ਭਾਰਤ-ਕੈਨੇਡਾ ਐਫ.ਟੀ.ਏ. ਗੱਲਬਾਤ ਮੁੜ ਸ਼ੁਰੂ ਕਰਨ ਲਈ ਹੋਏ ਸਹਿਮਤ: ਗੋਇਲ
‘ਉੱਚ-ਅਭਿਲਾਸ਼ੀ ਸੀਈਪੀਏ ’ਤੇ ਗੱਲਬਾਤ ਸ਼ੁਰੂ ਕਰਨ ਅਤੇ 2030 ਤਕ ਦੋਹਾਂ ਦੇਸ਼ਾਂ ਵਿਚਕਾਰ ਵਪਾਰ ਨੂੰ ਦੁੱਗਣਾ ਕਰਨ ਲਈ ਸਹਿਮਤ’
ਨਵੀਂ ਦਿੱਲੀ: ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਭਾਰਤ ਅਤੇ ਕੈਨੇਡਾ 2030 ਤਕ ਦੋ-ਪੱਖੀ ਵਪਾਰ ਨੂੰ 50 ਅਰਬ ਡਾਲਰ ਤਕ ਵਧਾਉਣ ਦੇ ਉਦੇਸ਼ ਨਾਲ ਮੁਕਤ ਵਪਾਰ ਸਮਝੌਤੇ (ਐੱਫ.ਟੀ.ਏ.) ਲਈ ਗੱਲਬਾਤ ਮੁੜ ਸ਼ੁਰੂ ਕਰਨ ਲਈ ਸਹਿਮਤ ਹੋ ਗਏ ਹਨ।
ਗੋਇਲ ਨੇ ਸੋਮਵਾਰ ਨੂੰ ਇੱਥੇ ਇਕ ਸਮਾਗਮ ਵਿਚ ਕਿਹਾ ਕਿ ਐਫ.ਟੀ.ਏ. ਜਾਂ ਵਿਆਪਕ ਆਰਥਕ ਭਾਈਵਾਲੀ ਸਮਝੌਤੇ (ਸੀ.ਈ.ਪੀ.ਏ.) ਵਿਚ ਬਹੁਤ ਸਾਰੇ ਰਣਨੀਤਕ ਤੱਤ ਹਨ ਅਤੇ ਇਹ ਦੋਹਾਂ ਦੇਸ਼ਾਂ ਵਿਚਾਲੇ ਵਿਸ਼ਵਾਸ ਦਾ ਪ੍ਰਦਰਸ਼ਨ ਹੈ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਦੋਹਾਂ ਪਾਸਿਆਂ ਦੇ ਨਿਵੇਸ਼ਕਾਂ, ਕਾਰੋਬਾਰਾਂ ਨੂੰ ਵਿਸ਼ਵਾਸ ਦੇਵੇਗਾ।
ਉਨ੍ਹਾਂ ਕਿਹਾ, ‘‘ਅਸੀਂ ਇਕ ਉੱਚ-ਅਭਿਲਾਸ਼ੀ ਸੀਈਪੀਏ ਉਤੇ ਗੱਲਬਾਤ ਸ਼ੁਰੂ ਕਰਨ ਅਤੇ 2030 ਤਕ ਦੋਹਾਂ ਦੇਸ਼ਾਂ ਵਿਚਕਾਰ ਵਪਾਰ ਨੂੰ ਦੁੱਗਣਾ ਕਰਨ ਲਈ ਸਹਿਮਤ ਹੋਏ ਹਾਂ।’’ ਉਨ੍ਹਾਂ ਨੇ ਕਿਹਾ ਕਿ ਦੋਵੇਂ ਦੇਸ਼ ਕੁਦਰਤੀ ਸਹਿਯੋਗੀ ਹਨ ਅਤੇ ਇਕ ਦੂਜੇ ਨਾਲ ਮੁਕਾਬਲਾ ਨਹੀਂ ਕਰਦੇ। ਗੋਇਲ ਨੇ ਕਿਹਾ ਕਿ ਭਾਰਤ ਅਤੇ ਕੈਨੇਡਾ ਦੀ ਤਾਕਤ ਕਾਰੋਬਾਰਾਂ ਅਤੇ ਨਿਵੇਸ਼ਕਾਂ ਲਈ ਇਕ ਸ਼ਕਤੀ ਗੁਣਕ ਬਣ ਸਕਦੀ ਹੈ।
2023 ’ਚ, ਕੈਨੇਡਾ ਨੇ ਭਾਰਤ ਦੇ ਨਾਲ ਐੱਫਟੀਏ ਲਈ ਗੱਲਬਾਤ ਰੋਕ ਦਿਤੀ ਸੀ। 2023 ਵਿਚ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਨਾਲ ਸੰਭਾਵਤ ਭਾਰਤੀ ਸਬੰਧ ਦੇ ਦੋਸ਼ਾਂ ਤੋਂ ਬਾਅਦ ਭਾਰਤ-ਕੈਨੇਡਾ ਦੇ ਸਬੰਧ ਸੱਭ ਤੋਂ ਹੇਠਾਂ ਆ ਗਏ ਸਨ। ਭਾਰਤ ਨੇ ਟਰੂਡੋ ਦੇ ਦੋਸ਼ਾਂ ਨੂੰ ‘ਬੇਤੁਕਾ’ ਕਰਾਰ ਦਿਤਾ ਸੀ।