PFRDA ਨੇ ਰਿਟਾਇਰਮੈਂਟ ਤਕ ਵਧੀਆ ਫੰਡ ਬਣਾਉਣ ਲਈ ਨਵੀਂ ਯੋਜਨਾ ਸ਼ੁਰੂ ਕੀਤੀ
PFRDA ਦੀ ਇਸ ਪ੍ਰਸਤਾਵਿਤ ਯੋਜਨਾ ਦੇ ਤਹਿਤ, ਇਕੁਇਟੀ ਫੰਡ ’ਚ ਲੰਮੇ ਸਮੇਂ ਲਈ ਵਧੇਰੇ ਨਿਵੇਸ਼ ਦੀ ਰਕਮ ਅਲਾਟ ਕੀਤੀ ਜਾ ਸਕਦੀ ਹੈ
ਨਵੀਂ ਦਿੱਲੀ: ਪੈਨਸ਼ਨ ਫੰਡ ਰੈਗੂਲੇਟਰ PFRDA ਨੌਜੁਆਨਾਂ ’ਚ ਨਵੀਂ ਪੈਨਸ਼ਨ ਪ੍ਰਣਾਲੀ (ਐੱਨ.ਪੀ.ਐੱਸ.) ਨੂੰ ਆਕਰਸ਼ਕ ਬਣਾਉਣ ਲਈ ‘ਨਵਾਂ ਸੰਤੁਲਿਤ ਜੀਵਨ ਚੱਕਰ ਫੰਡ’ ਲਾਂਚ ਕਰਨ ਜਾ ਰਿਹਾ ਹੈ। ਇਸ ਨਾਲ ਗਾਹਕ ਨੂੰ ਰਿਟਾਇਰਮੈਂਟ ਤਕ ਇਕ ਮਹੱਤਵਪੂਰਣ ਫੰਡ ਬਣਾਉਣ ’ਚ ਮਦਦ ਮਿਲੇਗੀ।PFRDA ਦੀ ਇਸ ਪ੍ਰਸਤਾਵਿਤ ਯੋਜਨਾ ਦੇ ਤਹਿਤ, ਇਕੁਇਟੀ ਫੰਡ ’ਚ ਲੰਮੇ ਸਮੇਂ ਲਈ ਵਧੇਰੇ ਨਿਵੇਸ਼ ਦੀ ਰਕਮ ਅਲਾਟ ਕੀਤੀ ਜਾ ਸਕਦੀ ਹੈ। ਇਸ ਯੋਜਨਾ ਦੇ ਤਹਿਤ ਗਾਹਕ ਦੇ 45 ਸਾਲ ਦੀ ਉਮਰ ਤੋਂ ਬਾਅਦ ਇਕੁਇਟੀ ਨਿਵੇਸ਼ ਹੌਲੀ-ਹੌਲੀ ਘਟੇਗਾ, ਜਦਕਿ ਫਿਲਹਾਲ ਇਹ ਕਟੌਤੀ 35 ਸਾਲ ਤੋਂ ਸ਼ੁਰੂ ਹੁੰਦੀ ਹੈ।
ਇਸ ਤਰ੍ਹਾਂ, ਐਨ.ਪੀ.ਐਸ. ’ਚ ਸ਼ਾਮਲ ਹੋਣ ਵਾਲੇ ਗਾਹਕਾਂ ਨੂੰ 45 ਸਾਲ ਦੀ ਉਮਰ ਤਕ ਇਕੁਇਟੀ ਫੰਡਾਂ ’ਚ ਵਧੇਰੇ ਨਿਵੇਸ਼ ਰਕਮ ਅਲਾਟ ਕਰਨ ਦੀ ਸਹੂਲਤ ਮਿਲੇਗੀ। ਇਹ ਉਨ੍ਹਾਂ ਨੂੰ ਰਿਟਾਇਰਮੈਂਟ ਤਕ ਇਕ ਵਧੀਆ ਫੰਡ ਬਣਾਉਣ ’ਚ ਮਦਦ ਕਰੇਗਾ। ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ (PFRDA) ਦੇ ਚੇਅਰਮੈਨ ਦੀਪਕ ਮੋਹੰਤੀ ਨੇ ਸ਼ੁਕਰਵਾਰ ਨੂੰ ਕਿਹਾ, ‘‘ਅਸੀਂ ਦੂਜੀ ਤਿਮਾਹੀ (ਜੁਲਾਈ-ਸਤੰਬਰ) ’ਚ ‘ਨਵਾਂ ਸੰਤੁਲਿਤ ਜੀਵਨ ਚੱਕਰ ਫੰਡ’ ਲੈ ਕੇ ਆਵਾਂਗੇ ਤਾਂ ਜੋ ਇਕੁਇਟੀ ਫੰਡਾਂ ਨੂੰ ਲੰਮੇ ਸਮੇਂ ਲਈ ਨਿਵੇਸ਼ ਵੰਡਿਆ ਜਾ ਸਕੇ। ਇਹ ਲੰਮੇ ਸਮੇਂ ਲਈ ਇਕੁਇਟੀ ਫੰਡਾਂ ਨੂੰ ਵਧੇਰੇ ਅਲਾਟਮੈਂਟ ਦੀ ਇਜਾਜ਼ਤ ਦੇਵੇਗਾ।’’
ਉਨ੍ਹਾਂ ਨੇ ਅਟਲ ਪੈਨਸ਼ਨ ਯੋਜਨਾ ਨਾਲ ਜੁੜੇ ਇਕ ਪ੍ਰੋਗਰਾਮ ’ਚ ਕਿਹਾ ਕਿ ਨਵੀਂ ਐੱਨ.ਪੀ.ਐੱਸ. ਯੋਜਨਾ ਦੇ ਤਹਿਤ 45 ਸਾਲ ਦੀ ਉਮਰ ਤੋਂ ਇਕੁਇਟੀ ਨਿਵੇਸ਼ ਹੌਲੀ-ਹੌਲੀ ਘਟੇਗਾ, ਜਦਕਿ ਇਸ ਸਮੇਂ ਇਹ ਕਟੌਤੀ 35 ਸਾਲ ਤੋਂ ਸ਼ੁਰੂ ਹੁੰਦੀ ਹੈ। ਜੇ ਅਜਿਹਾ ਹੁੰਦਾ ਹੈ, ਤਾਂ ਐਨ.ਪੀ.ਐਸ. ਦੀ ਚੋਣ ਕਰਨ ਵਾਲੇ ਲੋਕ ਲੰਮੇ ਸਮੇਂ ਲਈ ਇਕੁਇਟੀ ਫੰਡਾਂ ’ਚ ਵਧੇਰੇ ਰਕਮ ਨਿਵੇਸ਼ ਕਰਨ ਦੇ ਯੋਗ ਹੋਣਗੇ। ਇਹ ਲੰਮੇ ਸਮੇਂ ’ਚ ਪੈਨਸ਼ਨ ਫੰਡ ’ਚ ਵਾਧਾ ਕਰੇਗਾ ਅਤੇ ਨਾਲ ਹੀ ਜੋਖਮਾਂ ਅਤੇ ਰਿਟਰਨ ਦੇ ਵਿਚਕਾਰ ਸੰਤੁਲਨ ਸਥਾਪਤ ਕਰੇਗਾ।
ਅਟਲ ਪੈਨਸ਼ਨ ਯੋਜਨਾ (ਏ.ਪੀ.ਵਾਈ.) ਦਾ ਜ਼ਿਕਰ ਕਰਦਿਆਂ ਮੋਹੰਤੀ ਨੇ ਕਿਹਾ ਕਿ ਪਿਛਲੇ ਵਿੱਤੀ ਸਾਲ 2023-24 ’ਚ 1.22 ਲੱਖ ਨਵੇਂ ਗਾਹਕ ਏਪੀਵਾਈ ਨਾਲ ਜੁੜੇ ਸਨ। ਇਹ ਯੋਜਨਾ ਦੀ ਸ਼ੁਰੂਆਤ ਤੋਂ ਬਾਅਦ ਇਕ ਵਿੱਤੀ ਸਾਲ ’ਚ ਹੁਣ ਤਕ ਦੀ ਸੱਭ ਤੋਂ ਵੱਧ ਗਿਣਤੀ ਹੈ। ਉਨ੍ਹਾਂ ਕਿਹਾ ਕਿ ਚਾਲੂ ਵਿੱਤੀ ਸਾਲ ’ਚ 1.3 ਕਰੋੜ ਗਾਹਕਾਂ ਦੇ ਇਸ ਯੋਜਨਾ ਨਾਲ ਜੁੜਨ ਦੀ ਉਮੀਦ ਹੈ। PFRDA ਦੇ ਅਨੁਸਾਰ, ਜੂਨ 2024 ਤਕ ਏਪੀਵਾਈ ’ਚ ਸ਼ਾਮਲ ਹੋਣ ਵਾਲੇ ਗਾਹਕਾਂ ਦੀ ਕੁਲ ਗਿਣਤੀ 6.62 ਕਰੋੜ ਨੂੰ ਪਾਰ ਕਰਨ ਦੀ ਉਮੀਦ ਹੈ।