ਟਰੰਪ ਦੇ ਫ਼ੈਸਲੇ ਮਗਰੋਂ ਮਚੀ ਅਮਰੀਕਾ ਜਾਣ ਦੀ ਹਫੜਾ-ਦਫੜੀ
ਜਹਾਜ਼ਾਂ ਤੋਂ ਉਤਰੇ ਲੋਕ, ਅਮਰੀਕਾ ਦੇ ਕਿਰਾਏ ਹੋਏ ਦੁੱਗਣੇ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਵੱਲੋਂ ਅਚਾਨਕ ਐੱਚ-1ਬੀ ਵੀਜ਼ਾ ਫੀਸ 1 ਲੱਖ ਡਾਲਰ (ਕਰੀਬ 88 ਲੱਖ ਰੁਪਏ) ਕਰਨ ਦੇ ਐਲਾਨ ਮਗਰੋਂ ਹਵਾਈ ਅੱਡਿਆਂ ਉੱਤੇ ਹਫੜਾ-ਦਫੜੀ ਮਚ ਗਈ ਹੈ। ਦਰਅਸਲ ਨਵਾਂ ਨਿਯਮ 21 ਸਤੰਬਰ 2025 ਤੋਂ ਲਾਗੂ ਹੋ ਜਾਵੇਗਾ, ਜਿਸ ਕਾਰਨ ਲੋਕਾਂ ਕੋਲ ਤਿਆਰੀ ਲਈ ਬਹੁਤ ਘੱਟ ਸਮਾਂ ਬਚੇਗਾ। ਇਹ ਖ਼ਬਰ ਸਾਹਮਣੇ ਆਉਂਦੇ ਹੀ ਬਹੁਤ ਸਾਰੇ ਲੋਕ ਤੁਰੰਤ ਅਮਰੀਕਾ ਤੋਂ ਬਾਹਰ ਜਾਣ ਵਾਲੀਆਂ ਉਡਾਣਾਂ ਤੋਂ ਉਤਰ ਗਏ। ਖ਼ਾਸਕਰ ਤਿਉਹਾਰਾਂ ’ਤੇ ਘਰ ਪਰਤਣ ਜਾ ਰਹੇ ਭਾਰਤੀ ਮੁਸਾਫ਼ਰ ਵੱਡੀ ਮੁਸੀਬਤ ਵਿਚ ਸਨ। ਟਰੰਪ ਦੇ ਇਸ ਫੈਸਲੇ ਦਾ ਸਿੱਧਾ ਅਸਰ ਅਮਰੀਕਾ ’ਚ ਕੰਮ ਕਰਨ ਵਾਲੇ ਭਾਰਤੀ ਪੇਸ਼ੇਵਰਾਂ ਅਤੇ ਵਿਦਿਆਰਥੀਆਂ ਉੱਤੇ ਪਵੇਗਾ।
ਅਚਾਨਕ ਲਏ ਗਏ ਫੈਸਲੇ ਤੋਂ ਬਾਅਦ ਹਵਾਈ ਟਿਕਟਾਂ ਦੀਆਂ ਕੀਮਤਾਂ ਅਸਮਾਨ ਛੂਹਣੀਆਂ ਸ਼ੁਰੂ ਹੋ ਗਈਆਂ। ਐੱਚ-1ਬੀ ਵੀਜ਼ਾ ਧਾਰਕਾਂ ’ਚ 70 ਫੀਸਦੀ ਭਾਰਤੀ ਹਨ, ਇਸ ਲਈ ਇਹ ਕਦਮ ਉਨ੍ਹਾਂ ਲਈ ਵੱਡਾ ਝਟਕਾ ਸਾਬਤ ਹੋ ਸਕਦਾ ਹੈ। ਟਰੰਪ ਪ੍ਰਸ਼ਾਸਨ ਦੇ ਨਵੇਂ ਨਿਯਮ ਮੁਤਾਬਕ ਕਿਸੇ ਵੀ ਵੀਜ਼ਾ ਧਾਰਕ ਨੂੰ 21 ਸਤੰਬਰ ਨੂੰ ਦੁਪਹਿਰ 12.01 ਵਜੇ (ਭਾਰਤੀ ਸਮੇਂ ਮੁਤਾਬਕ ਰਾਤ 9.31 ਵਜੇ) ਤੱਕ ਅਮਰੀਕਾ ’ਚ ਦਾਖਲ ਹੋਣਾ ਹੋਵੇਗਾ। ਇਸ ਤੋਂ ਬਾਅਦ ਕਿਸੇ ਵੀ ਐੱਚ-1ਬੀ ਕਰਮਚਾਰੀ ਨੂੰ ਅਮਰੀਕਾ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ, ਜਦੋਂ ਤੱਕ ਉਸ ਦਾ ਸਪਾਂਸਰ ਮਾਲਕ 1,00,000 ਡਾਲਰ (ਲਗਭਗ 88 ਲੱਖ ਰੁਪਏ) ਦੀ ਨਵੀਂ ਫੀਸ ਜਮ੍ਹਾ ਨਹੀਂ ਕਰਦਾ।
ਐਲਾਨ ਤੋਂ ਤੁਰੰਤ ਬਾਅਦ ਹੀ ਐਮਾਜ਼ੋਨ, ਮਾਈਕ੍ਰੋਸਾਫਟ ਅਤੇ ਜੇ.ਪੀ. ਮੋਰਗਨ ਵਰਗੀਆਂ ਵੱਡੀਆਂ ਕੰਪਨੀਆਂ ਨੇ ਐਚ-1ਬੀ ਵੀਜ਼ਾ ਉਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਅਮਰੀਕਾ ਨਾ ਛੱਡਣ ਦੀ ਸਲਾਹ ਦਿੱਤੀ ਹੈ। ਇਸ ਦੇ ਨਾਲ ਹੀ ਜੋ ਲੋਕ ਇਸ ਸਮੇਂ ਵਿਦੇਸ਼ਾਂ ’ਚ ਹਨ, ਉਨ੍ਹਾਂ ਨੂੰ ਤੁਰੰਤ ਅਮਰੀਕਾ ਪਰਤਣ ਦੇ ਹੁਕਮ ਦਿੱਤੇ ਗਏ ਹਨ। ਅਮਰੀਕਾ ਦੇ ਇਮੀਗ੍ਰੇਸ਼ਨ ਵਕੀਲ ਸਾਇਰਸ ਮਹਿਤਾ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਐੱਚ-1ਬੀ ਵੀਜ਼ਾ ਧਾਰਕ 21 ਸਤੰਬਰ ਦੀ ਅੱਧੀ ਰਾਤ ਤੋਂ ਪਹਿਲਾਂ ਅਮਰੀਕਾ ’ਚ ਦਾਖਲ ਨਹੀਂ ਹੋ ਸਕਣਗੇ ਤਾਂ ਉਹ ਫਸ ਜਾਣਗੇ। ਖ਼ਾਸਕਰ ਭਾਰਤ ਵਿਚ ਮੌਜੂਦ ਵੀਜ਼ਾ ਧਾਰਕ ਸਮੇਂ ਸਿਰ ਉਡਾਣਾਂ ਨਾ ਮਿਲਣ ਕਾਰਨ ਸਮਾਂ ਸੀਮਾ ਤੋਂ ਪਹਿਲਾਂ ਵਾਪਸ ਨਹੀਂ ਆ ਸਕਣਗੇ।
ਮੀਡੀਆ ਰਿਪੋਰਟਾਂ ਮੁਤਾਬਕ ਨਵੀਂ ਦਿੱਲੀ ਤੋਂ ਨਿਊਯਾਰਕ ਦੇ ਜੌਨ ਐਫ ਕੈਨੇਡੀ ਹਵਾਈ ਅੱਡੇ ਲਈ ਇਕਤਰਫਾ ਟਿਕਟ ਦਾ ਕਿਰਾਇਆ ਅਚਾਨਕ ਵੱਧ ਗਿਆ। ਟਰੰਪ ਵੱਲੋਂ ਨਵੇਂ ਇਮੀਗ੍ਰੇਸ਼ਨ ਨਿਯਮਾਂ ਦੇ ਐਲਾਨ ਦੇ ਦੋ ਘੰਟੇ ਬਾਅਦ ਹੀ 37,000 ਰੁਪਏ ਦੀਆਂ ਟਿਕਟਾਂ 70,000 ਤੋਂ 80,000 ਰੁਪਏ ਤੱਕ ਪਹੁੰਚ ਗਈਆਂ ਹਨ। ਫਿਲਹਾਲ ਦਿੱਲੀ ਤੋਂ ਨਿਊਯਾਰਕ ਦਾ ਕਿਰਾਇਆ 4,500 ਡਾਲਰ ਤੱਕ ਪਹੁੰਚ ਗਿਆ ਹੈ। ਲੋਕ ਜਲਦੀ ਤੋਂ ਜਲਦੀ ਅਮਰੀਕਾ ਪਰਤਣ ਦੀ ਕੋਸ਼ਿਸ਼ ਕਰ ਰਹੇ ਹਨ ਕਿਉਂਕਿ ਉਹ ਨਵੇਂ ਐਚ-1ਬੀ ਨਿਯਮਾਂ ਤੋਂ ਚਿੰਤਤ ਹਨ।
ਚਾਰਟਰਡ ਅਕਾਊਂਟੈਂਟ ਕੌਸਤਵ ਮਜੂਮਦਾਰ ਨੇ ‘ਐਕਸ’ ਉੱਤੇ ਲਿਖਿਆ ਕਿ ਸਥਿਤੀ ਕਿੰਨੀ ਤਣਾਅਪੂਰਨ ਹੋ ਗਈ ਸੀ। ਉਨ੍ਹਾਂ ਮੁਤਾਬਕ ਬੇ ਏਰੀਆ ਤੋਂ ਭਾਰਤੀਆਂ ਨਾਲ ਭਰੀ ਇਕ ਕੌਮਾਂਤਰੀ ਉਡਾਣ ਸੈਨ ਫਰਾਂਸਿਸਕੋ ਹਵਾਈ ਅੱਡੇ ਤੋਂ ਉਡਾਣ ਭਰਨ ਵਾਲੀ ਸੀ। ਉਦੋਂ ਹੀ ਐੱਚ-1ਬੀ ਵੀਜ਼ਾ ਲਈ ਨਵੇਂ ਨਿਯਮਾਂ ਦੀ ਖ਼ਬਰ ਫੈਲ ਗਈ। ਇਸ ਤੋਂ ਬਾਅਦ ਜਹਾਜ਼ ’ਚ ਬੈਠੇ ਭਾਰਤੀ ਮੁਸਾਫ਼ਰ ਘਬਰਾ ਗਏ ਅਤੇ ਤੁਰੰਤ ਉਤਰਨ ਦੀ ਬੇਨਤੀ ਕਰਨੀ ਸ਼ੁਰੂ ਕਰ ਦਿੱਤੀ।