ਹੁਣ ਸੱਭ ਤੋਂ ਉੱਚੀ ਜੀਐਸਟੀ ਸਲੈਬ ਵਿਚ ਸਿਰਫ਼ 35 ਉਤਪਾਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਮਾਲ ਅਤੇ ਸੇਵਾ ਕਰ (ਜੀਐਸਟੀ) ਪਰਿਸ਼ਦ ਨੇ ਸੱਭ ਤੋਂ ਉੱਚੀ 28 ਫ਼ੀ ਸਦੀ ਕਰ ਸਲੈਬ ਵਿਚ ਉਤਪਾਦਾਂ ਦੀ ਸੂਚੀ ਨੂੰ ਘਟਾ ਕੇ 35 ਕਰ ਦਿਤਾ ਹੈ। ਹੁਣ ਇਸ ਸੂਚੀ ਵਿਚ ...

GST

ਨਵੀਂ ਦਿੱਲੀ, ਮਾਲ ਅਤੇ ਸੇਵਾ ਕਰ (ਜੀਐਸਟੀ) ਪਰਿਸ਼ਦ ਨੇ ਸੱਭ ਤੋਂ ਉੱਚੀ 28 ਫ਼ੀ ਸਦੀ ਕਰ ਸਲੈਬ ਵਿਚ ਉਤਪਾਦਾਂ ਦੀ ਸੂਚੀ ਨੂੰ ਘਟਾ ਕੇ 35 ਕਰ ਦਿਤਾ ਹੈ। ਹੁਣ ਇਸ ਸੂਚੀ ਵਿਚ ਏਸੀ, ਡਿਜੀਟਲ ਕੈਮਰਾ, ਵੀਡੀਉ ਰੀਕਾਰਡਰ, ਡਿਸ਼ਵਾਸ਼ਿੰਗ ਮਸ਼ੀਨ ਅਤੇ ਵਾਹਨ ਜਿਵੇਂ 35 ਉਤਪਾਦ ਰਹਿ ਗਏ ਹਨ। ਪਿਛਲੇ ਇਕ ਸਾਲ ਦੌਰਾਨ ਜੀਐਸਟੀ ਪਰਿਸ਼ਦ ਨੇ ਸੱਭ ਤੋਂ ਉੱਚੀ ਕਰ ਸਲੈਬ ਵਾਲੇ 191 ਉਤਪਾਦਾਂ 'ਤੇ ਕਰ ਘਟਾਇਆ ਹੈ।

ਜੀਐਸਟੀ ਨੂੰ ਇਕ ਜੁਲਾਈ 2017 ਨੁੰ ਲਾਗੂ ਕੀਤਾ ਗਿਆ ਸੀ। ਉਸ ਸਮੇਂ 28 ਫ਼ੀ ਸਦੀ ਕਰ ਸਲੈਬ ਵਿਚ 226 ਉਤਪਾਦ ਜਾਂ ਵਸਤੂਆਂ ਸਨ। ਵਿੱਤ ਮੰਤਰੀ ਦੀ ਅਗਵਾਈ ਵਾਲੀ ਜੀਐਸਟੀ ਪਰਿਸ਼ਦ ਨੇ ਇਕ ਸਾਲ ਵਿਚ 191 ਵਸਤੂਆਂ ਤੋਂ ਕਰ ਘਟਾਇਆ ਹੈ। ਨਵੀਆਂ ਜੀਐਸਟੀ ਦਰਾਂ 27 ਜੁਲਾਈ ਨੂੰ ਲਾਗੂ ਹੋਣਗੀਆਂ। ਜਿਹੜੇ 35 ਉਤਪਾਦ ਸੱਭ ਤੋਂ ਉੱਚੀ ਕਰ ਸਲੈਬ ਵਿਚ ਬਚਣਗੇ, ਉਨ੍ਹਾਂ ਵਿਚ ਸੀਮਿੰਟ, ਵਾਹਨ ਕਲਪੁਰਜ਼ੇ, ਟਾਇਰ, ਵਾਹਨ ਉਪਕਰਨ, ਮੋਟਰ ਵਾਹਨ, ਯਾਟ, ਜਹਾਜ਼, ਏਰੇਟਡ ਡਰਿੰਕ ਅਤੇ ਤਮਾਕੂ ਉਤਪਾਦ, ਸਿਗਰਟ ਅਤੇ ਪਾਨ ਮਸਾਲਾ ਸ਼ਾਮਲ ਹਨ।

ਮਾਹਰਾਂ ਦਾ ਕਹਿਣਾ ਹੈ ਕਿ ਅੱਗੇ ਚੱਲ ਕੇ ਮਾਲੀਆ ਸਥਿਰ ਹੋਣ ਮਗਰੋਂ ਪਰਿਸਦ 28 ਫ਼ੀ ਸਦੀ ਕਰ ਸਲੈਬ ਨੂੰ ਹੋਰ ਤਰਕਸੰਗਤ ਬਣਾ ਸਕਦੀ ਹੈ ਅਤੇ ਸੱਭ ਤੋਂ ਉੱਚੀ ਕਰ ਸਲੈਬ ਨੂੰ ਸਿਰਫ਼ ਸੁਪਰ ਲਗਜ਼ਰੀ ਉਤਪਾਦਾਂ ਤਕ ਸੀਮਤ ਕਰ ਸਕਦੀ ਹੈ। ਟੀਵੀ, ਡਿਸ਼ਵਾਸ਼ਰ, ਡਿਜੀਟਲ ਕੈਮਰਾ, ਏਸੀ 'ਤੇ 18 ਫ਼ੀ ਸਦੀ ਦੀ ਜੀਐਸਟੀ ਦਰ ਲਾਗੂ ਹੋ ਸਕਦੀ ਹੈ। (ਏਜੰਸੀ)