ਡਾਲਰ ਦੇ ਮੁਕਾਬਲੇ ਰੁਪਿਆ ਹੁਣ ਤਕ ਦੇ ਸੱਭ ਤੋਂ ਹੇਠਲੇ ਪੱਧਰ ’ਤੇ ਡਿੱਗਾ

ਏਜੰਸੀ

ਖ਼ਬਰਾਂ, ਵਪਾਰ

ਇਕ ਦਿਨ ’ਚ ਹੀ 35 ਪੈਸੇ ਦੀ ਵੱਡੀ ਗਿਰਾਵਟ ਨਾਲ 83.48 ਰੁਪਏ ਪ੍ਰਤੀ ਡਾਲਰ ਦੇ ਰੀਕਾਰਡ ਪੱਧਰ ’ਤੇ ਪੁੱਜਾ 

Rupee Vs. Dollar

ਮੁੰਬਈ: ਪ੍ਰਮੁੱਖ ਵਿਦੇਸ਼ੀ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੇ ਮਜ਼ਬੂਤ ਹੋਣ ਅਤੇ ਏਸ਼ੀਆਈ ਮੁਦਰਾਵਾਂ ਦੇ ਕਮਜ਼ੋਰ ਹੋਣ ਨਾਲ ਰੁਪਿਆ ਸ਼ੁਕਰਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ 35 ਪੈਸੇ ਦੀ ਵੱਡੀ ਗਿਰਾਵਟ ਨਾਲ 83.48 ਦੇ ਸੱਭ ਤੋਂ ਹੇਠਲੇ ਪੱਧਰ ’ਤੇ ਬੰਦ ਹੋਇਆ। 

ਵਿਦੇਸ਼ੀ ਮੁਦਰਾ ਵਪਾਰੀਆਂ ਨੇ ਕਿਹਾ ਕਿ ਵਿਦੇਸ਼ੀ ਫੰਡਾਂ ਦੀ ਨਿਕਾਸੀ ਨੇ ਵੀ ਰੁਪਏ ’ਤੇ ਭਾਰ ਪਾਇਆ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ’ਚ ਰੁਪਿਆ 83.28 ਦੇ ਪੱਧਰ ’ਤੇ ਖੁੱਲ੍ਹਿਆ ਅਤੇ ਅਮਰੀਕੀ ਡਾਲਰ ਦੇ ਮੁਕਾਬਲੇ 35 ਪੈਸੇ ਦੀ ਗਿਰਾਵਟ ਨਾਲ 83.48 ਦੇ ਪੱਧਰ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਰੁਪਿਆ 83.52 ਰੁਪਏ ਪ੍ਰਤੀ ਡਾਲਰ ਦੇ ਹੇਠਲੇ ਪੱਧਰ ਨੂੰ ਛੂਹ ਗਿਆ। 

ਪਿਛਲੇ ਕਾਰੋਬਾਰੀ ਸੈਸ਼ਨ ’ਚ ਰੁਪਿਆ 83.13 ਰੁਪਏ ਪ੍ਰਤੀ ਡਾਲਰ ’ਤੇ ਬੰਦ ਹੋਇਆ ਸੀ। ਇਸ ਤਰ੍ਹਾਂ ਡਾਲਰ ਦੇ ਮੁਕਾਬਲੇ ਰੁਪਏ ’ਚ 35 ਪੈਸੇ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ। ਇਸ ਤੋਂ ਪਹਿਲਾਂ 13 ਦਸੰਬਰ 2023 ਨੂੰ ਰੁਪਿਆ 83.40 ਰੁਪਏ ਪ੍ਰਤੀ ਡਾਲਰ ਦੇ ਸੱਭ ਤੋਂ ਹੇਠਲੇ ਪੱਧਰ ਨੂੰ ਛੂਹ ਗਿਆ ਸੀ। ਸ਼ੇਅਰਖਾਨ ਬਾਈ ਬੀ.ਐਨ.ਪੀ. ਪਰੀਬਾਸ ਦੇ ਰੀਸਰਚ ਐਨਾਲਿਸਟ ਅਨੁਜ ਚੌਧਰੀ ਨੇ ਕਿਹਾ ਕਿ ਯੂਰੋ ਅਤੇ ਪੌਂਡ ਕਮਜ਼ੋਰ ਹੋਣ ਕਾਰਨ ਅਮਰੀਕੀ ਡਾਲਰ ਮਜ਼ਬੂਤ ਹੋਇਆ ਹੈ।

ਸਵਿਸ ਨੈਸ਼ਨਲ ਬੈਂਕ (ਐਸ.ਐਨ.ਬੀ.) ਵਲੋਂ ਵਿਆਜ ਦਰਾਂ ਨੂੰ 0.25 ਫ਼ੀ ਸਦੀ ਤੋਂ ਘਟਾ ਕੇ 1.5 ਫ਼ੀ ਸਦੀ ਕਰਨ ਦੇ ਹੈਰਾਨੀਜਨਕ ਫ਼ੈਸਲੇ ਕਾਰਨ ਯੂਰੋ ’ਚ ਗਿਰਾਵਟ ਆਈ ਹੈ। ਇਸ ਨਾਲ ਜੂਨ 2024 ’ਚ ਯੂਰਪੀਅਨ ਸੈਂਟਰਲ ਬੈਂਕ (ਈ.ਸੀ.ਬੀ.) ਵਲੋਂ ਵਿਆਜ ਦਰਾਂ ’ਚ ਕਟੌਤੀ ਦੀ ਸੰਭਾਵਨਾ ਵਧ ਗਈ ਹੈ। 
ਬੈਂਕ ਆਫ ਇੰਗਲੈਂਡ ਵਲੋਂ ਵਿਆਜ ਦਰ ਨੂੰ 5.25 ਫ਼ੀ ਸਦੀ ’ਤੇ ਸਥਿਰ ਰੱਖਣ ਤੋਂ ਬਾਅਦ ਪੌਂਡ ਵੀ ਡਿੱਗ ਗਿਆ। ਚੌਧਰੀ ਨੇ ਕਿਹਾ ਕਿ ਅਮਰੀਕਾ ਦੇ ਮਜ਼ਬੂਤ ਆਰਥਕ ਅੰਕੜਿਆਂ ਨੇ ਵੀ ਅਮਰੀਕੀ ਡਾਲਰ ਨੂੰ ਸਮਰਥਨ ਦਿਤਾ। 

ਇਸ ਦੌਰਾਨ ਡਾਲਰ ਇੰਡੈਕਸ 0.31 ਫੀ ਸਦੀ ਦੀ ਤੇਜ਼ੀ ਨਾਲ 104.32 ਦੇ ਪੱਧਰ ’ਤੇ ਪਹੁੰਚ ਗਿਆ। ਗਲੋਬਲ ਤੇਲ ਬੈਂਚਮਾਰਕ ਬ੍ਰੈਂਟ ਕਰੂਡ ਫਿਊਚਰਜ਼ 0.05 ਫੀ ਸਦੀ ਡਿੱਗ ਕੇ 85.74 ਡਾਲਰ ਪ੍ਰਤੀ ਬੈਰਲ ’ਤੇ ਆ ਗਿਆ। ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 190.75 ਅੰਕਾਂ ਦੀ ਤੇਜ਼ੀ ਨਾਲ 72,831.94 ਅੰਕ ’ਤੇ ਬੰਦ ਹੋਇਆ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕ (ਐੱਫ.ਆਈ.ਆਈ.) ਪੂੰਜੀ ਬਾਜ਼ਾਰ ’ਚ ਸ਼ੁੱਧ ਵਿਕਰੇਤਾ ਸਨ। ਅਸਥਾਈ ਅੰਕੜਿਆਂ ਮੁਤਾਬਕ ਉਨ੍ਹਾਂ ਨੇ ਵੀਰਵਾਰ ਨੂੰ 1,826.97 ਕਰੋੜ ਰੁਪਏ ਦੇ ਸ਼ੇਅਰ ਵੇਚੇ।