ਮੰਗਲਵਾਰ ਨੂੰ 50 ਉਡਾਣਾਂ ਨੂੰ ਮਿਲੀ ਬੰਬ ਧਮਾਕੇ ਦੀ ਧਮਕੀ, ਪਿਛਲੇ 9 ਦਿਨਾਂ ’ਚ ਹੋ ਚੁੱਕਿਐ 600 ਕਰੋੜ ਰੁਪਏ ਦਾ ਨੁਕਸਾਨ

ਏਜੰਸੀ

ਖ਼ਬਰਾਂ, ਵਪਾਰ

ਪਿਛਲੇ 9 ਦਿਨਾਂ ’ਚ ਭਾਰਤੀ ਏਅਰਲਾਈਨਜ਼ ਵਲੋਂ  ਸੰਚਾਲਿਤ 170 ਤੋਂ ਵੱਧ ਉਡਾਣਾਂ ਨੂੰ ਬੰਬ ਧਮਾਕੇ ਦੀਆਂ ਧਮਕੀਆਂ ਮਿਲੀਆਂ

Representative Image.

ਨਵੀਂ ਦਿੱਲੀ : 24 ਘੰਟਿਆਂ ਤੋਂ ਵੀ ਘੱਟ ਸਮੇਂ ’ਚ ਲਗਭਗ 80 ਘਰੇਲੂ ਅਤੇ ਕੌਮਾਂਤਰੀ  ਉਡਾਣਾਂ ਨੂੰ ਬੰਬ ਧਮਾਕੇ ਦੀਆਂ ਧਮਕੀਆਂ ਮਿਲੀਆਂ, ਜੋ ਬਾਅਦ ’ਚ ਝੂਠੀਆਂ ਸਾਬਤ ਹੋਈਆਂ, ਜਿਸ ਨਾਲ ਹਜ਼ਾਰਾਂ ਮੁਸਾਫ਼ਰਾਂ  ਅਤੇ ਸੁਰੱਖਿਆ ਏਜੰਸੀਆਂ ਨੂੰ ਪੱਬਾਂ ਭਾਰ ਰਹੇ। 

ਏਅਰਲਾਈਨ ਦੇ ਦੋ ਸਾਬਕਾ ਅਧਿਕਾਰੀਆਂ ਮੁਤਾਬਕ ਰੁਕਾਵਟਾਂ ਕਾਰਨ ਏਅਰਲਾਈਨਾਂ ਨੂੰ ਲਗਭਗ 600 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ।
ਇਕੱਲੇ ਮੰਗਲਵਾਰ ਨੂੰ ਇੰਡੀਗੋ ਅਤੇ ਏਅਰ ਇੰਡੀਆ ਦੀਆਂ 13-13 ਉਡਾਣਾਂ ਸਮੇਤ ਲਗਭਗ 50 ਉਡਾਣਾਂ ਨੂੰ ਬੰਬ ਧਮਾਕੇ ਦੀ ਧਮਕੀ ਮਿਲੀ ਸੀ। ਸੂਤਰਾਂ ਨੇ ਦਸਿਆ  ਕਿ ਅਕਾਸਾ ਏਅਰ ਨੂੰ 12 ਤੋਂ ਵੱਧ ਉਡਾਣਾਂ ਲਈ ਧਮਕੀਆਂ ਮਿਲੀਆਂ ਅਤੇ ਵਿਸਤਾਰਾ ਦੀਆਂ 11 ਉਡਾਣਾਂ ਨੂੰ ਵੀ ਧਮਕੀਆਂ ਮਿਲੀਆਂ। 

ਅਧਿਕਾਰੀਆਂ ਨੇ ਦਸਿਆ  ਕਿ ਸੋਮਵਾਰ ਰਾਤ ਨੂੰ ਇੰਡੀਗੋ, ਏਅਰ ਇੰਡੀਆ ਅਤੇ ਵਿਸਤਾਰਾ ਦੀਆਂ ਲਗਭਗ 30 ਉਡਾਣਾਂ ਨੂੰ ਬੰਬ ਧਮਾਕੇ ਦੀ ਧਮਕੀ ਮਿਲੀ। 
ਪਿਛਲੇ 9 ਦਿਨਾਂ ’ਚ ਭਾਰਤੀ ਏਅਰਲਾਈਨਜ਼ ਵਲੋਂ  ਸੰਚਾਲਿਤ 170 ਤੋਂ ਵੱਧ ਉਡਾਣਾਂ ਨੂੰ ਬੰਬ ਧਮਾਕੇ ਦੀਆਂ ਧਮਕੀਆਂ ਮਿਲੀਆਂ ਹਨ, ਜਿਨ੍ਹਾਂ ’ਚੋਂ ਜ਼ਿਆਦਾਤਰ ਸੋਸ਼ਲ ਮੀਡੀਆ ਰਾਹੀਂ ਹਨ। 

ਇਕ ਘਰੇਲੂ ਏਅਰਲਾਈਨ ਦੇ ਵਿੱਤ ਵਿਭਾਗ ’ਚ ਕੰਮ ਕਰ ਚੁਕੇ ਇਕ ਅਧਿਕਾਰੀ ਨੇ ਦਸਿਆ  ਕਿ ਘਰੇਲੂ ਉਡਾਣ ਦੇ ਰੱਦ ਕਰਨ ਦਾ ਖ਼ਰਚਾ ਔਸਤਨ 1.5 ਕਰੋੜ ਰੁਪਏ ਦਾ ਹੁੰਦਾ ਹੈ, ਜਦਕਿ  ਕੌਮਾਂਤਰੀ  ਉਡਾਣ ’ਤੇ  5-5.5 ਕਰੋੜ ਰੁਪਏ ਦਾ ਖ਼ਰਚਾ ਆਵੇਗਾ। ਇਕ ਗਣਨਾ ਤੋਂ ਪਤਾ ਲਗਦਾ  ਹੈ ਕਿ ਘਰੇਲੂ ਅਤੇ ਕੌਮਾਂਤਰੀ  ਉਡਾਣਾਂ ਵਿਚ ਰੁਕਾਵਟ ਦੀ ਔਸਤ ਲਾਗਤ ਲਗਭਗ 3.5 ਕਰੋੜ ਰੁਪਏ ਹੋਵੇਗੀ ਅਤੇ 170 ਤੋਂ ਵੱਧ ਉਡਾਣਾਂ ਲਈ ਏਅਰਲਾਈਨਾਂ ਦਾ ਕੁਲ  ਖਰਚਾ ਜਾਂ ਘਾਟਾ ਲਗਭਗ 600 ਕਰੋੜ ਰੁਪਏ ਹੋਵੇਗਾ।