ਦੋ ਦਿਨਾਂ ਦੀ ਗਿਰਾਵਟ ਤੋਂ ਬਾਅਦ ਬਾਜ਼ਾਰ 'ਚ ਸੁਧਾਰ, ਸੈਂਸੈਕਸ 257 ਅੰਕ ਉੱਪਰ, ਨਿਫਟੀ 17,550 ਤੋਂ ਪਾਰ
ਨਿਫ਼ਟੀ 'ਚ ਪਿਛਲੇ ਦਿਨ ਦੇ ਮੁਕਾਬਲੇ 86.80 ਅੰਕਾਂ ਦਾ ਵਾਧਾ ਦੇਖਣ ਨੂੰ ਮਿਲਿਆ।
ਮੁੰਬਈ - ਹਫ਼ਤੇ ਦੇ ਦੂਜੇ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਲਾਲ ਰੰਗ 'ਚ ਖੁੱਲ੍ਹਿਆ ਪਰ ਹੌਲੀ-ਹੌਲੀ ਬਾਜ਼ਾਰ ਦਾ ਮੂਡ ਸੁਧਰਨਾ ਸ਼ੁਰੂ ਹੋ ਗਿਆ। ਜਿਵੇਂ-ਜਿਵੇਂ ਦਿਨ ਚੜ੍ਹਦਾ ਗਿਆ, ਮੰਡੀ ਵਿਚ ਦੋ ਦਿਨਾਂ ਦੀ ਗਿਰਾਵਟ ਤੋਂ ਬਾਅਦ ਹਰਿਆਲੀ ਪਰਤਣ ਲੱਗੀ। ਮੰਗਲਵਾਰ ਨੂੰ ਕਾਰੋਬਾਰ ਦੀ ਸਮਾਪਤੀ 'ਤੇ ਸੈਂਸੈਕਸ 257.43 ਅੰਕਾਂ ਦੇ ਵਾਧੇ ਨਾਲ 59,031.30 ਅੰਕਾਂ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ।
ਇਸ ਦੇ ਨਾਲ ਹੀ ਨਿਫ਼ਟੀ 'ਚ ਪਿਛਲੇ ਦਿਨ ਦੇ ਮੁਕਾਬਲੇ 86.80 ਅੰਕਾਂ ਦਾ ਵਾਧਾ ਦੇਖਣ ਨੂੰ ਮਿਲਿਆ। ਬਾਜ਼ਾਰ ਬੰਦ ਹੋਣ 'ਤੇ ਨਿਫ਼ਟੀ ਇੰਡੈਕਸ 17,577.50 ਅੰਕ ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। ਮੰਗਲਵਾਰ ਦੇ ਕਾਰੋਬਾਰੀ ਸੈਸ਼ਨ 'ਚ M&M ਦੇ ਸ਼ੇਅਰਾਂ 'ਚ ਚਾਰ ਫ਼ੀਸਦੀ ਤੱਕ ਦਾ ਵਾਧਾ ਦਰਜ ਕੀਤਾ ਗਿਆ, ਜਦਕਿ ਅਡਾਨੀ ਪਾਵਰ ਦੇ ਸ਼ੇਅਰਾਂ 'ਚ ਪੰਜ ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ।
ਇਸ ਤੋਂ ਪਹਿਲਾਂ ਮੰਗਲਵਾਰ (23 ਅਗਸਤ) ਨੂੰ ਜਦੋਂ ਬਾਜ਼ਾਰ ਖੁੱਲ੍ਹਿਆ ਤਾਂ ਬਾਜ਼ਾਰ 'ਚ ਮੰਦੀ ਦਾ ਮਾਹੌਲ ਰਿਹਾ। ਸੈਂਸੈਕਸ 374 ਅੰਕਾਂ ਦੀ ਗਿਰਾਵਟ ਨਾਲ ਖੁੱਲ੍ਹਿਆ, ਜਦੋਂ ਕਿ ਨਿਫਟੀ 117 ਅੰਕ ਡਿੱਗ ਗਿਆ। ਇਸ ਤੋਂ ਪਹਿਲਾਂ SGX ਨਿਫ਼ਟੀ 49 ਅੰਕਾਂ ਦੀ ਕਮਜ਼ੋਰੀ ਨਾਲ ਭਾਰਤੀ ਬਾਜ਼ਾਰ 'ਚ ਕਮਜ਼ੋਰੀ ਦੇ ਸੰਕੇਤ ਮਿਲੇ ਸਨ। ਇਸ 'ਚ 0.28 ਅੰਕ ਦੀ ਗਿਰਾਵਟ ਦਰਜ ਕੀਤੀ ਗਈ।
ਅਮਰੀਕੀ ਫੈਡਰਲ ਰਿਜ਼ਰਵ ਦੇ ਸਖ਼ਤ ਫੈਸਲਿਆਂ ਅਤੇ ਗਲੋਬਲ ਆਰਥਿਕ ਗਤੀਵਿਧੀ 'ਚ ਆਈ ਮੰਦੀ ਨੂੰ ਲੈ ਕੇ ਬਾਜ਼ਾਰ 'ਚ ਚਿੰਤਾ ਹੈ, ਜਿਸ ਕਾਰਨ ਬਾਜ਼ਾਰ 'ਚ ਗਿਰਾਵਟ ਦਿਖਾਈ ਦਿੱਤੀ। ਇਸ ਦੇ ਨਾਲ ਹੀ ਡਾਲਰ ਦੀ ਮਜ਼ਬੂਤੀ ਕਾਰਨ ਆਈਟੀ ਸੈਕਟਰ ਦੇ ਸ਼ੇਅਰ ਕਮਜ਼ੋਰ ਹੋਏ ਹਨ। ਨਿਫਟੀ ਦਾ ਆਈਟੀ ਇੰਡੈਕਸ 1.66% ਕਮਜ਼ੋਰ ਹੋਇਆ ਹੈ।