FSIB ਨੇ SBI ਚੇਅਰਮੈਨ ਦੇ ਅਹੁਦੇ ਲਈ ਇੰਟਰਵਿਊ ਮੁਲਤਵੀ ਕੀਤੀ
ਇੰਟਰਵਿਊ ਦੀ ਨਵੀਂ ਤਰੀਕ ਦਾ ਫੈਸਲਾ ਦੇਸ਼ ’ਚ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਕੀਤਾ ਜਾਵੇਗਾ : ਸੂਤਰ
ਨਵੀਂ ਦਿੱਲੀ: ਐਫ.ਐਸ.ਆਈ.ਬੀ. ਨੇ ਇਕ ਅਣਕਿਆਸਾ ਕਦਮ ਚੁਕਦਿਆਂ ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਦੇ ਚੇਅਰਮੈਨ ਦੇ ਅਹੁਦੇ ਲਈ ਢੁਕਵੇਂ ਉਮੀਦਵਾਰ ਦੀ ਚੋਣ ਲਈ ਹੋਣ ਵਾਲੀ ਇੰਟਰਵਿਊ ਮੁਲਤਵੀ ਕਰ ਦਿਤੀ ਹੈ।
ਵਿੱਤੀ ਸੇਵਾਵਾਂ ਸੰਸਥਾਨ ਬਿਊਰੋ (ਐਫ.ਐਸ.ਆਈ.ਬੀ.) ਜਨਤਕ ਖੇਤਰ ਦੇ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਦੇ ਡਾਇਰੈਕਟਰ ਲੱਭਣ ਵਾਲੀ ਕੰਪਨੀ ਹੈ। ਸੂਤਰਾਂ ਨੇ ਦਸਿਆ ਕਿ ਨਿਰਧਾਰਤ ਇੰਟਰਵਿਊ ਨਿਰਧਾਰਤ ਸਮੇਂ ਤੋਂ ਕੁੱਝ ਘੰਟੇ ਪਹਿਲਾਂ ਮੁਲਤਵੀ ਕਰ ਦਿਤੀ ਗਈ ਸੀ। ਇਹ ਕਦਮ ਚੁੱਕਣ ਦੇ ਸਹੀ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਹਾਲਾਂਕਿ ਸੂਤਰਾਂ ਨੇ ਦਸਿਆ ਕਿ ਇੰਟਰਵਿਊ ਦੀ ਨਵੀਂ ਤਰੀਕ ਦਾ ਫੈਸਲਾ ਦੇਸ਼ ’ਚ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਕੀਤਾ ਜਾਵੇਗਾ। ਦਿਨੇਸ਼ ਖਾਰਾ ਦੇ ਉੱਤਰਾਧਿਕਾਰੀ ਦੀ ਚੋਣ ਲਈ ਵਿੱਤੀ ਸੇਵਾਵਾਂ ਸੰਸਥਾਵਾਂ ਬਿਊਰੋ (ਐਫ.ਐਸ.ਆਈ.ਬੀ.) ਦੀ ਇੰਟਰਵਿਊ ਕੀਤੀ ਜਾ ਰਹੀ ਸੀ। ਦਿਨੇਸ਼ ਖਾਰਾ 28 ਅਗੱਸਤ ਨੂੰ ਸੇਵਾਮੁਕਤ ਹੋਣਗੇ।
ਐਫ.ਐਸ.ਆਈ.ਬੀ. ਦੀ ਅਗਵਾਈ ਅਮਲਾ ਅਤੇ ਸਿੱਖਿਆ ਵਿਭਾਗ (ਡੀ.ਓ.ਪੀ.ਟੀ.) ਦੇ ਸਾਬਕਾ ਸਕੱਤਰ ਭਾਨੂ ਪ੍ਰਤਾਪ ਸ਼ਰਮਾ ਕਰ ਰਹੇ ਹਨ। ਓਰੀਐਂਟਲ ਬੈਂਕ ਆਫ ਕਾਮਰਸ ਦੇ ਸਾਬਕਾ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਅਨੀਮੇਸ਼ ਚੌਹਾਨ, ਆਰ.ਬੀ.ਆਈ. ਦੇ ਸਾਬਕਾ ਕਾਰਜਕਾਰੀ ਨਿਰਦੇਸ਼ਕ ਦੀਪਕ ਸਿੰਘਲ ਅਤੇ ਆਈ.ਐਨ.ਜੀ. ਵੈਸ਼ਿਆ ਬੈਂਕ ਦੇ ਸਾਬਕਾ ਪ੍ਰਬੰਧ ਨਿਰਦੇਸ਼ਕ ਸ਼ੈਲੇਂਦਰ ਭੰਡਾਰੀ ਇਸ ਦੇ ਹੋਰ ਮੈਂਬਰ ਹਨ।