ਟਰੇਡ ਵਾਰ ਦੇ ਚੱਲਦਿਆਂ ਧੜੰਮ ਕਰ ਡਿੱਗਿਆ ਸ਼ੇਅਰ ਬਾਜ਼ਾਰ
ਟਰੇਡ ਵਾਰ ਦੇ ਚੱਲਦਿਆਂ ਧੜੰਮ ਕਰ ਡਿੱਗਿਆ ਸ਼ੇਅਰ ਬਾਜ਼ਾਰ
ਮੁੰਬਈ : ਇਸ ਕਾਰੋਬਾਰੀ ਹਫ਼ਤੇ ਦੇ ਆਖ਼ਰੀ ਦਿਨ ਸ਼ੇਅਰ ਬਾਜ਼ਾਰ ਨੇ ਭਾਰੀ ਗਿਰਾਵਟ ਨਾਲ ਸ਼ੁਰੂਆਤ ਕੀਤੀ। ਅਮਰੀਕੀ ਰਾਸ਼ਟਰਪਤੀ ਟਰੰਪ ਦੇ ਟਰੇਡ ਵਾਰ (ਵਪਾਰ ਯੁੱਧ) ਸ਼ੁਰੂ ਕਰਨ ਦੀ ਵਜ੍ਹਾ ਨਾਲ ਅੱਜ ਬਾਜ਼ਾਰ ਧੜੰਮ ਹੋ ਗਿਆ। ਨਿਫ਼ਟੀ 10 ਹਜ਼ਾਰ ਦੇ ਪੱਧਰ ਤੋਂ ਹੇਠਾਂ ਗਿਆ ਹੈ ਤੇ ਸੈਂਸੈਕਸ 320 ਅੰਕਾਂ ਦੀ ਗਿਰਾਵਟ ਨਾਲ ਖੁੱਲ੍ਹਿਆ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੂਸਰੇ ਦੇਸ਼ਾਂ ਤੋਂ ਆਪਣੇ ਦੇਸ਼ 'ਚ ਆਉਣ ਵਾਲੇ ਕੁੱਝ ਸਾਮਾਨਾਂ 'ਤੇ ਟੈਕਸ ਲਗਾ ਦਿਤਾ ਹੈ। ਚੀਨ ਨੇ ਵੀ ਇਸ ਦਾ ਜਵਾਬ ਦਿੰਦੇ ਹੋਏ ਅਮਰੀਕਾ ਤੋਂ ਆਉਣ ਵਾਲੇ ਸਾਮਾਨ 'ਤੇ ਟੈਕਸ ਲਗਾਉਣ ਦਾ ਐਲਾਨ ਕਰ ਦਿਤਾ ਹੈ, ਜਿਸ ਕਾਰਨ ਬਾਜ਼ਾਰ ਕਮਜ਼ੋਰ ਹੋਇਆ ਹੈ।
ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਨਿਫ਼ਟੀ 146 ਅੰਕ ਦੀ ਵੱਡੀ ਗਿਰਾਵਟ ਨਾਲ 10,000 ਦੇ ਪੱਧਰ ਤੋਂ ਹੇਠਾਂ 9,968.80 'ਤੇ ਖੁੱਲ੍ਹਿਆ। ਉੱਥੇ ਹੀ, ਇਸ ਦੌਰਾਨ ਏਸ਼ੀਆਈ ਬਾਜ਼ਾਰਾਂ 'ਚ ਜ਼ੋਰਦਾਰ ਗਿਰਾਵਟ ਦੇਖਣ ਨੂੰ ਮਿਲੀ ਹੈ। ਜਾਪਾਨ ਦਾ ਬਾਜ਼ਾਰ ਨਿਕੇਈ ਅਤੇ ਸਿੰਗਾਪੁਰ 'ਚ ਐੱਨਐੱਸਈ ਨਿਫਟੀ-50 ਦਾ ਸ਼ੁਰੂਆਤੀ ਸੂਚਕ ਐੱਸਜੀਐਕਸ ਨਿਫਟੀ ਤੇਜ਼ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ। ਨਿਕੇਈ 764 ਅੰਕ ਡਿੱਗ ਕੇ 20,828 'ਤੇ ਅਤੇ ਐੱਸਜੀਐਕਸ ਨਿਫਟੀ 115 ਅੰਕ ਦੀ ਜ਼ੋਰਦਾਰ ਗਿਰਾਵਟ ਨਾਲ 10,000 ਦੇ ਪੱਧਰ 'ਤੇ ਕਾਰੋਬਾਰ ਕਰਦਾ ਨਜ਼ਰ ਆਇਆ।
ਇਸ ਦੇ ਇਲਾਵਾ ਅਮਰੀਕਾ ਅਤੇ ਚੀਨ ਵਿਚਕਾਰ ਵਪਾਰ ਯੁੱਧ ਕਾਰਨ ਵੀਰਵਾਰ ਨੂੰ ਅਮਰੀਕੀ ਬਾਜ਼ਾਰ ਭਾਰੀ ਗਿਰਾਵਟ ਨਾਲ ਬੰਦ ਹੋਏ। ਡਾਓ ਜੋਂਸ 725 ਅੰਕ, ਐੱਸ. ਐਂਡ. ਪੀ.-500 ਇੰਡੈਕਸ 68 ਅੰਕ ਅਤੇ ਨੈਸਡੈਕ ਕੰਪੋਜਿਟ 178 ਦੀ ਗਿਰਾਵਟ ਨਾਲ ਬੰਦ ਹੋਏ ਹਨ। ਅਮਰੀਕਾ ਨੇ 60 ਅਰਬ ਡਾਲਰ ਦੇ ਚੀਨੀ ਸਾਮਾਨ 'ਤੇ ਇੰਪੋਰਟ ਡਿਊਟੀ ਲਾਉਣ ਦਾ ਐਲਾਨ ਕੀਤਾ ਹੈ, ਜਿਸ ਦੇ ਜਵਾਬ 'ਚ ਚੀਨ ਨੇ ਵੀ 128 ਅਮਰੀਕੀ ਸਾਮਾਨਾਂ 'ਤੇ ਜਵਾਬੀ ਕਾਰਵਾਈ ਕਰਨ ਦਾ ਫ਼ੈਸਲਾ ਕੀਤਾ ਹੈ।
ਬੀਐੱਸਈ ਲਾਰਜ ਕੈਪ, ਮਿਡ ਕੈਪ ਅਤੇ ਸਾਮਾਲ ਕੈਪ 'ਚ ਇਸ ਦੌਰਾਨ ਵੱਡੀ ਗਿਰਾਵਟ ਦੇਖਣ ਨੂੰ ਮਿਲੀ। ਸਮਾਲ ਕੈਪ 'ਚ 314 ਅੰਕ ਦੀ ਗਿਰਾਵਟ, ਮਿਡ ਕੈਪ 'ਚ 250 ਅੰਕ ਤੋਂ ਵਧ ਦੀ ਕਮਜ਼ੋਰੀ ਅਤੇ ਲਾਰਜ ਕੈਪ 'ਚ 46 ਅੰਕ ਦੀ ਗਿਰਾਵਟ ਦੇਖਣ ਨੂੰ ਮਿਲੀ।
ਐੱਨਐੱਸਈ 'ਤੇ ਸਾਰੇ ਸੈਕਟਰ ਇੰਡੈਕਸ ਗਿਰਾਵਟ 'ਚ ਨਜ਼ਰ ਆਏ। ਬੈਂਕ ਨਿਫਟੀ 437 ਅੰਕ ਡਿੱਗ ਕੇ 23,704.50 'ਤੇ ਕਾਰੋਬਾਰ ਕਰਦਾ ਨਜ਼ਰ ਆਇਆ। ਨਿਫਟੀ ਪੀ. ਐੱਸ. ਯੂ. ਬੈਂਕ 'ਚ 64 ਅੰਕ ਦੀ ਗਿਰਾਵਟ ਦੇਖਣ ਨੂੰ ਮਿਲੀ, ਜਦੋਂ ਕਿ ਨਿਫਟੀ ਫਾਰਮਾ 'ਚ 99 ਅੰਕ ਅਤੇ ਨਿਫਟੀ ਮੈਟਲ 'ਚ 100 ਤੋਂ ਵਧ ਅੰਕ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ।