ਵਿਦਿਆਰਥੀਆਂ ਦੇ ਵਿਰੋਧ ਕਾਰਨ ਬੰਗਲਾਦੇਸ਼ ’ਚ ਭਾਰਤ ਨਾਲ ਵਪਾਰ ਠੱਪ 

ਏਜੰਸੀ

ਖ਼ਬਰਾਂ, ਵਪਾਰ

ਅਸ਼ਾਂਤੀ ਕਾਰਨ ਸਰਕਾਰ ਵਲੋਂ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਛੁੱਟੀ ਦਾ ਐਲਾਨ

Petrapole Land Port

ਕੋਲਕਾਤਾ: ਬੰਗਲਾਦੇਸ਼ ’ਚ ਰਾਖਵਾਂਕਰਨ ਵਿਰੋਧੀ ਪ੍ਰਦਰਸ਼ਨਾਂ ਕਾਰਨ ਮਾਲਬਰਦਾਰ ਟਰੱਕ ਆਵਾਜਾਈ ਨਹੀਂ ਕਰ ਪਾ ਰਹੇ ਹਨ। ਅਧਿਕਾਰੀਆਂ ਨੇ ਦਸਿਆ ਕਿ ਇਸ ਦੇ ਨਤੀਜੇ ਵਜੋਂ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਜ਼ਮੀਨੀ ਬੰਦਰਗਾਹਾਂ ਰਾਹੀਂ ਵਪਾਰ ਐਤਵਾਰ ਨੂੰ ਠੱਪ ਹੋ ਗਿਆ। 

ਉਨ੍ਹਾਂ ਕਿਹਾ ਕਿ ਪੈਟਰਾਪੋਲ ਲੈਂਡ ਪੋਰਟ ਦਾ ਬੰਗਲਾਦੇਸ਼ ਵਾਲਾ ਹਿੱਸਾ ਅਜੇ ਵੀ ਬੰਦ ਹੈ। ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਜ਼ਮੀਨ ਅਧਾਰਤ ਵਪਾਰ ਦਾ ਲਗਭਗ ਇਕ ਤਿਹਾਈ ਹਿੱਸਾ ਪੈਟਰਾਪੋਲ ਰਾਹੀਂ ਹੁੰਦਾ ਹੈ। 

ਪਛਮੀ ਬੰਗਾਲ ਐਕਸਪੋਰਟਰਸ ਕੋਆਰਡੀਨੇਸ਼ਨ ਕਮੇਟੀ ਦੇ ਸਕੱਤਰ ਉਜਵਲ ਸਾਹਾ ਨੇ ਕਿਹਾ ਕਿ ਅਸ਼ਾਂਤੀ ਕਾਰਨ ਸਰਕਾਰ ਵਲੋਂ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਛੁੱਟੀ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਪੇਟ੍ਰਾਪੋਲ, ਗੋਜਾਡੰਗਾ, ਫੁਲਬਾੜੀ ਅਤੇ ਮਹਿਦੀਪੁਰ ਸਮੇਤ ਬੰਗਲਾਦੇਸ਼ ਦੀਆਂ ਹੋਰ ਜ਼ਮੀਨੀ ਬੰਦਰਗਾਹਾਂ ਤੋਂ ਵਪਾਰ ਵੀ ਠੱਪ ਹੋ ਗਿਆ ਹੈ।

ਉਨ੍ਹਾਂ ਕਿਹਾ ਕਿ ਮਾਲਦਾ ਦੇ ਮਹਾਦੀਪੁਰ ਬੰਦਰਗਾਹ ਤੋਂ ਸਨਿਚਰਵਾਰ ਨੂੰ ਬੰਗਲਾਦੇਸ਼ ਪਹੁੰਚੇ ਕਾਰਗੋ ਟਰੱਕ ਵਾਪਸ ਨਹੀਂ ਆਏ ਪਰ ਉਹ ਸੁਰੱਖਿਅਤ ਹਨ। 
ਲੈਂਡ ਪੋਰਟ ਅਥਾਰਟੀ ਆਫ ਇੰਡੀਆ (ਪੈਟ੍ਰਾਪੋਲ) ਦੇ ਮੈਨੇਜਰ ਕਮਲੇਸ਼ ਸੈਣੀ ਨੇ ਕਿਹਾ, ‘‘ਐਤਵਾਰ ਸਵੇਰ ਤੋਂ ਪੈਟਰਾਪੋਲ ਸਰਹੱਦ ’ਤੇ ਟਰੱਕਾਂ (ਆਯਾਤ ਅਤੇ ਨਿਰਯਾਤ) ਦੀ ਕੋਈ ਆਵਾਜਾਈ ਨਹੀਂ ਹੈ। ਸਾਡੀ ਜ਼ਮੀਨੀ ਸਰਹੱਦ ਖੁੱਲ੍ਹੀ ਹੈ ਪਰ ਬੇਨਾਪੋਲ ਕਾਰਨ ਵਪਾਰ ਪ੍ਰਭਾਵਤ ਹੋਇਆ ਹੈ।’’

ਉਨ੍ਹਾਂ ਕਿਹਾ ਕਿ ਸਨਿਚਰਵਾਰ ਨੂੰ 110 ਟਰੱਕ ਬੰਗਲਾਦੇਸ਼ ਤੋਂ ਭਾਰਤ ਆਏ, ਜਦਕਿ 48 ਟਰੱਕ ਨਿਰਯਾਤ ਲਈ ਬੰਗਲਾਦੇਸ਼ ਗਏ। ਸੈਣੀ ਨੇ ਕਿਹਾ ਕਿ ਆਮ ਸਪਲਾਈ ਨਾਲ ਭਰੇ ਲਗਭਗ 700 ਟਰੱਕ ਪਾਰਕਿੰਗ ’ਚ ਫਸੇ ਹੋਏ ਹਨ ਅਤੇ ਬੰਗਲਾਦੇਸ਼ ਜਾਣ ਦੀ ਉਡੀਕ ਕਰ ਰਹੇ ਹਨ। 

ਅਧਿਕਾਰੀਆਂ ਨੇ ਦਸਿਆ ਕਿ ਭਾਰਤ ਤੋਂ ਪੈਟ੍ਰਾਪੋਲ ਲੈਂਡ ਪੋਰਟ ਤੋਂ ਰੋਜ਼ਾਨਾ ਔਸਤਨ 400-450 ਟਰੱਕ ਮਾਲ ਲੈ ਕੇ ਆਉਂਦੇ ਹਨ ਜਦਕਿ ਬੰਗਲਾਦੇਸ਼ ਤੋਂ ਰੋਜ਼ਾਨਾ 150-200 ਟਰੱਕ ਭਾਰਤ ਆਉਂਦੇ ਹਨ। 

ਹਾਲਾਂਕਿ, ਸੈਣੀ ਨੇ ਕਿਹਾ ਕਿ ਮੁਸਾਫ਼ਰਾਂ ਦੀ ਆਵਾਜਾਈ ਜਾਰੀ ਹੈ। ਉਨ੍ਹਾਂ ਵਿਚੋਂ ਜ਼ਿਆਦਾਤਰ ਵਿਦਿਆਰਥੀ ਹਨ ਜੋ ਸੁਰੱਖਿਆ ਕਾਰਨਾਂ ਕਰ ਕੇ ਵਾਪਸ ਆ ਰਹੇ ਹਨ। ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਦੇ ਬੁਲਾਰੇ ਨੇ ਦਸਿਆ ਕਿ ਹਿੰਸਾ ਪ੍ਰਭਾਵਤ ਬੰਗਲਾਦੇਸ਼ ਤੋਂ ਭਾਰਤੀਆਂ ਨੂੰ ਕਢਿਆ ਜਾ ਰਿਹਾ ਹੈ। ਬੀਐਸਐਫ ਨੇ ਹੁਣ ਤਕ 572 ਭਾਰਤੀ, 133 ਨੇਪਾਲੀ ਅਤੇ ਚਾਰ ਭੂਟਾਨੀ ਵਿਦਿਆਰਥੀਆਂ ਦੀ ਵਾਪਸੀ ’ਚ ਸਹਾਇਤਾ ਕੀਤੀ ਹੈ। 

ਦਖਣੀ ਏਸ਼ੀਆ ਦੀ ਸੱਭ ਤੋਂ ਵੱਡੀ ਜ਼ਮੀਨੀ ਬੰਦਰਗਾਹ ਪੈਟ੍ਰਾਪੋਲ ਕੋਲਕਾਤਾ ਤੋਂ ਲਗਭਗ 82 ਕਿਲੋਮੀਟਰ ਦੂਰ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਬੋਂਗਾਓਂ ਵਿਖੇ ਸਥਿਤ ਹੈ।