀ ਭਾਰਤੀ ਚੀਨੀ ਮਿੱਲ ਐਸੋਸੀਏਸ਼ਨ (ਇਸਮਾ) ਨੇ ਦਿੱਤੀ। 2018-19 ਦੇ ਮਾਰਕੀਟਿੰਗ ਸਾਲ 'ਚ ਮਿਲਾਂ ਨੇ ਇਸ ਦੌਰਾਨ 70.5 ਲੱਖ ਟਨ ਖੰਡ ਦਾ ਉਤਪਾਦਨ ਕੀਤਾ ਸੀ।

ਸ਼ੂਗਰ ਮਾਰਕੀਟਿੰਗ ਸਾਲ ਅਕਤੂਬਰ ਤੋਂ ਸਤੰਬਰ ਤੱਕ ਚੱਲਦਾ ਹੈ। ਇਸਮਾ ਮੁਤਾਬਕ, 15 ਦਸੰਬਰ ਨੂੰ 406 ਖੰਡ ਮਿੱਲਾਂ ਗੰਨੇ ਦੀ ਪਿੜਾਈ ਕਰ ਰਹੀਆਂ ਸਨ, ਜਦੋਂ ਕਿ ਪਿਛਲੇ ਸਾਲ ਇਸੇ ਦਿਨ 473 ਮਿੱਲਾਂ ਚਾਲੂ ਸਨ। ਦੇਸ਼ ਦੇ ਸਭ ਤੋਂ ਵੱਡੇ ਖੰਡ ਉਤਪਾਦਕ ਉੱਤਰ ਪ੍ਰਦੇਸ਼ 'ਚ ਮਿੱਲਾਂ ਨੇ 15 ਦਸੰਬਰ ਤੱਕ 21.2 ਲੱਖ ਟਨ ਖੰਡ ਦਾ ਉਤਪਾਦਨ ਕੀਤਾ ਹੈ, ਜੋ ਪਿਛਲੇ ਸਾਲ ਦੀ ਇਸ ਮਿਆਦ '18.9 ਲੱਖ ਟਨ ਤੋਂ ਵੱਧ ਹੈ।

ਯੂ. ਪੀ. ਮਿੱਲਾਂ ਨੇ ਚਾਲੂ ਸੀਜ਼ਨ 'ਚ ਇਕ ਹਫ਼ਤਾ ਪਹਿਲਾਂ ਪਿੜਾਈ ਸ਼ੁਰੂ ਕਰ ਦਿੱਤੀ ਸੀ। ਹਾਲਾਂਕਿ ਦੂਜੇ ਸਭ ਤੋਂ ਵੱਡੇ ਖੰਡ ਉਤਪਾਦਕ ਮਹਾਰਾਸ਼ਟਰ 'ਚ ਉਤਪਾਦਨ 'ਚ ਭਾਰੀ ਗਿਰਾਵਟ ਆਈ ਹੈ। ਮਹਾਰਸ਼ਟਰ 'ਚ ਮਿੱਲਾਂ ਨੇ ਪਿਛਲੇ ਸਾਲ ਦੇ 29 ਲੱਖ ਟਨ ਦੀ ਤੁਲਨਾ 'ਚ ਇਸ ਵਾਰ ਹੁਣ ਤਕ ਸਿਰਫ 7,66,000 ਟਨ ਉਤਪਾਦਨ ਕੀਤਾ ਹੈ।

ਇਸੇ ਤਰ੍ਹਾਂ ਤੀਜੇ ਸਭ ਤੋਂ ਵੱਡੇ ਖੰਡ ਉਤਪਾਦਕ ਸੂਬੇ ਕਰਨਾਟਕ ਨੇ ਇਸ ਸਾਲ 15 ਦਸੰਬਰ ਤਕ 10.6 ਲੱਖ ਟਨ ਉਤਪਾਦਨ ਕੀਤਾ ਹੈ, ਜੋ ਪਿਛਲੀ ਵਾਰ ਇਸ ਦੌਰਾਨ 13.9 ਲੱਖ ਟਨ ਸੀ। ​