ਪੰਜਾਬ ਕੋਲ ਇਸ ਸਮੇਂ 130 ਲੱਖ ਟਨ ਚੌਲ ਹਨ, ਜਾਣੋ ਲੌਜਿਸਟਿਕ ਰੁਕਾਵਟਾਂ ਦਾ ਕੇਂਦਰ ਸਰਕਾਰ ਨੇ ਕੀ ਕੀਤਾ ਹੱਲ
ਪੰਜਾਬ ਤੋਂ ਅਨਾਜ ਦੀ ਤੇਜ਼ੀ ਨਾਲ ਨਿਕਾਸੀ ਲਈ ਸਭ ਤੋਂ ਵੱਧ ਰੇਲ ਰੈਕ ਦਿਤੇ : ਕੇਂਦਰ
ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਬੁਧਵਾਰ ਨੂੰ ਕਿਹਾ ਕਿ ਉਸ ਨੇ ਝੋਨੇ ਦੇ ਮੌਜੂਦਾ ਭੰਡਾਰ ਦੀ ਤੇਜ਼ੀ ਨਾਲ ਨਿਕਾਸੀ ਲਈ ਪੰਜਾਬ ਨੂੰ ਵੱਧ ਤੋਂ ਵੱਧ ਰੇਲ ਰੈਕ ਅਲਾਟ ਕਰਨ ਲਈ ਮਹੀਨੇਵਾਰ ਯੋਜਨਾ ਮੁਹੱਈਆ ਕਰਵਾਈ ਹੈ ਕਿਉਂਕਿ ਇਹ ਸੂਬਾ ਝੋਨੇ ਦੀ ਖ਼ਰੀਦ ਨੂੰ ਪ੍ਰਭਾਵਤ ਕਰਨ ਵਾਲੀ ਭੰਡਾਰਨ ਸਮੱਸਿਆਵਾਂ ਨਾਲ ਜੂਝ ਰਿਹਾ ਹੈ।
ਪੰਜਾਬ ਕੋਲ ਇਸ ਸਮੇਂ 130 ਲੱਖ ਟਨ ਚੌਲ ਹਨ, ਅਤੇ ਉਸ ਨੂੰ ਲੌਜਿਸਟਿਕ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚਾਲੂ ਸੀਜ਼ਨ ’ਚ 124 ਲੱਖ ਟਨ ਚੌਲ ਖਰੀਦਣ ਦਾ ਟੀਚਾ ਹੈ। ਅਧਿਕਾਰੀਆਂ ਨੇ ਦਸਿਆ ਕਿ 1 ਅਕਤੂਬਰ ਤੋਂ 32 ਲੱਖ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ। ਖਰੀਦ ’ਚ ਦੇਰੀ ਬਾਰੇ ਚਿੰਤਾਵਾਂ ਨੂੰ ਦੂਰ ਕਰਦਿਆਂ ਕੇਂਦਰੀ ਖੁਰਾਕ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਪੱਤਰਕਾਰਾਂ ਨੂੰ ਕਿਹਾ, ‘‘ਸਟਾਕ ਦੀ ਕਲੀਅਰੈਂਸ ਲਈ ਪੰਜਾਬ ਅਤੇ ਹਰਿਆਣਾ ਨੂੰ ਸੱਭ ਤੋਂ ਵੱਧ ਤਰਜੀਹ ਦਿਤੀ ਗਈ ਹੈ।’’
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੂਬਾ ਸਰਕਾਰ ਨਾਲ ਸਾਈਟ ਬਣਾਉਣ ਦੀ ਵਿਸਥਾਰਤ ਰਣਨੀਤੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਕਿਹਾ, ‘‘ਅਸੀਂ ਸਥਾਨ ਬਣਾਉਣ ਲਈ ਪੰਜਾਬ ਸਰਕਾਰ ਨੂੰ ਵਿਸਥਾਰਤ ਯੋਜਨਾ ਦਿਤੀ ਹੈ। ... ਸੱਭ ਤੋਂ ਵੱਧ ਰੈਕ ਪ੍ਰਦਾਨ ਕੀਤੇ ਗਏ ਹਨ।’’
ਮੰਤਰੀ ਨੇ ਮੌਜੂਦਾ ਮੰਡੀਕਰਨ ਸੀਜ਼ਨ ਦੌਰਾਨ ਪੰਜਾਬ ਤੋਂ 185 ਲੱਖ ਟਨ ਝੋਨੇ (124 ਲੱਖ ਟਨ ਚੌਲਾਂ ਦੇ ਬਰਾਬਰ) ਖਰੀਦਣ ਲਈ ਕੇਂਦਰ ਦੀ ਵਚਨਬੱਧਤਾ ਦੁਹਰਾਈ। ਉਨ੍ਹਾਂ ਕਿਹਾ, ‘‘ਭਾਰਤ ਸਰਕਾਰ ਨੇ ਉਨ੍ਹਾਂ (ਪੰਜਾਬ) ਨੂੰ ਸਪੱਸ਼ਟ ਕਰ ਦਿਤਾ ਹੈ ਕਿ ਅਸੀਂ ਸਮੇਂ ਸਿਰ ਵਚਨਬੱਧ ਮਾਤਰਾ ਦੀ ਖਰੀਦ ਕਰਾਂਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਦੇ ਭਰੋਸੇ ’ਤੇ ਸੰਤੁਸ਼ਟੀ ਜ਼ਾਹਰ ਕੀਤੀ ਹੈ।’’
ਖਰੀਦ ਸੀਜ਼ਨ 1 ਅਕਤੂਬਰ ਨੂੰ ਸ਼ੁਰੂ ਹੋਇਆ ਸੀ ਅਤੇ ਕੇਂਦਰ ਨਵੀਂ ਫਸਲ ਦੀ ਆਮਦ ਦੇ ਨਾਲ ਮੌਜੂਦਾ ਭੰਡਾਰਨ ਦੀਆਂ ਰੁਕਾਵਟਾਂ ਨੂੰ ਸੰਤੁਲਿਤ ਕਰਨ ਲਈ ਕੰਮ ਕਰ ਰਿਹਾ ਸੀ।