ਰੁਪਏ ਦੀ ਕੀਮਤ ’ਚ ਵੱਡੀ ਗਿਰਾਵਟ, 64 ਪੈਸੇ ਡਿੱਗ ਕੇ ਰਿਕਾਰਡ 93.53 ਰੁਪਏ ਪ੍ਰਤੀ ਅਮਰੀਕੀ ਡਾਲਰ ’ਤੇ ਪਹੁੰਚਿਆ
ਕੱਚੇ ਤੇਲ ਦੀ ਕੀਮਤ ਵੀ 1.84 ਫ਼ੀਸਦੀ ਵੱਧ ਕੇ 110.7 ਡਾਲਰ ਪ੍ਰਤੀ ਬੈਰਲ ’ਤੇ ਪਹੁੰਚੀ
ਮੁੰਬਈ: ਭਾਰਤੀ ਰੁਪਿਆ ਸ਼ੁਕਰਵਾਰ ਨੂੰ 64 ਪੈਸੇ ਡਿੱਗ ਕੇ ਅਮਰੀਕੀ ਡਾਲਰ ਦੇ ਮੁਕਾਬਲੇ 93.53 ਦੇ ਇਤਿਹਾਸਕ ਹੇਠਲੇ ਪੱਧਰ ’ਤੇ ਬੰਦ ਹੋਇਆ। ਵਿਦੇਸ਼ੀ ਨਿਵੇਸ਼ਕਾਂ ਵਲੋਂ ਲਗਾਤਾਰ ਪੂੰਜੀ ਕੱਢਣ ਅਤੇ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਨੇ ਰੁਪਏ ’ਤੇ ਭਾਰੀ ਦਬਾਅ ਬਣਾਇਆ। ਵਿਦੇਸ਼ੀ ਮੁਦਰਾ ਬਾਜ਼ਾਰ ਵਿਚ ਰੁਪਿਆ ਪਹਿਲੀ ਵਾਰ 93 ਦੇ ਪੱਧਰ ਤੋਂ ਹੇਠਾਂ ਗਿਆ।
ਮਿਰਾਏ ਐਸੈੱਟ ਸ਼ੇਅਰਖਾਨ ਦੇ ਖੋਜ ਵਿਸ਼ਲੇਸ਼ਕ ਅਨੁਜ ਚੌਧਰੀ ਨੇ ਕਿਹਾ, ‘‘ਰੁਪਿਆ ਨਵੇਂ ਹੇਠਲੇ ਪੱਧਰ ’ਤੇ ਪਹੁੰਚ ਗਿਆ ਹੈ। ਪਛਮੀ ਏਸ਼ੀਆ ਵਿਚ ਭੂ-ਸਿਆਸੀ ਤਣਾਅ ਅਤੇ ਵਿਦੇਸ਼ੀ ਨਿਵੇਸ਼ਕਾਂ ਦੀ ਵਿਕਰੀ ਨੇ ਇਸ ਨੂੰ ਹੋਰ ਕਮਜ਼ੋਰ ਕੀਤਾ ਹੈ।’’ ਦੂਜੇ ਪਾਸੇ ਕੱਚੇ ਤੇਲ ਦੀ ਕੀਮਤ ਵੀ 1.84 ਫ਼ੀ ਸਦੀ ਵਧ ਕੇ 110.7 ਡਾਲਰ ਪ੍ਰਤੀ ਬੈਰਲ ’ਤੇ ਪਹੁੰਚ ਗਈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੇਕਰ ਤਣਾਅ ਜਾਰੀ ਰਹੇ ਤਾਂ ਰੁਪਏ ’ਤੇ ਹੋਰ ਨਕਾਰਾਤਮਕ ਦਬਾਅ ਬਣ ਸਕਦਾ ਹੈ। ਇਸ ਦੇ ਨਾਲ ਹੀ ਹਾਲਾਂਕਿ ਵੀਰਵਾਰ ਨੂੰ ਵੱਡੀ ਗਿਰਾਵਟ ਮਗਰੋਂ ਸੈਂਸੈਕਸ ਕੁੱਝ ਸੰਭਲਿਆ ਅਤੇ 325 ਅੰਕ ਚੜ੍ਹ ਕੇ 74,532 ’ਤੇ ਅਤੇ ਨਿਫਟੀ 112 ਅੰਕ ਵਧ ਕੇ 23,114 ’ਤੇ ਬੰਦ ਹੋਏ।