ਹੁਣ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ ਛੇ ਮਹੀਨਿਆਂ ਦੀ ਔਸਤ ਨਾਲ ਨਿਰਧਾਰਤ ਕੀਤਾ ਜਾਵੇਗਾ 

ਏਜੰਸੀ

ਖ਼ਬਰਾਂ, ਵਪਾਰ

31 ਦਸੰਬਰ 2024 ਤੋਂ ਲਾਗੂ ਹੋਵੇਗੀ ਸੋਧ

SEBI

ਨਵੀਂ ਦਿੱਲੀ: ਪੂੰਜੀ ਬਾਜ਼ਾਰ ਰੈਗੂਲੇਟਰ ਸੇਬੀ ਨੇ ਸੂਚੀਬੱਧ ਕੰਪਨੀਆਂ ਦੇ ਬਾਜ਼ਾਰ ਪੂੰਜੀਕਰਨ (ਮਾਰਕਿਟ ਕੈਪ) ਦੀ ਗਣਨਾ ਦੇ ਤਰੀਕੇ ’ਚ ਬਦਲਾਅ ਕੀਤਾ ਹੈ। ਸੂਚੀਬੱਧ ਕੰਪਨੀਆਂ ਇਕ ਦਿਨ (ਵਰਤਮਾਨ ਵਿਚ 31 ਮਾਰਚ) ਬਾਜ਼ਾਰ ਪੂੰਜੀਕਰਨ ਦੀ ਬਜਾਏ ਹੁਣ ਛੇ ਮਹੀਨਿਆਂ ਦੀ ਮਿਆਦ ਲਈ ‘ਔਸਤ ਬਾਜ਼ਾਰ ਪੂੰਜੀਕਰਨ’ ਦੀ ਵਰਤੋਂ ਕਰਨਗੀਆਂ। 

ਬਾਜ਼ਾਰ ਮਾਹਰਾਂ ਦਾ ਮੰਨਣਾ ਹੈ ਕਿ ਕਿਸੇ ਸੂਚੀਬੱਧ ਇਕਾਈ ਦੇ ਬਾਜ਼ਾਰ ਪੂੰਜੀਕਰਨ ’ਚ ਬਾਜ਼ਾਰ ਦੀ ਗਤੀਸ਼ੀਲਤਾ ਦੇ ਅਧਾਰ ’ਤੇ ਰੋਜ਼ਾਨਾ ਅਧਾਰ ’ਤੇ ਉਤਰਾਅ-ਚੜ੍ਹਾਅ ਹੁੰਦਾ ਹੈ। ਇਸ ਲਈ, ਇਕ ਵਾਜਬ ਮਿਆਦ ’ਚ ਮਾਰਕੀਟ ਪੂੰਜੀਕਰਨ ਦੇ ਔਸਤਨ ਅੰਕੜੇ ਉਸ ਸੂਚੀਬੱਧ ਇਕਾਈ ਦੇ ਬਾਜ਼ਾਰ ਦੇ ਆਕਾਰ ਨੂੰ ਵਧੇਰੇ ਸਹੀ ਢੰਗ ਨਾਲ ਦਰਸਾਏਗਾ। 

ਇਹ ਬਦਲਾਅ ਭਾਰਤੀ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ (ਸੇਬੀ) ਦੇ ਸਾਬਕਾ ਪੂਰੇ ਸਮੇਂ ਦੇ ਮੈਂਬਰ ਐਸ ਕੇ ਮੋਹੰਤੀ ਦੀ ਅਗਵਾਈ ਵਾਲੀ ਮਾਹਰ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਧਿਆਨ ’ਚ ਰਖਦੇ ਹੋਏ ਕੀਤੇ ਗਏ ਹਨ। ਇਸ ਕਮੇਟੀ ਦਾ ਗਠਨ ਕਾਰੋਬਾਰ ਨੂੰ ਸੁਖਾਲਾ ਬਣਾਉਣ ਲਈ ਕੀਤਾ ਗਿਆ ਸੀ। ਸੇਬੀ ਨੇ 17 ਮਈ ਨੂੰ ਜਾਰੀ ਨੋਟੀਫਿਕੇਸ਼ਨ ’ਚ ਕਿਹਾ ਕਿ ਇਹ ਸੋਧ 31 ਦਸੰਬਰ 2024 ਤੋਂ ਲਾਗੂ ਹੋਵੇਗੀ। 

ਪਾਲਣਾ ਰੈਂਕਿੰਗ 1 ਜੁਲਾਈ ਤੋਂ 31 ਦਸੰਬਰ ਤਕ ਔਸਤ ਬਾਜ਼ਾਰ ਪੂੰਜੀਕਰਨ ’ਤੇ ਅਧਾਰਤ ਹੋਵੇਗੀ, ਜਿਸ ਦੀ ਕਟ-ਆਫ ਮਿਤੀ 31 ਦਸੰਬਰ ਹੋਵੇਗੀ। ਇਸ ਮਿਤੀ ’ਤੇ ਬਾਜ਼ਾਰ ਪੂੰਜੀਕਰਨ ਨਿਰਧਾਰਤ ਕਰਨ ਤੋਂ ਬਾਅਦ, ਸੰਬੰਧਿਤ ਪ੍ਰਬੰਧਾਂ ਦੇ ਲਾਗੂ ਹੋਣ ਤੋਂ ਪਹਿਲਾਂ ਤਿੰਨ ਮਹੀਨਿਆਂ ਦੀ ਤਬਦੀਲੀ ਦੀ ਮਿਆਦ ਹੋਵੇਗੀ। 

ਸੇਬੀ ਨੇ ਕਿਹਾ ਕਿ ਹਰ ਮਾਨਤਾ ਪ੍ਰਾਪਤ ਸਟਾਕ ਐਕਸਚੇਂਜ ਨੂੰ ਕੈਲੰਡਰ ਸਾਲ ਦੇ ਅੰਤ ’ਚ ਯਾਨੀ 31 ਦਸੰਬਰ ਨੂੰ ਉਨ੍ਹਾਂ ਕੰਪਨੀਆਂ ਦੀ ਸੂਚੀ ਤਿਆਰ ਕਰਨੀ ਹੋਵੇਗੀ, ਜਿਨ੍ਹਾਂ ਨੇ ਜੁਲਾਈ ਤੋਂ ਲੈ ਕੇ ਹੁਣ ਤਕ ਉਨ੍ਹਾਂ ਦੇ ਔਸਤ ਬਾਜ਼ਾਰ ਪੂੰਜੀਕਰਨ ਦੇ ਆਧਾਰ ’ਤੇ ਅਜਿਹੀਆਂ ਕੰਪਨੀਆਂ ਦੀ ਰੈਂਕਿੰਗ ਕਰਦੇ ਹੋਏ ਅਪਣੀਆਂ ਵਿਸ਼ੇਸ਼ ਸਕਿਓਰਿਟੀਜ਼ ਸੂਚੀਬੱਧ ਕੀਤੀਆਂ ਹਨ।

ਜੇ ਕਿਸੇ ਇਕਾਈ ਦੀ ਰੈਂਕਿੰਗ ਲਗਾਤਾਰ ਤਿੰਨ ਸਾਲਾਂ ਲਈ ਬਦਲਦੀ ਹੈ, ਤਾਂ ਨਵੇਂ ਪ੍ਰਬੰਧ ਸੂਚੀਬੱਧ ਇਕਾਈ ਲਈ ਲਾਗੂ ਨਹੀਂ ਹੋਣਗੇ, ਜਿਸ ਨਾਲ ਬਾਜ਼ਾਰ ਪੂੰਜੀਕਰਨ ਵਿਚ ਉਤਰਾਅ-ਚੜ੍ਹਾਅ ਦਾ ਸਾਹਮਣਾ ਕਰ ਰਹੀਆਂ ਕੰਪਨੀਆਂ ਨੂੰ ਰਾਹਤ ਮਿਲੇਗੀ। ਇਸ ਤੋਂ ਇਲਾਵਾ ਸੇਬੀ ਨੇ ਪ੍ਰਮੁੱਖ ਪ੍ਰਬੰਧਕੀ ਭੂਮਿਕਾਵਾਂ (ਕੇ.ਐੱਮ.ਪੀ.) ’ਚ ਖਾਲੀ ਪਈਆਂ ਅਸਾਮੀਆਂ ਨੂੰ ਭਰਨ ’ਚ ਢਿੱਲ ਦਿਤੀ ਹੈ ਅਤੇ ਕੁੱਝ ਮਾਮਲਿਆਂ ’ਚ ਸਮਾਂ ਸੀਮਾ ਮੌਜੂਦਾ ਤਿੰਨ ਮਹੀਨਿਆਂ ਤੋਂ ਵਧਾ ਕੇ 6 ਮਹੀਨੇ ਕਰ ਦਿਤੀ ਹੈ।