QR Code ਨਾਲ ਲੈਣ-ਦੇਣ ਕਰਨ ਵਾਲਿਆਂ ਲਈ ਖ਼ੁਸ਼ਖ਼ਬਰੀ! ਜਲਦ ਮਿਲੇਗਾ ਫਾਇਦਾ, RBI ਨੇ ਦਿੱਤੇ ਸੰਕੇਤ

ਏਜੰਸੀ

ਖ਼ਬਰਾਂ, ਵਪਾਰ

ਜਲਦ ਹੀ ਕਿਊਆਰ ਕੋਡ ਜ਼ਰੀਏ ਹੋਣ ਵਾਲੇ ਲੈਣ-ਦੇਣ ‘ਤੇ ਤੁਹਾਨੂੰ ਕਈ ਤਰ੍ਹਾਂ ਦੇ ਆਫਰ ਅਤੇ ਛੋਟ ਮਿਲ ਸਕਦੀ ਹੈ।

QR code

ਨਵੀਂ ਦਿੱਲੀ: ਜਲਦ ਹੀ ਕਿਊਆਰ ਕੋਡ ਜ਼ਰੀਏ ਹੋਣ ਵਾਲੇ ਲੈਣ-ਦੇਣ ‘ਤੇ ਤੁਹਾਨੂੰ ਕਈ ਤਰ੍ਹਾਂ ਦੇ ਆਫਰ ਅਤੇ ਛੋਟ ਮਿਲ ਸਕਦੀ ਹੈ। ਦਰਅਸਲ ਰਿਜ਼ਰਵ ਬੈਂਕ ਦੀ ਇਕ ਕਮੇਟੀ ਨੇ ਅਜਿਹੇ ਕੋਡ ਦੇ ਜ਼ਰੀਏ ਲੈਣ-ਦੇਣ ਨੂੰ ਉਤਸ਼ਾਹਿਤ ਕਰਨ ਲਈ ਵਕਾਲਤ ਕੀਤੀ ਹੈ। 

ਕਿਊਆਰ ਕੋਡ ਯਾਨੀ ਕਵਿੱਕ ਰਿਸਪਾਂਸ ਕੋਡ ਇਕ ਬਾਰ ਕੋਡ ਹੁੰਦਾ ਹੈ, ਜਿਸ ਵਿਚ ਕਿਸੇ ਪ੍ਰੋਡਕਟ, ਯੂਜ਼ਰ ਆਦਿ ਨਾਲ ਜੁੜੀ ਪੂਰੀ ਜਾਣਕਾਰੀ ਹੁੰਦੀ ਹੈ, ਜਿਸ ਨੂੰ ਸਕੈਨ ਕਰ ਕੇ ਪੜ੍ਹਿਆ ਜਾ ਸਕਦਾ ਹੈ। ਆਈਆਈਟੀ ਮੁੰਬਈ ਦੇ ਪ੍ਰੋਫੈਸਰ ਇਮੇਰਿਟਸ ਡੀਬੀ ਪਾਠਕ ਦੀ ਅਗਵਾਈ ਵਿਚ ਗਠਿਤ ਰਿਜ਼ਰਵ ਬੈਂਕ ਕਮੇਟੀ ਨੇ ਕਾਰੋਬਾਰੀਆਂ ਨੂੰ ਇਲੈਕਟ੍ਰਾਨਿਕ ਤਰੀਕੇ ਨਾਲ ਭੁਗਤਾਨ ਸਵਿਕਾਰ ਕਰਨ ‘ਤੇ ਟੈਕਸ ਇਨਸੈਂਟਿਵ ਦੇਣ ਦੀ ਸਲਾਹ ਵੀ ਦਿੱਤੀ ਹੈ।

ਕਿਊਆਰ ਕੋਡ ‘ਤੇ ਬਣੀ ਰਿਪੋਰਟ ਮੁਤਾਬਕ ਕਾਰੋਬਾਰੀਆਂ ਅਤੇ ਗਾਹਕਾਂ ਨੂੰ ਉਤਸ਼ਾਹਤ ਕਰਨ ਲਈ ਆਫਰ ਅਤੇ ਛੋਟ ਦੀ ਸਲਾਹ ਦਿੱਤੀ ਗਈ ਹੈ, ਜਿਸ ਨਾਲ ਦੇਸ਼ ਵਿਚ ਗਾਹਕਾਂ ਵਿਚ ਕਿਊਆਰ ਕੋਡ ਅਧਾਰਤ ਲੈਣ ਦੇਣ ਅਤੇ ਇਲੈਕਟ੍ਰਾਨਿਕ ਮਾਧਿਅਮ ਨਾਲ ਕਾਰੋਬਾਰ ਨੂੰ ਹੋਰ ਵਧਾਇਆ ਜਾ ਸਕੇ। ਕਮੇਟੀ ਦੀ ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕਿਊਆਰ ਕੋਡ ਕਾਫੀ ਸਸਤਾ ਅਤੇ ਪ੍ਰਭਾਵਸ਼ਾਲੀ ਮਾਧਿਅਮ ਹੈ।

ਰਿਜ਼ਰਵ ਬੈਂਕ ਨੇ ਇਸ ਰਿਪੋਰਟ ‘ਤੇ ਸਾਰੇ ਪੱਖਾਂ ਤੋਂ 10 ਅਗਸਤ ਤੱਕ ਸੁਝਾਅ ਮੰਗੇ ਹਨ। ਕਿਊਆਰ ਕੋਡ ਦਾ ਡਿਜ਼ਾਇਨ ਪ੍ਰੋਡਕਟ ਦੀ ਟ੍ਰੈਕਿੰਗ ਕਰਨ, ਪ੍ਰੋਡਕਟ ਦੀ ਜਾਣਕਾਰੀ ਰੱਖਣ, ਦਸਤਾਵੇਜ਼ ਨੂੰ ਮੈਨੇਜ ਕਰਨ ਜਾਂ ਫਿਰ ਮਾਰਕੀਟਿੰਗ ਸਬੰਧੀ ਲੋੜਾਂ ਲਈ ਕੀਤਾ ਗਿਆ ਹੈ। ਹੁਣ ਇਸ ਦੀ ਵਰਤੋਂ ਕਾਫੀ ਵਧ ਚੁੱਕੀ ਹੈ।