ਦੇਸ਼ ਦੇ 86 ਪਾਵਰ ਪਲਾਂਟਾਂ ਕੋਲ ਕੋਲੇ ਦੇ ਭੰਡਾਰ ਆਮ ਪੱਧਰ ਦੇ 25 ਪ੍ਰਤੀਸ਼ਤ ਤੋਂ ਘੱਟ: ਰਿਪੋਰਟ
18 ਅਕਤੂਬਰ ਤੱਕ ਦੇਸ਼ ਦੇ 86 ਥਰਮਲ ਪਾਵਰ ਪਲਾਂਟਾਂ ਦੇ ਕੋਲ ਕੋਲੇ ਦੇ ਭੰਡਾਰ 'ਨਾਜ਼ੁਕ' ਪੱਧਰ 'ਤੇ ਸਨ
ਨਵੀਂ ਦਿੱਲੀ - 18 ਅਕਤੂਬਰ ਤੱਕ ਦੇਸ਼ ਦੇ 86 ਥਰਮਲ ਪਾਵਰ ਪਲਾਂਟਾਂ ਦੇ ਕੋਲ ਕੋਲੇ ਦੇ ਭੰਡਾਰ 'ਨਾਜ਼ੁਕ' ਪੱਧਰ 'ਤੇ ਸਨ। ਇਨ੍ਹਾਂ ਵਿਚੋਂ ਛੇ ਪਲਾਂਟ ਆਯਾਤ ਈਂਧਨ 'ਤੇ ਆਧਾਰਿਤ ਹਨ। ਇਹ ਜਾਣਕਾਰੀ ਕੇਂਦਰੀ ਬਿਜਲੀ ਅਥਾਰਟੀ (ਸੀਈਏ) ਦੀ ਇੱਕ ਰਿਪੋਰਟ ਤੋਂ ਮਿਲੀ ਹੈ। ਪਾਵਰ ਪਲਾਂਟ ਵਿਚ ਕੋਲੇ ਦੇ ਭੰਡਾਰਾਂ ਦੀ ਸਥਿਤੀ ਉਦੋਂ ਨਾਜ਼ੁਕ ਮੰਨੀ ਜਾਂਦੀ ਹੈ ਜਦੋਂ ਇਸ ਦੇ ਕੋਲੇ ਦੇ ਭੰਡਾਰ ਆਮ ਪੱਧਰ ਦੇ 25 ਪ੍ਰਤੀਸ਼ਤ ਤੋਂ ਘੱਟ ਹੁੰਦੇ ਹਨ।
CEA ਦੀ 18 ਅਕਤੂਬਰ, 2023 ਦੀ ਰੋਜ਼ਾਨਾ ਰਿਪੋਰਟ ਦੇ ਅਨੁਸਾਰ, ਦੇਸ਼ ਵਿਚ ਨਿਗਰਾਨੀ ਕੀਤੇ ਗਏ 181 ਥਰਮਲ ਪਾਵਰ ਪਲਾਂਟਾਂ ਵਿਚੋਂ 86 ਵਿਚ ਕੋਲੇ ਦੇ ਭੰਡਾਰ ਦੀ ਸਥਿਤੀ ਨਾਜ਼ੁਕ ਹੈ। ਇਨ੍ਹਾਂ 86 ਵਿਚੋਂ 6 ਆਯਾਤ ਕੋਲੇ ਆਧਾਰਿਤ ਪਲਾਂਟ ਹਨ। CEA 206 ਗੀਗਾਵਾਟ ਦੀ ਕੁੱਲ ਸਥਾਪਿਤ ਉਤਪਾਦਨ ਸਮਰੱਥਾ ਦੇ ਨਾਲ ਦੇਸ਼ ਵਿੱਚ 181 ਕੋਲਾ-ਅਧਾਰਤ ਥਰਮਲ ਪਾਵਰ ਪਲਾਂਟਾਂ ਦੀ ਨਿਗਰਾਨੀ ਕਰਦਾ ਹੈ।
ਰਿਪੋਰਟ ਦੇ ਅਨੁਸਾਰ, ਲਗਭਗ 149 ਗੀਗਾਵਾਟ ਦੀ ਕੁੱਲ ਸਮਰੱਥਾ ਵਾਲੇ ਕੋਲਾ ਖਾਣਾਂ ਤੋਂ ਦੂਰ ਸਥਿਤ 148 ਘਰੇਲੂ ਕੋਲਾ-ਅਧਾਰਤ ਪਾਵਰ ਪਲਾਂਟਾਂ ਕੋਲ ਕੋਲੇ ਦਾ ਭੰਡਾਰ ਆਮ ਪੱਧਰ ਦੇ 29 ਪ੍ਰਤੀਸ਼ਤ ਤੋਂ ਘੱਟ ਹੈ। ਇਹਨਾਂ 148 ਪਲਾਂਟਾਂ ਵਿਚ 18 ਅਕਤੂਬਰ, 2023 ਤੱਕ ਲਗਭਗ 12.7 ਮਿਲੀਅਨ ਟਨ ਕੋਲਾ ਸੀ, ਜਿਸ ਦਾ ਕਿ ਮਿਆਰੀ ਪੱਧਰ 43.5 ਮਿਲੀਅਨ ਟਨ ਸੀ।
ਜਦੋਂ ਕਿ 18 ਖਾਣਾਂ ਦੇ ਨੇੜੇ ਸਥਿਤ ਕੋਲਾ ਆਧਾਰਿਤ ਪਲਾਂਟਾਂ ਦੀ ਹਾਲਤ ਬਿਹਤਰ ਹੈ। ਇਨ੍ਹਾਂ ਪਲਾਂਟਾਂ ਵਿਚ ਆਮ ਪੱਧਰ ਦੇ ਮੁਕਾਬਲੇ 81 ਫੀਸਦੀ ਕੋਲਾ ਹੈ।
ਇਨ੍ਹਾਂ 18 ਪਲਾਂਟਾਂ ਦੀ ਕੁੱਲ ਬਿਜਲੀ ਉਤਪਾਦਨ ਸਮਰੱਥਾ ਲਗਭਗ 40 ਗੀਗਾਵਾਟ ਹੈ। ਮਾਹਰਾਂ ਦਾ ਮੰਨਣਾ ਹੈ ਕਿ ਆਮ ਤੌਰ 'ਤੇ ਕੋਲਾ ਖਾਣਾਂ ਦੇ ਨੇੜੇ ਸਥਿਤ ਪਲਾਂਟਾਂ ਵਿਚ ਸੁੱਕੇ ਈਂਧਨ ਦੇ ਭੰਡਾਰ ਦੀ ਸਥਿਤੀ ਗੰਭੀਰ ਨਹੀਂ ਹੈ। ਜਦੋਂ ਕਿ ਜਿਹੜੇ ਪਲਾਂਟ ਕੋਲਾ ਖਾਣਾਂ ਦੇ ਨੇੜੇ ਨਹੀਂ ਹਨ, ਉਨ੍ਹਾਂ ਲਈ ਦੂਰ-ਦੁਰਾਡੇ ਤੋਂ ਕੋਲਾ ਪਹੁੰਚਾਉਣਾ ਪੈਂਦਾ ਹੈ।
CEA ਨਿਗਰਾਨੀ ਅਧੀਨ 15 ਆਯਾਤ ਕੋਲਾ-ਚਾਲਿਤ ਪਾਵਰ ਪਲਾਂਟਾਂ ਵਿਚ ਕੋਲੇ ਦੇ ਸਟਾਕ ਦੀ ਸਥਿਤੀ ਬਿਹਤਰ ਸੀ। ਇਨ੍ਹਾਂ ਪਲਾਂਟਾਂ ਵਿਚ ਆਮ ਪੱਧਰ ਤੋਂ 52 ਫ਼ੀਸਦੀ ਕੋਲੇ ਦਾ ਭੰਡਾਰ ਸੀ। ਇਨ੍ਹਾਂ 15 ਆਯਾਤ ਕੋਲਾ ਆਧਾਰਿਤ ਪਲਾਂਟਾਂ ਦੀ ਕੁੱਲ ਉਤਪਾਦਨ ਸਮਰੱਥਾ 17 ਗੀਗਾਵਾਟ ਹੈ। ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ ਲਗਭਗ 206 ਗੀਗਾਵਾਟ ਦੀ ਕੁੱਲ ਸਮਰੱਥਾ ਵਾਲੇ ਇਨ੍ਹਾਂ 181 ਪਾਵਰ ਪਲਾਂਟਾਂ ਵਿਚ 54.3 ਮਿਲੀਅਨ ਟਨ ਦੇ ਮਿਆਰੀ ਪੱਧਰ ਦੇ ਮੁਕਾਬਲੇ 20.4 ਮਿਲੀਅਨ ਟਨ (ਆਦਰਸ਼ ਦਾ 38 ਪ੍ਰਤੀਸ਼ਤ) ਕੋਲਾ ਭੰਡਾਰ ਹੈ। ਇਨ੍ਹਾਂ 181 ਪਲਾਂਟਾਂ ਦੀ ਰੋਜ਼ਾਨਾ ਬਾਲਣ ਦੀ ਲੋੜ 28 ਲੱਖ ਟਨ ਹੈ।