ਪ੍ਰਧਾਨ ਮੰਤਰੀ ਮੋਦੀ 553 ਅੰਮ੍ਰਿਤ ਭਾਰਤ ਰੇਲ ਸਟੇਸ਼ਨ ਦਾ ਨੀਂਹ ਪੱਥਰ ਰਖਣਗੇ
ਗੋਮਤੀ ਨਗਰ ਸਟੇਸ਼ਨ ਦਾ ਉਦਘਾਟਨ ਕਰਨਗੇ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਅੰਮ੍ਰਿਤ ਭਾਰਤ ਯੋਜਨਾ ਤਹਿਤ 553 ਰੇਲਵੇ ਸਟੇਸ਼ਨਾਂ ਦੇ ਮੁੜਵਿਕਾਸ ਦਾ ਨੀਂਹ ਪੱਥਰ ਰਖਣਗੇ। ਇਨ੍ਹਾਂ ਕੰਮਾਂ ’ਚ ਸਟੇਸ਼ਨ ਦੇ ‘ਰੂਫ਼ਟਾਪ ਪਲਾਜ਼ਾ’ ਅਤੇ ‘ਸਿਟੀ ਸੈਂਟਰ’ ਨੂੰ ਵਿਕਸਤ ਕਰਨਾ ਸ਼ਾਮਲ ਹੈ। ਅਧਿਕਾਰੀਆਂ ਨੇ ਦਸਿਆ ਕਿ ਪ੍ਰਧਾਨ ਮੰਤਰੀ ਇਕ ਸਮਾਰੋਹ ਦੌਰਾਨ ਵੱਖ-ਵੱਖ ਸੂਬਿਆਂ ’ਚ ਲਗਭਗ 1500 ਰੋਡ ਓਵਰਬ੍ਰਿਜ ਅਤੇ ਅੰਡਰਬ੍ਰਿਜ ਦਾ ਨੀਂਹ ਪੱਥਰ ਵੀ ਰਖਣਗੇ। ਇਹ ਸਮਾਰੋਹ 2,000 ਤੋਂ ਵੱਧ ਰੇਲਵੇ ਸਟੇਸ਼ਨਾਂ ਅਤੇ ਸਥਾਨਾਂ ’ਤੇ ਆਨਲਾਈਨ ਕੀਤੇ ਜਾਣਗੇ।
ਪ੍ਰਧਾਨ ਮੰਤਰੀ ਵੀਡੀਉ ਕਾਨਫਰੰਸਿੰਗ ਰਾਹੀਂ ਇਸ ਪ੍ਰੋਗਰਾਮ ’ਚ ਸ਼ਾਮਲ ਹੋਣਗੇ। ਉੱਤਰ ਪ੍ਰਦੇਸ਼ ’ਚ ਮੋਦੀ ਗੋਮਤੀ ਨਗਰ ਸਟੇਸ਼ਨ (ਲਖਨਊ) ਦਾ ਵੀ ਉਦਘਾਟਨ ਕਰਨਗੇ, ਜਿਸ ਨੂੰ ਲਗਭਗ 385 ਕਰੋੜ ਰੁਪਏ ਦੀ ਲਾਗਤ ਨਾਲ ਮੁੜ ਵਿਕਸਿਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਇਕ ਬਿਆਨ ’ਚ ਕਿਹਾ ਕਿ ਭਵਿੱਖ ’ਚ ਮੁਸਾਫ਼ਰਾਂ ਦੀ ਵਧਦੀ ਭੀੜ ਨੂੰ ਪੂਰਾ ਕਰਨ ਲਈ ਇਸ ਸਟੇਸ਼ਨ ’ਤੇ ਆਉਣ ਅਤੇ ਜਾਣ ਦੀਆਂ ਸਹੂਲਤਾਂ ਨੂੰ ਸੁਚਾਰੂ ਬਣਾਇਆ ਗਿਆ ਹੈ। ਇਸ ਏਅਰ ਕੰਡੀਸ਼ਨਡ ਸਟੇਸ਼ਨ ’ਚ ਆਧੁਨਿਕ ਮੁਸਾਫ਼ਰ ਸਹੂਲਤਾਂ ਹਨ ਜਿਵੇਂ ਕਿ ਇਕ ਵੱਡਾ ਆਡੀਟੋਰੀਅਮ, ਫੂਡ ਕੋਰਟ ਅਤੇ ਉੱਪਰਲੇ ਅਤੇ ਹੇਠਲੇ ਬੇਸਮੈਂਟਾਂ ’ਚ ਪਾਰਕਿੰਗ ਲਈ ਕਾਫ਼ੀ ਜਗ੍ਹਾ।
ਦੇਸ਼ ਦੇ 27 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਫੈਲੇ ਅੰਮ੍ਰਿਤ ਭਾਰਤ ਸਟੇਸ਼ਨ ਨੂੰ 19,000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਮੁੜ ਵਿਕਸਤ ਕੀਤਾ ਜਾਵੇਗਾ। ਇਹ ਸਟੇਸ਼ਨ ਸ਼ਹਿਰ ਦੇ ਦੋਵੇਂ ਸਿਰਿਆਂ ਨੂੰ ਜੋੜਨ ਵਾਲੇ ਸਿਟੀ ਸੈਂਟਰਾਂ ਵਜੋਂ ਕੰਮ ਕਰਨਗੇ ਅਤੇ ਛੱਤ ਪਲਾਜ਼ਾ, ਸੁੰਦਰ ਲੈਂਡਸਕੇਪ, ਬੱਚਿਆਂ ਦੇ ਖੇਡਣ ਦੇ ਖੇਤਰ, ਕਿਓਸਕ ਅਤੇ ਫੂਡ ਕੋਰਟ ਵਰਗੀਆਂ ਆਧੁਨਿਕ ਮੁਸਾਫ਼ਰ ਸਹੂਲਤਾਂ ਨੂੰ ਉਤਸ਼ਾਹਤ ਕਰਨਗੇ।
ਇਨ੍ਹਾਂ ਸਟੇਸ਼ਨਾਂ ਨੂੰ ਵਾਤਾਵਰਣ ਅਤੇ ਅਪਾਹਜਾਂ ਦੇ ਅਨੁਕੂਲ ਬਣਾਇਆ ਜਾਵੇਗਾ ਅਤੇ ਇਨ੍ਹਾਂ ਇਮਾਰਤਾਂ ਦਾ ਡਿਜ਼ਾਈਨ ਸਥਾਨਕ ਸਭਿਆਚਾਰ , ਵਿਰਾਸਤ ਅਤੇ ਆਰਕੀਟੈਕਚਰ ਤੋਂ ਪ੍ਰੇਰਿਤ ਹੋਵੇਗਾ। ਪ੍ਰਧਾਨ ਮੰਤਰੀ 1500 ਓਵਰਬ੍ਰਿਜ ਅਤੇ ਅੰਡਰਪਾਸਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰਖਣਗੇ। ਇਹ 24 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ’ਚ ਫੈਲੇ ਹੋਣਗੇ। ਇਨ੍ਹਾਂ ਪ੍ਰਾਜੈਕਟਾਂ ਦੀ ਕੁਲ ਲਾਗਤ ਲਗਭਗ 21,520 ਕਰੋੜ ਰੁਪਏ ਹੈ।
ਇਹ ਪ੍ਰਾਜੈਕਟ ਭੀੜ ਨੂੰ ਘਟਾਉਣ, ਸੁਰੱਖਿਆ ਅਤੇ ਕਨੈਕਟੀਵਿਟੀ ਨੂੰ ਵਧਾਉਣ ਅਤੇ ਰੇਲ ਯਾਤਰਾ ਦੀ ਪ੍ਰਭਾਵਸ਼ੀਲਤਾ ਅਤੇ ਕੁਸ਼ਲਤਾ ’ਚ ਸੁਧਾਰ ਕਰਨ ’ਚ ਸਹਾਇਤਾ ਕਰਨਗੇ।