ਸ਼ੇਅਰ ਬਜ਼ਾਰ ’ਚ ਚੁਤਰਫ਼ਾ ਗਿਰਾਵਟ, ਸੈਂਸੈਕਸ 826 ਅੰਕ ਡਿੱਗਾ

ਏਜੰਸੀ

ਖ਼ਬਰਾਂ, ਵਪਾਰ

ਪਛਮੀ ਏਸ਼ੀਆ ’ਚ ਸੰਕਟ ਦੇ ਡੂੰਘੇ ਹੋਣ ਦੇ ਡਰ ਅਤੇ ਅਮਰੀਕਾ ’ਚ ਵਿਆਜ ਦਰਾਂ ’ਚ ਵਾਧੇ ਨੇ ਬਾਜ਼ਾਰ ’ਤੇ ਪਾਇਆ ਅਸਰ

Sensex

ਮੁੰਬਈ: ਪਛਮੀ ਏਸ਼ੀਆ ’ਚ ਵਧਦੇ ਤਣਾਅ ਕਾਰਨ ਆਲਮੀ ਬਾਜ਼ਾਰਾਂ ’ਚ ਕਮਜ਼ੋਰ ਰੁਖ ਵਿਚਕਾਰ ਸੋਮਵਾਰ ਨੂੰ ਸਥਾਨਕ ਸ਼ੇਅਰ ਬਾਜ਼ਾਰਾਂ ’ਚ ਭਾਰੀ ਗਿਰਾਵਟ ਦਰਜ ਕੀਤੀ ਗਈ ਅਤੇ ਬੈਂਚਮਾਰਕ ਸੂਚਕਾਂਕ ਸੈਂਸੈਕਸ ਅਤੇ ਨਿਫਟੀ ਵਿਚ ਲਗਭਗ 1.3 ਫੀ ਸਦੀ ਡਿੱਗ ਗਏ। ਵਿਸ਼ਲੇਸ਼ਕਾਂ ਮੁਤਾਬਕ ਕੱਚੇ ਤੇਲ ਦੀ ਕੀਮਤ 90 ਡਾਲਰ ਪ੍ਰਤੀ ਬੈਰਲ ਤੋਂ ਵੱਧ ਜਾਣ ਕਾਰਨ ਵਪਾਰਕ ਧਾਰਨਾ ਵੀ ਪ੍ਰਭਾਵਤ ਹੋਈ। ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 825.74 ਅੰਕ ਜਾਂ 1.26 ਫੀ ਸਦੀ ਦੀ ਭਾਰੀ ਗਿਰਾਵਟ ਨਾਲ 64,571.88 ਅੰਕ ’ਤੇ ਬੰਦ ਹੋਇਆ। ਵਪਾਰ ਦੌਰਾਨ ਇਕ ਸਮੇਂ ਇਹ 894.94 ਅੰਕ ਜਾਂ 1.36 ਫੀ ਸਦੀ ਤਕ ਡਿੱਗ ਕੇ 64,502.68 ਅੰਕ ’ਤੇ ਆ ਗਿਆ ਸੀ।

ਨੈਸ਼ਨਲ ਸਟਾਕ ਐਕਸਚੇਂਜ (ਐਨ.ਐੱਸ.ਈ.) ਦਾ ਨਿਫਟੀ 260.90 ਅੰਕ ਜਾਂ 1.34 ਫੀ ਸਦੀ ਫਿਸਲ ਕੇ 19,281.75 ’ਤੇ ਬੰਦ ਹੋਇਆ। ਸ਼ੇਅਰ ਬਾਜ਼ਾਰਾਂ ’ਚ ਗਿਰਾਵਟ ਦਾ ਇਹ ਲਗਾਤਾਰ ਚੌਥਾ ਸੈਸ਼ਨ ਸੀ। ਇਨ੍ਹਾਂ ਚਾਰ ਸੈਸ਼ਨਾਂ ’ਚ ਸੈਂਸੈਕਸ 1,925 ਅੰਕ ਡਿੱਗ ਕੇ 65,000 ਅੰਕਾਂ ਤੋਂ ਹੇਠਾਂ ਆ ਗਿਆ ਹੈ ਜਦਕਿ ਨਿਫਟੀ ਲਗਭਗ 530 ਅੰਕ ਡਿੱਗ ਗਿਆ ਹੈ। ਕੋਟਕ ਸਕਿਓਰਿਟੀਜ਼ ਲਿਮਟਿਡ ਦੇ ਇਕੁਇਟੀ ਰਿਸਰਚ (ਰਿਟੇਲ) ਦੇ ਮੁਖੀ ਸ਼੍ਰੀਕਾਂਤ ਚੌਹਾਨ ਨੇ ਕਿਹਾ, ‘‘ਪਛਮੀ ਏਸ਼ੀਆ ’ਚ ਡੂੰਘੇ ਤਣਾਅ ਨੇ ਵਿਕਰੀ ਦਾ ਦਬਾਅ ਬਣਾਇਆ ਅਤੇ ਨਿਵੇਸ਼ਕਾਂ ਨੇ ਅਪਣੇ ਸ਼ੇਅਰ ਵੇਚਣੇ ਸ਼ੁਰੂ ਕਰ ਦਿਤੇ। ਇਸ ਕਾਰਨ ਪਿਛਲੇ ਚਾਰ ਸੈਸ਼ਨਾਂ ’ਚ ਬੈਂਚਮਾਰਕ ਸੂਚਕਾਂਕ ਨੂੰ ਭਾਰੀ ਨੁਕਸਾਨ ਹੋਇਆ ਹੈ।

ਚੌਹਾਨ ਨੇ ਕਿਹਾ ਕਿ ਨਿਵੇਸ਼ਕ ਪਹਿਲਾਂ ਹੀ ਵਿਆਜ ਦਰਾਂ ਅਤੇ ਮਹਿੰਗਾਈ ਵਧਣ ਦੀ ਸੰਭਾਵਨਾ ਨੂੰ ਲੈ ਕੇ ਚਿੰਤਤ ਹਨ। ਅਜਿਹੀ ਸਥਿਤੀ ’ਚ ਇਜ਼ਰਾਈਲ-ਹਮਾਸ ਟਕਰਾਅ ਨੇ ਅਨਿਸ਼ਚਿਤਤਾ ਵਧਾਉਣ ਅਤੇ ਨਿਵੇਸ਼ਕਾਂ ਦੀ ਭਾਵਨਾ ਨੂੰ ਕਮਜ਼ੋਰ ਕਰਨ ਦਾ ਕੰਮ ਕੀਤਾ ਹੈ। ਸੈਂਸੈਕਸ ਕੰਪਨੀਆਂ ’ਚ ਜੇ.ਐਸ.ਡਬਲਯੂ. ਸਟੀਲ, ਟਾਟਾ ਮੋਟਰਜ਼, ਟਾਟਾ ਸਟੀਲ, ਟਾਟਾ ਕੰਸਲਟੈਂਸੀ ਸਰਵਿਸਿਜ਼, ਐਨ.ਟੀ.ਪੀ.ਸੀ., ਵਿਪਰੋ, ਐਚ.ਸੀ.ਐਲ. ਟੈਕਨਾਲੋਜੀਜ਼, ਸਟੇਟ ਬੈਂਕ ਆਫ ਇੰਡੀਆ, ਲਾਰਸਨ ਐਂਡ ਟੂਬਰੋ, ਅਲਟਰਾਟੈਕ ਸੀਮੈਂਟ ਮੁੱਖ ਘਾਟੇ ’ਚ ਸਨ। ਦੂਜੇ ਪਾਸੇ ਮਹਿੰਦਰਾ ਐਂਡ ਮਹਿੰਦਰਾ ਅਤੇ ਬਜਾਜ ਫਾਈਨਾਂਸ ਦੇ ਸ਼ੇਅਰ ਵਾਧੇ ਨਾਲ ਬੰਦ ਹੋਏ।

ਵਿਆਪਕ ਬਾਜ਼ਾਰ ’ਚ ਬੀ.ਐੱਸ.ਈ. ਦੇ ਸਮਾਲਕੈਪ ਇੰਡੈਕਸ ’ਚ 4.18 ਫੀ ਸਦੀ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਮਿਡਕੈਪ ਨੂੰ ਵੀ 2.51 ਫੀ ਸਦੀ ਦਾ ਨੁਕਸਾਨ ਹੋਇਆ ਹੈ। ਮੋਤੀਲਾਲ ਓਸਵਾਲ ਫਾਈਨੈਂਸ਼ੀਅਲ ਸਰਵਿਸਿਜ਼ ਲਿਮਟਿਡ ਦੇ ਰਿਟੇਲ ਰਿਸਰਚ ਦੇ ਮੁਖੀ ਸਿਧਾਰਥ ਖੇਮਕਾ ਨੇ ਕਿਹਾ, ‘‘ਪਛਮੀ ਏਸ਼ੀਆ ’ਚ ਸੰਕਟ ਦੇ ਡੂੰਘੇ ਹੋਣ ਦੇ ਡਰ ਅਤੇ ਅਮਰੀਕਾ ’ਚ ਵਿਆਜ ਦਰਾਂ ’ਚ ਵਾਧੇ ਨੇ ਬਾਜ਼ਾਰ ’ਤੇ ਕਾਫੀ ਅਸਰ ਪਾਇਆ ਹੈ। ਕੰਪਨੀਆਂ ਦੇ ਮਿਲੇ-ਜੁਲੇ ਤਿਮਾਹੀ ਨਤੀਜਿਆਂ ਵੀ ਮਿਲੇਜੁਲੇ ਰਹਿਣ ਕਾਰਨ ਬਾਜ਼ਾਰ ਨੂੰ ਕਿਤੇ ਵੀ ਸਮਰਥਨ ਨਹੀਂ ਮਿਲ ਰਿਹਾ ਹੈ।’’

ਏਸ਼ੀਆ ਦੇ ਹੋਰ ਬਾਜ਼ਾਰਾਂ ’ਚ ਦਖਣੀ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿੱਕੇਈ ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ ਘਾਟੇ ਨਾਲ ਬੰਦ ਹੋਇਆ। ਯੂਰਪੀ ਬਾਜ਼ਾਰ ਦੁਪਹਿਰ ਦੇ ਸੈਸ਼ਨ ’ਚ ਘਾਟੇ ਨਾਲ ਕਾਰੋਬਾਰ ਕਰ ਰਹੇ ਸਨ। ਸ਼ੁਕਰਵਾਰ ਨੂੰ ਅਮਰੀਕੀ ਬਾਜ਼ਾਰਾਂ ’ਚ ਗਿਰਾਵਟ ਵੇਖਣ ਨੂੰ ਮਿਲੀ। ਇਸ ਦੌਰਾਨ ਪਛਮੀ ਏਸ਼ੀਆ ’ਚ ਵਧਦੇ ਤਣਾਅ ਕਾਰਨ ਅੰਤਰਰਾਸ਼ਟਰੀ ਤੇਲ ਬੈਂਚਮਾਰਕ ਬ੍ਰੈਂਟ ਕਰੂਡ 0.04 ਫੀ ਸਦੀ ਵਧ ਕੇ 92.18 ਡਾਲਰ ਪ੍ਰਤੀ ਬੈਰਲ ’ਤੇ ਪਹੁੰਚ ਗਿਆ।

ਜਿਓਜੀਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਖੋਜ ਮੁਖੀ ਵਿਨੋਦ ਨਾਇਰ ਨੇ ਕਿਹਾ, ‘‘ਨਿੱਜੀ ਬੈਂਕਾਂ ਦੇ ਚੰਗੇ ਤਿਮਾਹੀ ਨਤੀਜਿਆਂ ਅਤੇ ਕੱਚੇ ਤੇਲ ਦੀਆਂ ਕੀਮਤਾਂ ’ਚ ਨਰਮੀ ਦੇ ਬਾਵਜੂਦ, ਨਿਵੇਸ਼ਕਾਂ ਦੀ ਭਾਵਨਾ ਕਮਜ਼ੋਰ ਰਹੀ ਅਤੇ ਘਰੇਲੂ ਬਾਜ਼ਾਰ ਵਿਆਪਕ ਤੌਰ ’ਤੇ ਪ੍ਰਭਾਵਤ ਹੋਏ।’’ ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਸ਼ੁਕਰਵਾਰ ਨੂੰ ਕੁਲ 456.21 ਕਰੋੜ ਰੁਪਏ ਦੇ ਸ਼ੇਅਰ ਖਰੀਦੇ। ਮੰਗਲਵਾਰ ਨੂੰ ਦੁਸਹਿਰੇ ਦੇ ਮੌਕੇ ’ਤੇ ਸ਼ੇਅਰ ਬਾਜ਼ਾਰ ਬੰਦ ਰਹਿਣਗੇ।