ਭਾਰਤੀ ਗਹਿਣਿਆਂ ਦੇ ਸਿਖਰਲੇ ਆਯਾਤਕ ਨੇ ਖ਼ਰੀਦ ਵਿਚ 30 ਫੀਸਦੀ ਦੀ ਕਟੌਤੀ ਕੀਤੀ
ਸੋਨੇ ਦੀਆਂ ਵਧੀਆਂ ਕੀਮਤਾਂ ਦਾ ਅਸਰ
ਜੇਦਾਹ: ਮੱਧ ਪੂਰਬ ਵਿਚ ਭਾਰਤੀ ਗਹਿਣਿਆਂ ਦੇ ਸੱਭ ਤੋਂ ਵੱਡੇ ਆਯਾਤਕਾਂ ’ਚੋਂ ਇਕ ਬਾਫਲੇਹ ਜਵੈਲਰੀ ਹੁਣ ਹਲਕੇ ਭਾਰ ਵਾਲੇ ਡਿਜ਼ਾਈਨ ਅਤੇ ਘੱਟ ਕੈਰੇਟ ਸੋਨੇ ਦੇ ਗਹਿਣਿਆਂ ਵੱਲ ਮੁੜ ਰਹੀ ਹੈ ਕਿਉਂਕਿ ਸੋਨੇ ਦੀਆਂ ਵਧਦੀਆਂ ਕੀਮਤਾਂ ਨੇ ਪ੍ਰਮੁੱਖ ਬਾਜ਼ਾਰਾਂ ਵਿਚ ਮੰਗ ਨੂੰ ਘਟਾ ਦਿਤਾ ਹੈ।
ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਰਮੇਸ਼ ਵੋਰਾ ਨੇ ਕਿਹਾ ਕਿ ਦੁਬਈ ਦੀ ਕੰਪਨੀ ਨੇ ਚਾਲੂ ਵਿੱਤੀ ਸਾਲ ਦੇ ਪਹਿਲੇ ਅੱਠ ਮਹੀਨਿਆਂ ’ਚ ਭਾਰਤ ਤੋਂ 600-700 ਕਿਲੋਗ੍ਰਾਮ ਗਹਿਣਿਆਂ ਦੀ ਆਯਾਤ ਕੀਤੀ ਹੈ, ਜੋ ਪਿਛਲੇ ਸਾਲ 1.2 ਟਨ ਸੀ। ਹਾਲਾਂਕਿ ਆਯਾਤ ਮੁੱਲ ਵਧੇ ਹਨ, ਪਰ ਸੋਨੇ ਦੀਆਂ ਕੀਮਤਾਂ ਤਿੰਨ ਮਹੀਨਿਆਂ ਦੇ ਅੰਦਰ 2200-2500 ਡਾਲਰ ਪ੍ਰਤੀ ਔਂਸ ਤੋਂ ਵਧ ਕੇ 3600 ਡਾਲਰ ਹੋ ਗਈਆਂ ਹਨ।
ਉਨ੍ਹਾਂ ਕਿਹਾ, ‘‘ਲੋਕ ਹੁਣ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਲਗਦੈ ਸੋਨਾ 4000 ਡਾਲਰ ਤੱਕ ਵੀ ਪਹੁੰਚ ਸਕਦਾ ਹੈ।’’ ਕੰਪਨੀ ਅਗਲੇ ਮਹੀਨੇ 14 ਕੈਰੇਟ ਦੇ ਗਹਿਣਿਆਂ ਨੂੰ ਪੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ, ਜਿਸ ਨਾਲ ਕੋਲਕਾਤਾ ਅਤੇ ਦਿੱਲੀ ਦੇ ਸਪਲਾਇਰਾਂ ਨਾਲ ਮਿਲ ਕੇ ਸੋਨੇ ਦੀ ਮਾਤਰਾ ਨੂੰ ਘੱਟ ਕਰਨ ਦੇ ਨਾਲ-ਨਾਲ ਰੰਗ ਦੀ ਗੁਣਵੱਤਾ ਬਣਾਈ ਰੱਖਣ ਲਈ ਕੰਮ ਕੀਤਾ ਜਾ ਰਿਹਾ ਹੈ।
ਰਣਨੀਤੀ ਵਿਚ ਤਬਦੀਲੀ ਗਹਿਣਿਆਂ ਦੇ ਆਯਾਤਕਾਂ ਨੂੰ ਦਰਪੇਸ਼ ਵਿਆਪਕ ਚੁਨੌਤੀਆਂ ਨੂੰ ਦਰਸਾਉਂਦੀ ਹੈ ਕਿਉਂਕਿ ਅਸਥਿਰ ਸੋਨੇ ਦੀਆਂ ਕੀਮਤਾਂ ਕਾਰਨ ਰੋਜ਼ਾਨਾ 50-50 ਡਾਲਰ ਬਦਲਾਅ ਹੋ ਜਾਂਦਾ ਹੈ।
ਕੀਮਤਾਂ ਦੇ ਦਬਾਅ ਦੇ ਬਾਵਜੂਦ, ਵੋਰਾ ਨੇ ਭਾਰਤ ਦੀ ਮਾਰਕੀਟ ਸਥਿਤੀ ਉਤੇ ਭਰੋਸਾ ਜ਼ਾਹਰ ਕੀਤਾ। ਬਾਫਲੇਹ ਜਿਊਲਰੀ ਨੂੰ 2015, 2018 ਅਤੇ 2022 ਤਕ ਲਗਾਤਾਰ ਤਿੰਨ ਸਾਲਾਂ ਵਿਚ ਭਾਰਤ ਤੋਂ ਸੱਭ ਤੋਂ ਵੱਧ ਆਯਾਤ ਕਰਨ ਲਈ ਪੁਰਸਕਾਰ ਮਿਲੇ ਹਨ।
ਉਨ੍ਹਾਂ ਨੇ ਇਟਲੀ, ਤੁਰਕੀ, ਸਿੰਗਾਪੁਰ ਅਤੇ ਇੰਡੋਨੇਸ਼ੀਆ ਦੇ ਮਸ਼ੀਨਾਂ ਨਾਲ ਬਣੇ ਬਦਲਾਂ ਨਾਲ ਭਾਰਤ ਦੀ ਕਾਰੀਗਰੀ ਦੀ ਤੁਲਨਾ ਕਰਦਿਆਂ ਕਿਹਾ, ‘‘ਕੋਈ ਵੀ ਭਾਰਤੀ ਗਹਿਣਿਆਂ ਨੂੰ ਹਰਾ ਨਹੀਂ ਸਕਦਾ ਕਿਉਂਕਿ ਇਹ ਪੂਰੀ ਤਰ੍ਹਾਂ ਹੱਥ ਨਾਲ ਬਣੇ ਹਨ।’’ ਉਨ੍ਹਾਂ ਕਿਹਾ ਕਿ ਭਾਰਤੀ ਗਹਿਣੇ ਅਜੇ ਵੀ ਦੁਨੀਆਂ ’ਚ ਪਹਿਲੇ ਨੰਬਰ ਉਤੇ ਹਨ ਅਤੇ ਕੋਈ ਵੀ ਇਸ ਦਾ ਮੁਕਾਬਲਾ ਨਹੀਂ ਕਰ ਸਕਦਾ।