Gmail, Facebook, Netflix ਸਮੇਤ ਕਈ ਸੇਵਾਵਾਂ ਦੇ 14.9 ਕਰੋੜ ਖਾਤਿਆਂ ਦੇ ਲੌਗਇਨ ਵੇਰਵੇ ਲੀਕ ਹੋਏ
ਧੋਖਾਧੜੀ, ਸੰਭਾਵੀ ਪਛਾਣ ਚੋਰੀ, ਵਿੱਤੀ ਅਪਰਾਧ ਅਤੇ ਫਿਸ਼ਿੰਗ ਮੁਹਿੰਮਾਂ ਦੀ ਸੰਭਾਵਨਾ
ਨਵੀਂ ਦਿੱਲੀ : Gmail, Facebook, Netflix ਅਤੇ Instagram ਸਮੇਤ ਇੰਟਰਨੈਟ ਕੰਪਨੀਆਂ ਦੇ 14.9 ਕਰੋੜ ਤੋਂ ਵੱਧ ਖਾਤਿਆਂ ਦੇ ਯੂਜ਼ਰਨੇਮ, ਪਾਸਵਰਡ ਸਮੇਤ ਲੌਗਇਨ ਵੇਰਵੇ ਕਥਿਤ ਤੌਰ ਉਤੇ ਲੀਕ ਹੋ ਗਏ ਹਨ।
ਸਾਈਬਰ ਸਕਿਓਰਿਟੀ ਖੋਜਕਰਤਾ ਯਿਰਮਿਯਾਹ ਫਾਉਲਰ ਵਲੋਂ ਪ੍ਰਕਾਸ਼ਤ ਰੀਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਜਨਤਕ ਤੌਰ ਉਤੇ ਸਾਹਮਣੇ ਆਏ ਡਾਟਾ ਵਿਚ ਜੀਮੇਲ ਉਤੇ 4.8 ਕਰੋੜ, ਯਾਹੂ ਉਤੇ 40 ਲੱਖ, ਫੇਸਬੁੱਕ ਉਤੇ 1.7 ਕਰੋੜ, ਇੰਸਟਾਗ੍ਰਾਮ ਉਤੇ 65 ਲੱਖ, ਨੈੱਟਫਲਿਕਸ ਉਤੇ 34 ਲੱਖ, ਆਉਟਲੁੱਕ ਉਤੇ 15 ਲੱਖ ਪਾਸਵਰਡ ਆਦਿ ਸ਼ਾਮਲ ਹਨ।
ਫਾਉਲਰ ਨੇ ਰੀਪੋਰਟ ਵਿਚ ਕਿਹਾ, ‘‘ਜਨਤਕ ਤੌਰ ਉਤੇ ਲੀਕ ਕੀਤਾ ਗਿਆ ਡੇਟਾਬੇਸ ਪਾਸਵਰਡ-ਸੁਰੱਖਿਅਤ ਜਾਂ ਐਨਕ੍ਰਿਪਟਡ ਨਹੀਂ ਸੀ। ਇਸ ਵਿਚ 149,404,754 ਵਿਲੱਖਣ ਲੌਗਇਨ ਅਤੇ ਪਾਸਵਰਡ ਸਨ, ਕੁਲ 96 ਜੀ.ਬੀ. ਡਾਟਾ। ਬੇਨਕਾਬ ਹੋਏ ਦਸਤਾਵੇਜ਼ਾਂ ਦੇ ਸੀਮਤ ਨਮੂਨੇ ’ਚ, ਮੈਂ ਹਜ਼ਾਰਾਂ ਫਾਈਲਾਂ ਵੇਖੀਆਂ ਜਿਨ੍ਹਾਂ ਵਿਚ ਈਮੇਲਾਂ, ਉਪਭੋਗਤਾ ਨਾਮ, ਪਾਸਵਰਡ ਅਤੇ ਖਾਤਿਆਂ ਲਈ ਲੌਗਇਨ ਜਾਂ ਅਧਿਕਾਰ ਦੇ ਯੂ.ਆਰ.ਐਲ. ਲਿੰਕ ਸ਼ਾਮਲ ਸਨ।’’
ਰੀਪੋਰਟ ਵਿਚ ਨਾਮਜ਼ਦ ਵੱਡੀਆਂ ਫਰਮਾਂ ਨੂੰ ਈਮੇਲ ਪ੍ਰਸ਼ਨਾਂ ਦਾ ਕੋਈ ਤੁਰਤ ਜਵਾਬ ਨਹੀਂ ਮਿਲਿਆ। ਫਾਉਲਰ ਨੇ ਕਿਹਾ ਕਿ ਇੰਨੀ ਵੱਡੀ ਗਿਣਤੀ ਵਿਚ ਵਿਲੱਖਣ ਲੌਗਇਨ ਅਤੇ ਪਾਸਵਰਡਾਂ ਦਾ ਲੀਕ ਹੋਣਾ ਵੱਡੀ ਗਿਣਤੀ ਵਿਚ ਵਿਅਕਤੀਆਂ ਲਈ ਸੰਭਾਵਤ ਤੌਰ ਉਤੇ ਗੰਭੀਰ ਸੁਰੱਖਿਆ ਜੋਖਮ ਪੇਸ਼ ਕਰਦਾ ਹੈ ਜਿਨ੍ਹਾਂ ਨੂੰ ਸ਼ਾਇਦ ਨਹੀਂ ਪਤਾ ਕਿ ਉਨ੍ਹਾਂ ਦੀ ਜਾਣਕਾਰੀ ਚੋਰੀ ਕੀਤੀ ਗਈ ਸੀ ਜਾਂ ਬੇਨਕਾਬ ਕੀਤੀ ਗਈ ਸੀ।
ਉਨ੍ਹਾਂ ਕਿਹਾ, ‘‘ਇਹ ਨਾਟਕੀ ਢੰਗ ਨਾਲ ਧੋਖਾਧੜੀ, ਸੰਭਾਵੀ ਪਛਾਣ ਚੋਰੀ, ਵਿੱਤੀ ਅਪਰਾਧ ਅਤੇ ਫਿਸ਼ਿੰਗ ਮੁਹਿੰਮਾਂ ਦੀ ਸੰਭਾਵਨਾ ਨੂੰ ਵਧਾਉਂਦਾ ਹੈ ਜੋ ਜਾਇਜ਼ ਵਿਖਾਈ ਦੇ ਸਕਦੇ ਹਨ ਕਿਉਂਕਿ ਉਹ ਅਸਲ ਖਾਤਿਆਂ ਅਤੇ ਸੇਵਾਵਾਂ ਦਾ ਹਵਾਲਾ ਦਿੰਦੇ ਹਨ।’’