ਕੰਪਨੀਆਂ ਨੂੰ ਡੇਢ ਲੱਖ ਕਰੋੜ ਰੁਪਏ ਦੀਆਂ ਰਿਆਇਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਆਰਥਕ ਵਾਧੇ ਨੂੰ ਮੰਦੀ ਵਿਚੋਂ ਉਭਾਰਨ ਅਤੇ ਨਿਵੇਸ਼ ਤੇ ਰੁਜ਼ਗਾਰ ਪੈਦਾਵਾਰ ਵਧਾਉਣ ਲਈ ਸਰਕਾਰ ਨੇ ਕਾਰਪੋਰੇਟ ਜਗਤ ਲਈ ਲਗਭਗ ਡੇਢ ਲੱਖ ਕਰੋੜ ਰੁਪਏ ਦੀ ਰਾਹਤ ਵਾਲੀਆਂ ਕਈ ਅਹਿਮ

Corporate tax cut to cost govt Rs 1.45 lakh crore

ਪਣਜੀ : ਆਰਥਕ ਵਾਧੇ ਨੂੰ ਮੰਦੀ ਵਿਚੋਂ ਉਭਾਰਨ ਅਤੇ ਨਿਵੇਸ਼ ਤੇ ਰੁਜ਼ਗਾਰ ਪੈਦਾਵਾਰ ਵਧਾਉਣ ਲਈ ਸਰਕਾਰ ਨੇ ਕਾਰਪੋਰੇਟ ਜਗਤ ਲਈ ਲਗਭਗ ਡੇਢ ਲੱਖ ਕਰੋੜ ਰੁਪਏ ਦੀ ਰਾਹਤ ਵਾਲੀਆਂ ਕਈ ਅਹਿਮ ਕਰ ਰਿਆਇਤਾਂ ਦਾ ਐਲਾਨ ਕੀਤਾ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਲਘੂ ਬਜਟ ਵਜੋਂ ਵੇਖੇ ਜਾ ਰਹੇ ਇਸ ਤਾਜ਼ਾ ਹੱਲਾਸ਼ੇਰੀ ਪੇਕੇਜ ਨਾਲ ਕਾਰਪੋਰੇਟ ਕਰ ਦੀਆਂ ਅਸਰਦਾਰ ਦਰਾਂ ਲਗਭਗ 10 ਫ਼ੀ ਸਦੀ ਹੇਠਾਂ ਆ ਗਈਆਂ ਹਨ। ਆਰਥਕ ਵਾਧਾ ਦਰ ਚਾਲੂ ਵਿੱਤ ਵਰ੍ਹੇ ਦੀ ਪਹਿਲੀ ਤਿਮਾਹੀ ਵਿਚ ਡਿੱਗ ਕੇ ਪੰਜ ਫ਼ੀ ਸਦੀ ਆ ਗਈ ਜੋ ਛੇ ਸਾਲਾਂ ਦੇ ਸੱਭ ਤੋਂ ਹੇਠਲਾ ਪੱਧਰ ਹੈ।

ਅਰਥਚਾਰੇ ਨੂੰ ਮੰਦੀ ਵਿਚੋਂ ਕੱਢਣ ਲਈ ਪਿਛਲੇ ਕੁੱਝ ਹਫ਼ਤਿਆਂ ਵਿਚ ਸਰਕਾਰ ਦਾ ਇਹ ਚੌਥਾ ਰਾਹਤ ਪੈਕੇਜ ਹੈ। ਵਿੱਤ ਮੰਤਰੀ ਨੇ ਗੋਆ ਵਿਚ ਜੀਐਸਟੀ ਪਰਿਸ਼ਦ ਦੀ ਬੈਠਕ ਤੋਂ ਪਹਿਲਾਂ ਜਿਹੜੀਆਂ ਰਿਆਇਤਾਂ ਦਾ ਐਲਾਨ ਕੀਤਾ, ਉਨ੍ਹਾਂ ਨਾਲ ਸਰਕਾਰੀ ਖ਼ਜ਼ਾਨੇ ਨੂੰ ਸਾਲਾਨਾ 1.45 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਇਨ੍ਹਾਂ ਰਿਆਇਤਾਂ ਦਾ ਖ਼ਜ਼ਾਨੇ ਦੀ ਹਾਲਤ 'ਤੇ ਉਲਟਾ ਅਸਰ ਪਵੇਗਾ ਅਤੇ ਘਾਟੇ ਦੇ ਟੀਚੇ ਨੂੰ ਹਾਸਲ ਕਰਨ ਵਿਚ ਸਰਕਾਰ ਦੇ ਖੁੰਝ ਜਾਣ ਦਾ ਖ਼ਦਸ਼ਾ ਬਣ ਗਿਆ ਹੈ।  

ਮੌਜੂਦਾ ਕੰਪਨੀਆਂ ਲਈ ਕਾਰਪੋਰੋਟ ਕਰ ਦੀ ਆਧਾਰ ਦਰ 30 ਫ਼ੀ ਸਦੀ ਤੋਂ ਘਟਾ ਕੇ 22 ਫ਼ੀ ਸਦੀ ਕਰਨ ਦਾ ਐਲਾਨ ਕੀਤਾ ਗਿਆ ਹੈ ਜਿਸ ਨਾਲ ਕਾਰਪੋਰੇਟ ਕਰ ਦੀ ਅਸਰਦਾਰ ਦਰ 34.94 ਫ਼ੀ ਸਦੀ ਤੋਂ ਘੱਟ ਹੋ ਕੇ 25.17 ਫ਼ੀ ਸਦੀ ਆ ਜਾਵੇਗੀ। ਇਸ ਦੇ ਨਾਲ ਹੀ ਇਕ ਅਕਤੂਬਰ 2019 ਮਗਰੋਂ ਬਣਨ ਵਾਲੀ ਅਤੇ 31 ਮਾਰਚ 2023 ਤੋਂ ਪਹਿਲਾਂ ਸ਼ੁਰੂ ਹੋਣ ਵਾਲੀਆਂ ਨਿਰਮਾਣ ਕੰਪਨੀਆਂ ਲਈ ਕਾਰਪੋਰੇਟ ਕਰ ਦੀ ਆਧਾਰ ਦਰ 25 ਫ਼ੀ ਸਦੀ ਤੋਂ ਘਟਾ ਕੇ 15 ਫ਼ੀ ਸਦੀ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ।

ਇਸ ਨਾਲ ਕੰਪਨੀਆਂ ਲਈ ਅਸਰਦਾਰ ਕਾਰਪੋਰੋਟ ਕਰ ਦੀ ਦਰ 29.12 ਫ਼ੀ ਸਦੀ ਤੋਂ ਘੱਟ ਹੋ ਕੇ 17.01 ਫ਼ੀ ਸਦੀ 'ਤੇ ਆ ਜਾਵੇਗੀ ਹਾਲਾਂਕਿ ਇਸ ਤਰ੍ਹਾਂ ਦੀਆਂ ਕੰਪਨੀਆਂ ਲਈ ਇਕ ਸ਼ਰਤ ਹੈ ਕਿ ਇਹ ਕੰਪਨੀਆਂ ਵਿਸ਼ੇਸ਼ ਆਰਥਕ ਜ਼ੋਨ ਵਿਚ ਪੈਂਦੀਆਂ ਇਕਾਈਆਂ ਨੂੰ ਮਿਲਣ ਵਾਲੀ ਕਰ ਛੋਟ ਜਾਂ ਕਿਸੇ ਹੋਰ ਤਰ੍ਹਾਂ ਦੀ ਕਰ ਰਾਹਤ ਦਾ ਲਾਭ ਨਹੀਂ ਲੈ ਸਕਣਗੀਆਂ। ਸਰਕਾਰ ਦੇ ਇਸ ਫ਼ੈਸਲੇ ਨਾਲ ਦੇਸ਼ ਵਿਚ ਕਾਰਪੋਰੋਟ ਕਰ ਦੀਆਂ ਦਰਾਂ ਚੀਨ, ਦਖਣੀ ਕੋਰੀਆ, ਇੰਡੋਨੇਸ਼ੀਆ, ਸਿੰਗਾਪੁਰ ਆਦਿ ਜਿਹੇ ਮੁਲਕਾਂ ਬਰਾਬਰ ਹੋ ਗਈਆਂ ਹਨ। ਵਿੱਤ ਮੰਤਰੀ ਨੇ ਕਿਹਾ ਕਿ ਆਮਦਨ ਕਾਨੂੰਨ ਵਿਚ ਆਰਡੀਨੈਂਸ ਲਿਆ ਕੇ ਇਨ੍ਹਾਂ ਤਬਦੀਲੀਆਂ ਨੂੰ ਅਮਲ ਵਿਚ ਲਿਆਂਦਾ ਜਾਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।