ਸ਼ੇਅਰ ਬਾਜ਼ਾਰ ’ਚ ਭਾਰੀ ਉਤਰਾਅ-ਚੜ੍ਹਾਅ, ਸਵੇਰੇ ਚੜ੍ਹਿਆ ਸ਼ਾਮ ਨੂੰ ਮੂੰਧੇ ਮੂੰਹ
1,053 ਅੰਕ ਡਿੱਗ ਕੇ 70,370.55 ਅੰਕ ’ਤੇ ਬੰਦ ਹੋਇਆ ਸੈਂਸੈਕਸ, ਨਿਫ਼ਟੀ ਵੀ 330 ਅੰਕ ਹੇਠਾਂ
- ਲਾਲ ਸਾਗਰ ’ਚ ਸੰਕਟ ਵਧਣ ਨਾਲ ਦਖਣੀ ਏਸ਼ੀਆਈ ਅਰਥਵਿਵਸਥਾ ਸੱਭ ਤੋਂ ਜ਼ਿਆਦਾ ਪ੍ਰਭਾਵਤ ਹੋਵੇਗੀ : ਸ਼ੇਅਰ ਬਾਜ਼ਾਰ ਮਾਹਰ
ਮੁੰਬਈ: ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ ਮੰਗਲਵਾਰ ਨੂੰ 1,053 ਅੰਕ ਡਿੱਗ ਕੇ 71,000 ਦੇ ਪੱਧਰ ਤੋਂ ਹੇਠਾਂ ਆ ਗਿਆ। ਮੱਧ ਪੂਰਬ ’ਚ ਵਧਦੇ ਤਣਾਅ ਅਤੇ ਮਿਲੇ-ਜੁਲੇ ਗਲੋਬਲ ਸੰਕੇਤਾਂ ਦੇ ਵਿਚਕਾਰ ਐਚ.ਡੀ.ਐਫ.ਸੀ. ਬੈਂਕ, ਰਿਲਾਇੰਸ ਇੰਡਸਟਰੀਜ਼ ਅਤੇ ਐਸ.ਬੀ.ਆਈ. ਦੇ ਸ਼ੇਅਰਾਂ ’ਚ ਵਿਕਰੀ ਬੰਦ ਹੋਈ। ਕਾਰੋਬਾਰੀਆਂ ਮੁਤਾਬਕ ਕੰਪਨੀਆਂ ਦੀ ਕਮਾਈ ਉਮੀਦਾਂ ਦੇ ਅਨੁਕੂਲ ਨਾ ਹੋਣ ਨੂੰ ਲੈ ਕੇ ਚਿੰਤਾਵਾਂ ਦੇ ਮੱਦੇਨਜ਼ਰ ਵਿਕਰੀ ਦਾ ਦਬਾਅ ਵੇਖਣ ਨੂੰ ਮਿਲਿਆ।
30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ ’ਚ ਕਰੀਬ 450 ਅੰਕਾਂ ਦੀ ਤੇਜ਼ੀ ਨਾਲ ਖੁੱਲ੍ਹਿਆ। ਪਰ ਇਹ 1,053.10 ਅੰਕ ਯਾਨੀ 1.47 ਫੀ ਸਦੀ ਦੀ ਗਿਰਾਵਟ ਨਾਲ 70,370.55 ’ਤੇ ਬੰਦ ਹੋਇਆ। ਕਾਰੋਬਾਰ ਦੇ ਦੌਰਾਨ ਇੰਡੈਕਸ 70,234.55 ਦੇ ਹੇਠਲੇ ਪੱਧਰ ਅਤੇ 72,039.20 ਦੇ ਉੱਚ ਪੱਧਰ ’ਤੇ ਪਹੁੰਚ ਗਿਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 330.15 ਅੰਕ ਯਾਨੀ 1.53 ਫੀ ਸਦੀ ਡਿੱਗ ਕੇ 21,241.65 ਅੰਕ ’ਤੇ ਬੰਦ ਹੋਇਆ।
ਜੀਓਜੀਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਖੋਜ ਮੁਖੀ ਵਿਨੋਦ ਨਾਇਰ ਨੇ ਕਿਹਾ ਕਿ ਚੰਗੀ ਸ਼ੁਰੂਆਤ ਦੇ ਬਾਵਜੂਦ ਬਾਜ਼ਾਰ ਅਚਾਨਕ ਡਿੱਗਣਾ ਸ਼ੁਰੂ ਹੋ ਗਿਆ ਅਤੇ ਇਹ ਘਾਟੇ ’ਚ ਬੰਦ ਹੋਇਆ। ਇਸ ਦਾ ਮੁੱਖ ਕਾਰਨ ਇੰਡੈਕਸ ’ਚ ਮਜ਼ਬੂਤ ਹਿੱਸੇਦਾਰੀ ਰੱਖਣ ਵਾਲੇ ਸ਼ੇਅਰਾਂ ’ਚ ਵਿਕਰੀ ਹੈ, ਖਾਸ ਤੌਰ ’ਤੇ ਵਿੱਤੀ ਖੇਤਰ ‘ਚ। ਉਨ੍ਹਾਂ ਕਿਹਾ ਕਿ ਉੱਚ ਮੁਲਾਂਕਣ ਅਤੇ ਮਿਸ਼ਰਤ ਕਾਰਪੋਰੇਟ ਨਤੀਜਿਆਂ ਦੇ ਨਾਲ-ਨਾਲ ਮੱਧ ਪੂਰਬ ਅਤੇ ਲਾਲ ਸਾਗਰ ਵਿਚ ਵਧੇ ਤਣਾਅ ਨੇ ਨਿਵੇਸ਼ਕਾਂ ਨੂੰ ਹਾਲੀਆ ਤੇਜ਼ੀ ਤੋਂ ਬਾਅਦ ਮੁਨਾਫਾ ਬੁੱਕ ਕਰਨ ਲਈ ਪ੍ਰੇਰਿਤ ਕੀਤਾ। ਕੰਪਨੀਆਂ ਦੇ ਤਿਮਾਹੀ ਨਤੀਜਿਆਂ ਨਾਲ ਆਉਣ ਵਾਲੇ ਦਿਨਾਂ ’ਚ ਬਾਜ਼ਾਰ ’ਚ ਸ਼ੇਅਰ ਕੇਂਦਰਿਤ ਗਤੀਵਿਧੀਆਂ ਵੇਖਣ ਨੂੰ ਮਿਲ ਸਕਦੀਆਂ ਹਨ।
ਸੈਂਸੈਕਸ ’ਚ ਇੰਡਸਇੰਡ ਬੈਂਕ ਸੱਭ ਤੋਂ ਜ਼ਿਆਦਾ 6.13 ਫੀ ਸਦੀ ਡਿੱਗ ਗਿਆ। ਇਸ ਤੋਂ ਇਲਾਵਾ ਐਸ.ਬੀ.ਆਈ. (3.99 ਫੀ ਸਦੀ), ਹਿੰਦੁਸਤਾਨ ਯੂਨੀਲੀਵਰ (3.82 ਫੀ ਸਦੀ), ਐਕਸਿਸ ਬੈਂਕ (3.41 ਫੀ ਸਦੀ) ਅਤੇ ਐਚ.ਡੀ.ਐਫ.ਸੀ. ਬੈਂਕ (3.23 ਫੀ ਸਦੀ) ਦੇ ਸ਼ੇਅਰਾਂ ’ਚ ਗਿਰਾਵਟ ਦਰਜ ਕੀਤੀ ਗਈ।
ਦੂਜੇ ਪਾਸੇ ਸਨ ਫਾਰਮਾ, ਭਾਰਤੀ ਏਅਰਟੈੱਲ, ਆਈ.ਸੀ.ਆਈ.ਸੀ.ਆਈ. ਬੈਂਕ ਅਤੇ ਪਾਵਰਗ੍ਰਿਡ ਦੇ ਸ਼ੇਅਰਾਂ ’ਚ ਵਾਧਾ ਦਰਜ ਕੀਤਾ ਗਿਆ। ਇਸ ’ਚ 3.67 ਫੀ ਸਦੀ ਦਾ ਵਾਧਾ ਹੋਇਆ ਹੈ। ਟੀ.ਸੀ.ਐਸ. ਅਤੇ ਬਜਾਜ ਫਿਨਸਰਵ ਲਾਭ ’ਚ ਸ਼ਾਮਲ ਸਨ। ਸੈਂਸੈਕਸ ਦੇ 30 ਸ਼ੇਅਰਾਂ ’ਚੋਂ 24 ਸ਼ੇਅਰਾਂ ’ਚ ਗਿਰਾਵਟ ਦਰਜ ਕੀਤੀ ਗਈ।
ਜ਼ੀ ਐਂਟਰਟੇਨਮੈਂਟ ਐਂਟਰਪ੍ਰਾਈਜ਼ਜ਼ ਲਿਮਟਿਡ ਮੰਗਲਵਾਰ ਨੂੰ ਕੰਪਨੀ ਦੇ ਸ਼ੇਅਰ ’ਚ ਕਰੀਬ 33 ਫੀ ਸਦੀ ਦੀ ਗਿਰਾਵਟ ਆਈ। ਸੋਨੀ ਵਲੋਂ ਪ੍ਰਸਤਾਵਿਤ ਰਲੇਵੇਂ ਸਮਝੌਤੇ ਨੂੰ ਖਤਮ ਕਰਨ ਦੇ ਐਲਾਨ ਤੋਂ ਬਾਅਦ ਕੰਪਨੀ ਦੇ ਸਟਾਕ ’ਚ ਗਿਰਾਵਟ ਆਈ ਹੈ। ਇਸ ਦੌਰਾਨ ਨਿੱਜੀ ਖੇਤਰ ਦੇ ਐਕਸਿਸ ਬੈਂਕ ਦਾ ਸ਼ੁੱਧ ਲਾਭ ਦਸੰਬਰ 2023 ਨੂੰ ਖਤਮ ਤੀਜੀ ਤਿਮਾਹੀ ’ਚ 4 ਫੀ ਸਦੀ ਵਧ ਕੇ 6,071 ਕਰੋੜ ਰੁਪਏ ਹੋ ਗਿਆ।
ਮੋਤੀਲਾਲ ਓਸਵਾਲ ਫਾਈਨੈਂਸ਼ੀਅਲ ਸਰਵਿਸਿਜ਼ ਲਿਮਟਿਡ ਐਚ.ਐਮ.ਏ. ਦੇ ਪ੍ਰਚੂਨ ਖੋਜ ਮੁਖੀ ਸਿਧਾਰਥ ਖੇਮਕਾ ਨੇ ਕਿਹਾ, ‘‘ਫਿਚ ਦੇ ਬਿਆਨ ਨੇ ਗਲੋਬਲ ਭਾਵਨਾ ਨੂੰ ਸੁਚੇਤ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਲਾਲ ਸਾਗਰ ’ਚ ਸੰਕਟ ਵਧਣ ਨਾਲ ਦਖਣੀ ਏਸ਼ੀਆਈ ਅਰਥਵਿਵਸਥਾ ਸੱਭ ਤੋਂ ਜ਼ਿਆਦਾ ਪ੍ਰਭਾਵਤ ਹੋਵੇਗੀ। ਇਸ ਦੇ ਨਾਲ ਹੀ ਲੰਬੀ ਮਿਆਦ ਦੀ ਸਮੱਸਿਆ ਕਾਰਨ ਭਾਰਤ ਦੇ ਆਰਥਕ ਅਨੁਮਾਨ ਨੂੰ ਵੀ ਕਾਫੀ ਖਤਰਾ ਹੈ।’’
ਏਸ਼ੀਆ ਦੇ ਹੋਰ ਬਾਜ਼ਾਰਾਂ ’ਚ ਹਾਂਗਕਾਂਗ ਦਾ ਹੈਂਗਸੇਂਗ ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ ਤੇਜ਼ੀ ਨਾਲ ਬੰਦ ਹੋਏ। ਜਦਕਿ ਜਾਪਾਨ ਦਾ ਨਿੱਕੇਈ ਨੁਕਸਾਨ ’ਤੇ ਰਿਹਾ। ਯੂਰਪ ਦੇ ਬਾਜ਼ਾਰ ਅਪਣੇ ਸ਼ੁਰੂਆਤੀ ਸੌਦਿਆਂ ’ਚ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਸਨ। ਸੋਮਵਾਰ ਨੂੰ ਅਮਰੀਕੀ ਬਾਜ਼ਾਰ ਉੱਚੇ ਪੱਧਰ ’ਤੇ ਸਨ।
ਇਸ ਦੌਰਾਨ ਗਲੋਬਲ ਤੇਲ ਬੈਂਚਮਾਰਕ ਬ੍ਰੈਂਟ ਕਰੂਡ 0.40 ਫੀ ਸਦੀ ਦੀ ਗਿਰਾਵਟ ਨਾਲ 79.74 ਡਾਲਰ ਪ੍ਰਤੀ ਬੈਰਲ ’ਤੇ ਕਾਰੋਬਾਰ ਕਰ ਰਿਹਾ ਸੀ। ਅਸਥਾਈ ਅੰਕੜਿਆਂ ਮੁਤਾਬਕ ਗਲੋਬਲ ਸੰਸਥਾਗਤ ਨਿਵੇਸ਼ਕਾਂ ਨੇ ਸਨਿਚਰਵਾਰ ਨੂੰ 545.58 ਕਰੋੜ ਰੁਪਏ ਦੇ ਸ਼ੇਅਰ ਵੇਚੇ। ਸਨਿਚਰਵਾਰ ਨੂੰ ਸੈਂਸੈਕਸ ’ਚ 259.58 ਅੰਕ ਅਤੇ ਨਿਫਟੀ ’ਚ 50.60 ਅੰਕ ਦੀ ਗਿਰਾਵਟ ਆਈ ਸੀ।