ਪਿਤਾ ਦੇ ਕਾਰੋਬਾਰ ਦੀ ਵਾਂਗਡੋਰ ਸੰਭਾਲਦੇ ਹੋਏ ਚਰਚਾ 'ਚ ਆਏ ਮੁਕੇਸ਼ ਅੰਬਾਨੀ, ਹੁਣ ਬੱਚੇ ਕਮਾ ਰਹੇ ਨਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਪਿਤਾ ਦੇ ਸਨਮਾਨ ਵਿਚ ਦੁਨੀਆ ਭਰ ਵਿਚ ਜੂਨ ਮਹੀਨੇ ਦੇ ਤੀਜੇ ਐਤਵਾਰ ਨੂੰ ਪਿਤਾ ਦਿਵਸ ਮਨਾਇਆ ਜਾਂਦਾ ਹੈ।

Mukesh Ambani with Family

ਨਵੀਂ ਦਿੱਲੀ: ਪਿਤਾ ਦੇ ਸਨਮਾਨ ਵਿਚ ਦੁਨੀਆ ਭਰ ਵਿਚ ਜੂਨ ਮਹੀਨੇ ਦੇ ਤੀਜੇ ਐਤਵਾਰ ਨੂੰ ਪਿਤਾ ਦਿਵਸ ਮਨਾਇਆ ਜਾਂਦਾ ਹੈ। ਪਿਤਾ ਦਿਵਸ ਦੇ ਇਸ ਖ਼ਾਸ ਮੌਕੇ ‘ਤੇ ਅਸੀਂ ਤੁਹਾਨੂੰ ਦੁਨੀਆ ਭਰ ਵਿਚ ਮਸ਼ਹੂਰ ਭਾਰਤੀ ਬਿਜਨਸਮੈਨ ਪਿਤਾ ਬਾਰੇ ਦੱਸਣ ਜਾ ਰਹੇ ਹਾਂ, ਜੋ ਨਾ ਸਿਰਫ ਬਿਜਨਸ ਦੀ ਦੁਨੀਆ ਵਿਚ ਕਾਮਯਾਬ ਹੋਏ ਬਲਕਿ ਉਹਨਾਂ ਨੇ ਇਕ ਚੰਗੇ ਪਿਤਾ ਹੋਣ ਦਾ ਫਰਜ਼ ਵੀ ਨਿਭਾਇਆ ਹੈ।

ਇਹਨਾਂ ਦੇ ਬੱਚੇ ਆਉਣ ਵਾਲੀ ਪੀੜੀ ਲਈ ਬਿਜਨੇਸ ਟਾਈਕੂਨ ਹਨ। ਫਿਰ ਚਾਹੇ ਭਾਰਤ ਦੇ ਸਭ ਤੋਂ ਅਮੀਰ ਬਿਜਨਸਮੈਨ ਮੁਕੇਸ਼ ਅੰਬਾਨੀ ਦੇ ਬੇਟੇ ਆਕਾਸ਼ ਅੰਬਾਨੀ, ਆਨੰਤ ਅੰਬਾਨੀ ਅਤੇ ਬੇਟੀ ਈਸ਼ਾ ਅੰਬਾਨੀ ਹੋਵੇ, ਜਾਂ ਗੋਦਰੇਜ ਕੰਪਨੀ ਦੇ ਮਾਲਕ ਗੋਦਰੇਜ ਦੀ ਬੇਟੀ ਨਿਸਾਬਾ ਗੋਦਰੇਜ, ਅਜ਼ੀਮ ਪ੍ਰੇਮਜੀ ਦੇ ਬੇਟੇ ਰਿਸ਼ਦ ਪ੍ਰੇਮਜੀ ਜਾਂ ਫਿਰ ਕੁਮਾਰ ਮੰਗਲਮ ਬਿਰਲਾ ਦੀ ਬੇਟੀ ਅਨੰਨਿਆ ਬਿਰਲਾ ਹੋਵੇ।

ਮੌਜੂਦਾ ਸਮੇਂ ਵਿਚ ਇਹ ਸਭ ਕਾਮਯਾਬ ਕਾਰੋਬਾਰੀ ਹਨ। ਇਹਨਾਂ ਵਿਚੋਂ ਕੁਝ ਅਪਣੇ ਪਿਤਾ ਦੀ ਵਿਰਾਸਤ ਨੂੰ ਅੱਗੇ ਵਧਾ ਰਹੇ ਹਨ ਤਾਂ ਕੁਝ ਨੇ ਅਪਣੇ ਪਿਤਾ ਦੀ ਮਦਦ ਨਾਲ ਅਪਣਾ ਰਾਸਤਾ ਖੁਦ ਤਿਆਰ ਕਰ ਲਿਆ ਹੈ।  ਸਾਲ 1981 ਵਿਚ ਧੀਰੂਬਾਈ ਅੰਬਾਨੀ ਦੇ ਵੱਡੇ ਬੇਟੇ ਮੁਕੇਸ਼ ਅੰਬਾਨੀ ਨੇ ਅਪਣੇ ਪਿਤਾ ਦਾ ਕਾਰੋਬਾਰ ਜੁਆਇੰਨ ਕੀਤਾ ਅਤੇ ਫਿਰ ਰਿਲਾਇੰਸ ਕੰਪਨੀ ਨੇ ਪਾਲਿਸਟਰ ਫਾਈਬਰ ਤੋਂ ਪੈਟ੍ਰੋਕੈਮੀਕਲ ਅਤੇ ਪੈਟ੍ਰੋਲੀਅਮ ਬਿਜਨਸ ਵੱਲ ਸ਼ਿਫਟ ਕੀਤਾ।

ਇਸ ਤੋਂ ਬਾਅਦ ਰਿਲਾਇੰਸ ਗਰੁੱਪ ਨੇ ਬੜੀ ਤੇਜ਼ੀ ਨਾਲ ਵਿਕਾਸ ਕੀਤਾ ਅਤੇ ਅੱਜ ਇਹ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਹੈ। ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੀ ਨੈੱਟਵਰਥ 64.5 ਅਰਬ ਡਾਲਰ ਹੈ। ਇਸ ਸਮੇਂ ਉਹ ਦੁਨੀਆ ਦੇ ਟਾਪ 10 ਸਭ ਤੋਂ ਅਮੀਰ ਲੋਕਾਂ ਵਿਚ ਸ਼ਾਮਲ ਹੋਣ ਵਾਲੇ ਏਸ਼ੀਆ ਦੇ ਇਕਲੌਤੇ ਕਾਰੋਬਾਰੀ ਬਣ ਗਏ ਹਨ। ਈਸ਼ਾ ਅਤੇ ਆਕਾਸ਼ ਮੁਕੇਸ਼ ਅੰਬਾਨੀ ਦੇ ਜੁੜਵਾ ਬੱਚੇ ਹਨ।

ਇਹ ਦੋਵੇਂ ਸਿਰਫ 27 ਸਾਲ ਦੇ ਹਨ। ਈਸ਼ਾ ਪਹਿਲੀ ਵਾਰ 16 ਸਾਲ ਦੀ ਉਮਰ ਵਿਚ ਉਸ ਸਮੇਂ ਚਰਚਾ ਵਿਚ ਆਈ ਜਦੋਂ ਫੋਰਬਸ ਨੇ ਉਹਨਾਂ ਨੂੰ ਵਿਸ਼ਵ ਦੀ ਸਭ ਤੋਂ ਨੌਜਵਾਨ ਅਰਬਪਤੀਆਂ ਦੇ ਵਾਰਸ ਦੀ ਸੂਚੀ ਵਿਚ ਦੂਜੇ ਸਥਾਨ ‘ਤੇ ਰੱਖਿਆ ਸੀ। 2014 ਵਿਚ ਆਕਾਸ਼ ਅਤੇ ਈਸ਼ਾ ਅੰਬਾਨੀ ਨੂੰ ਰਿਲਾਇੰਸ ਦੇ ਟੈਲੀਕਾਮ ਅਤੇ ਰਿਟੇਲ ਬਿਜਨੇਸ ਵਿਚ ਡਾਇਰੈਕਟਰ ਨਿਯੁਕਤ ਕੀਤਾ ਗਿਆ ਸੀ।

ਉੱਥੇ ਹੀ ਅੰਬਾਨੀ ਨੇ 25 ਸਾਲ ਦੀ ਉਮਰ ਵਿਚ ਅਪਣੇ ਸਭ ਤੋਂ ਛੋਟੇ ਬੇਟੇ ਆਨੰਦ ਅੰਬਾਨੀ ਨੂੰ ਜਿਓ ਪਲੇਟਫਾਰਮ ਵਿਚ ਐਡੀਸ਼ਨਲ ਡਾਇਰੈਕਟਰ ਦੇ ਤੌਰ ‘ਤੇ ਜ਼ਿੰਮੇਵਾਰੀ ਸੌਂਪ ਦਿੱਤੀ। ਦੱਸ ਦਈਏ ਕਿ ਮੁਕੇਸ਼ ਅੰਬਾਨੀ ਨੇ ਇਸੇ ਉਮਰ ਵਿਚ ਕਾਰੋਬਾਰੀ ਜ਼ਿੰਮੇਵਾਰੀ ਨੂੰ ਸੰਭਾਲਣਾ ਸ਼ੁਰੂ ਕੀਤਾ ਸੀ। ਫਿਲਹਾਲ, ਅੰਬਾਨੀ ਦੇ ਤਿੰਨ ਬੱਚੇ ਰਸਮੀ ਤੌਰ 'ਤੇ ਰਿਲਾਇੰਸ ਵਿਚ ਕੰਮਕਾਜ ਨੂੰ ਅੱਗੇ ਵਧਾ ਰਹੇ ਹਨ।