ਬਰਤਾਨੀਆਂ ਤੇ ਕੈਨੇਡੀਅਨ ਸੀ.ਏ. ਨੂੰ ਭਾਰਤ ’ਚ ਪ੍ਰੈਕਟਿਸ ਕਰਨ ਦੀ ਇਜਾਜ਼ਤ ਦਿਤੀ ਜਾ ਸਕਦੀ ਹੈ : ਆਈ.ਸੀ.ਏ.ਆਈ. ਪ੍ਰਧਾਨ 

ਏਜੰਸੀ

ਖ਼ਬਰਾਂ, ਵਪਾਰ

ਆਸਟਰੇਲੀਆ ਨਾਲ ਵੀ ਇਸੇ ਤਰ੍ਹਾਂ ਦੀ ਵਿਵਸਥਾ ’ਤੇ ਵਿਚਾਰਾਂ ਚਾਲੂ

ICAI President Ranjeet Kumar Agarwal

Chartered accountants from the UK and Canada, ICAI, Ranjeet Kumar Agarwal: ਬਰਤਾਨੀਆਂ ਅਤੇ ਕੈਨੇਡਾ ਦੇ ਚਾਰਟਰਡ ਅਕਾਊਂਟੈਂਟਾਂ (ਸੀ.ਏ.) ਨੂੰ ਭਾਰਤ ’ਚ ਪ੍ਰੈਕਟਿਸ ਕਰਨ ਦੀ ਇਜਾਜ਼ਤ ਦਿਤੀ ਜਾ ਸਕਦੀ ਹੈ। ਚੋਟੀ ਦੀ ਸੰਸਥਾ ਆਈ.ਸੀ.ਏ.ਆਈ. ਨੇ ਸਰਕਾਰ ਨੂੰ ਇਹ ਪ੍ਰਸਤਾਵ ਦਿਤਾ ਹੈ।

ਚਾਰਟਰਡ ਅਕਾਊਂਟੈਂਟਾਂ ਦੀ ਚੋਟੀ ਦੀ ਸੰਸਥਾ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ (ਆਈ.ਸੀ.ਏ.ਆਈ.) ਦੇ ਪ੍ਰਧਾਨ ਰਣਜੀਤ ਕੁਮਾਰ ਅਗਰਵਾਲ ਨੇ ਬੁਧਵਾਰ ਨੂੰ ਕਿਹਾ ਕਿ ਇਸ ਪ੍ਰਸਤਾਵ ਨੂੰ ਆਪਸੀ ਆਧਾਰ ’ਤੇ ਸਖਤੀ ਨਾਲ ਲਾਗੂ ਕੀਤਾ ਜਾਵੇਗਾ ਤਾਂ ਜੋ ਭਾਰਤ ਦੇ ਚਾਰਟਰਡ ਅਕਾਊਂਟੈਂਟਾਂ ਨੂੰ ਵੀ ਬਰਤਾਨੀਆਂ ਅਤੇ ਕੈਨੇਡਾ ਵਿਚ ਪ੍ਰੈਕਟਿਸ ਕਰਨ ਦੀ ਇਜਾਜ਼ਤ ਦਿਤੀ ਜਾ ਸਕੇ।

ਇਹ ਪਹਿਲੀ ਵਾਰ ਹੋਵੇਗਾ ਜਦ ਕਿਸੇ ਦੇਸ਼ ਦੇ ਕਿਸੇ ਚਾਰਟਰਡ ਅਕਾਊਂਟੈਂਟ ਨੂੰ ਭਾਰਤ ’ਚ ਪ੍ਰੈਕਟਿਸ ਕਰਨ ਦੀ ਇਜਾਜ਼ਤ ਦਿਤੀ ਜਾਵੇਗੀ। ਇਹ ਪ੍ਰਸਤਾਵ ਬਰਤਾਨੀਆਂ ਅਤੇ ਕੈਨੇਡਾ ਨਾਲ ਮੁਕਤ ਵਪਾਰ ਸਮਝੌਤੇ (ਐਫ.ਟੀ.ਏ.) ਲਈ ਭਾਰਤ ਦੀ ਚੱਲ ਰਹੀ ਗੱਲਬਾਤ ਦਾ ਹਿੱਸਾ ਹੈ।

ਅਗਰਵਾਲ ਨੇ ਕਿਹਾ ਕਿ ਆਸਟਰੇਲੀਆ ਨਾਲ ਵੀ ਇਸੇ ਤਰ੍ਹਾਂ ਦੀ ਵਿਵਸਥਾ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਕ ਵਾਰ ਆਪਸੀ ਪ੍ਰਣਾਲੀ ਲਾਗੂ ਹੋਣ ਤੋਂ ਬਾਅਦ ਇਨ੍ਹਾਂ ਦੇਸ਼ਾਂ ਦੇ ਚਾਰਟਰਡ ਅਕਾਊਂਟੈਂਟਾਂ ਨੂੰ ਆਈ.ਸੀ.ਏ.ਆਈ. ਨਾਲ ਰਜਿਸਟਰ ਹੋਣਾ ਪਵੇਗਾ ਜੋ ਉਨ੍ਹਾਂ ਨੂੰ ਨਿਯਮਤ ਕਰੇਗਾ।

ਇਸ ਸਮੇਂ ਭਾਰਤ ਦੇ ਲਗਭਗ 42,000 ਚਾਰਟਰਡ ਅਕਾਊਂਟੈਂਟ ਵਿਦੇਸ਼ਾਂ ’ਚ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਤੋਂ ਚਾਰਟਰਡ ਅਕਾਊਂਟੈਂਟਾਂ ਦੀ ਭਾਰੀ ਮੰਗ ਹੈ। ਆਈ.ਸੀ.ਏ.ਆਈ. ਦੇ ਚਾਰ ਲੱਖ ਤੋਂ ਵੱਧ ਮੈਂਬਰ ਅਤੇ 8.5 ਲੱਖ ਵਿਦਿਆਰਥੀ ਹਨ। ਕੁਮਾਰ ਨੇ 12 ਫ਼ਰਵਰੀ ਨੂੰ ਇਸ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ ਸੀ।