ਮੁਕੇਸ਼ ਅੰਬਾਨੀ ਦੀ ਤਨਖਾਹ ਲਗਾਤਾਰ 11ਵੇਂ ਸਾਲ 15 ਕਰੋੜ ਰੁਪਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਭਾਰਤ ਦੇ ਸਭ ਤੋਂ ਅਮੀਰ ਕਾਰੋਬਾਰੀ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ...

Mukesh Ambani

ਨਵੀਂ ਦਿੱਲੀ : ਭਾਰਤ ਦੇ ਸਭ ਤੋਂ ਅਮੀਰ ਕਾਰੋਬਾਰੀ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ ਦਾ ਸਾਲਾਨਾ ਤਨਖਾਹ ਪੈਕੇਜ ਲਗਾਤਾਰ 11ਵੇਂ ਸਾਲ 15 ਕਰੋੜ ਦੇ ਪੱਧਰ 'ਤੇ ਬਣਿਆ ਹੋਇਆ ਹੈ। ਕੰਪਨੀ ਤੋਂ ਮਿਲਣ ਵਾਲੀ ਅੰਬਾਨੀ ਦੀਆਂ ਸਾਲਾਨਾ ਤਨਖਾਹ ਸਾਲ 2008-09 ਤੋਂ ਸਥਿਰ ਹੈ। ਕੰਪਨੀ ਦੀ ਸਾਲਾਨਾ ਰੀਪੋਰਟ ਅਨੁਸਾਰ,''ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ ਦੀ ਕੁੱਲ ਸਾਲਾਨਾ ਤਨਖਾਹ 15 ਕਰੋੜ ਰੁਪਏ ਦੇ ਪੱਧਰ 'ਤੇ ਬਰਕਰਾਰ ਰੱਖੀ ਗਈ ਹੈ।

ਇਹ ਕੰਪਨੀ ਦੇ ਪ੍ਰਬੰਧਕੀ ਪੱਧਰ ਦੀਆਂ ਤਨਖਾਹਾਂ ਨੂੰ ਸੰਤੁਲਤ ਰੱਖਣ ਦੇ ਵਿਸ਼ੇ 'ਚ ਖ਼ੁਦ ਇਕ ਉਦਾਹਰਣ ਪੇਸ਼ ਕਰਦੇ ਰਹਿਣ ਦੀ ਉਨ੍ਹਾਂ ਦੀ ਇੱਛਾ ਸ਼ਕਤੀ ਨੂੰ ਦਰਸਾਉਂਦਾ ਹੈ।'' ਇਸ ਦੌਰਾਨ ਰਿਲਾਇੰਸ ਇੰਡਸਟਰੀ 'ਚ ਅੰਬਾਨੀ ਦੇ ਸਾਰੇ ਫ਼ੁਲ ਟਾਇਮ ਡਾਇਰੈਕਟਰ ਦੇ ਆਨਰੇਰੀਅਮ 'ਚ ਚੰਗਾ ਵਾਧਾ ਕੀਤਾ ਗਿਆ ਹੈ ਜਿਨ੍ਹਾਂ ਵਿਚ ਉਨ੍ਹਾਂ ਦੇ ਨੇੜੇ ਦੇ ਰਿਸ਼ਤੇਦਾਰ ਨਿਖਿਲ ਅਤੇ ਹੀਤਲ ਮੇਸਾਨੀ ਵੀ ਹਨ। ਮੁਕੇਸ਼ ਅੰਬਾਨੀ ਦੇ ਵਿੱਤੀ ਸਾਲ 2018-19 ਦੀ ਤਨਖਾਹ ਵਿਚ 4.45 ਕਰੋੜ ਰੁਪਏ ਤਨਖਾਹ ਅਤੇ ਭੱਤੇ ਦੇ ਰੂਪ ਵਿਚ ਦਿਤੇ ਗਏ।

ਉਨ੍ਹਾਂ ਦੀ ਤਨਖਾਹ ਅਤੇ ਭੱਤਾ 2017-18 'ਚ 4.49 ਕਰੋੜ ਰੁਪਏ ਰਿਹਾ ਸੀ। ਅੰਬਾਨੀ ਨੇ ਅਪਣੀ ਮਰਜ਼ੀ ਨਾਲ ਅਪਣੀ ਤਨਖਾਹ ਸਥਿਰ ਰੱਖਣ ਲਈ ਅਕਤੂਬਰ 2009 ਵਿਚ ਐਲਾਨ ਕੀਤਾ ਸੀ। ਨਿਖਿਲ ਅਤੇ ਹੀਤਲ ਦੋਵਾਂ ਨੂੰ 2018-19 'ਚ 20.57-20.57 ਕਰੋੜ ਰੁਪਏ ਦਾ ਪੈਕੇਜ ਦਿਤਾ ਗਿਆ। ਇਕ ਸਾਲ ਪਹਿਲਾਂ ਇਨ੍ਹਾਂ ਦੋਵਾਂ ਵਿਚੋਂ ਹਰੇਕ ਨੂੰ 19.99 ਕਰੋੜ ਰੁਪਏ ਮਿਲੇ ਸਨ। ਇਸ ਦੌਰਾਨ ਕੰਪਨੀ ਦੇ ਕਾਰਜਕਾਰੀ ਨਿਰਦੇਸ਼ਕ ਪੀ.ਐਮ.ਐਸ. ਪ੍ਰਸਾਦ ਦੀ ਤਨਖਾਹ 8.99 ਕਰੋੜ ਰੁਪਏ ਤੋਂ ਵਧਾ ਕੇ 10.01 ਕਰੋੜ ਰੁਪਏ ਕੀਤੀ ਗਈ।

ਇਸ ਤਰ੍ਹਾਂ ਕੰਪਨੀ ਦੇ ਤੇਲ ਸੋਧ ਕਾਰੋਬਾਰ ਦੇ ਪ੍ਰਮੁੱਖ ਪਵਨ ਕੁਮਾਰ ਕਪਿਲ ਦੀ ਤਨਖਾਹ ਵੀ 3.47 ਕਰੋੜ ਰੁਪਏ ਤੋਂ ਵਧ ਕੇ 4.17 ਕਰੋੜ ਰੁਪਏ ਪਹੁੰਚ ਗਈ।  ਕੰਪਨੀ ਦੇ ਫੁਲ ਟਾਈਮ ਡਾਇਰੈਕਟਰਾਂ ਵਿਚ ਮੁਕੇਸ਼ ਅੰਬਾਨੀ ਤੋਂ ਇਲਾਵਾ ਨਿਖਿਲ, ਹੀਤਲ, ਪ੍ਰਸਾਦ ਅਤੇ ਕਪਿਲ ਵੀ ਸ਼ਾਮਲ ਹਨ।