ਤਿੰਨ ਦਿਨ ਤਕ ਬੈਂਕ ਬੰਦ ਰਹਿਣ ਕਾਰਨ ਲੋਕਾਂ ਨੂੰ ਫਿਰ ਨਕਦੀ ਲਈ ਜੂਝਣਾ ਪੈ ਸਕਦੈ
ਦੇਸ਼ 'ਚ ਪਿਛਲੇ ਇਕ ਹਫ਼ਤੇ ਤੋਂ ਨਕਦੀ ਦੀ ਕਮੀ ਚਲ ਰਹੀ ਹੈ। ਹੁਣ ਬੈਂਕਾਂ 'ਚ ਲੰਮੀਆਂ ਛੁੱਟੀਆਂ ਵੀ ਹੋਣ ਵਾਲੀਆਂ ਹਨ। ਦਰਅਸਲ ਮਹੀਨੇ ਦੇ ਅਖ਼ੀਰ 'ਚ ਬੈਂਕ ਲਗਾਤਾਰ ਤਿੰਨ...
ਨਵੀਂ ਦਿੱਲੀ : ਦੇਸ਼ 'ਚ ਪਿਛਲੇ ਇਕ ਹਫ਼ਤੇ ਤੋਂ ਨਕਦੀ ਦੀ ਕਮੀ ਚਲ ਰਹੀ ਹੈ। ਹੁਣ ਬੈਂਕਾਂ 'ਚ ਲੰਮੀਆਂ ਛੁੱਟੀਆਂ ਵੀ ਹੋਣ ਵਾਲੀਆਂ ਹਨ। ਦਰਅਸਲ ਮਹੀਨੇ ਦੇ ਅਖ਼ੀਰ 'ਚ ਬੈਂਕ ਲਗਾਤਾਰ ਤਿੰਨ ਦਿਨ ਬੰਦ ਰਹਿਣਗੇ। ਇਸ ਦਾ ਸਿੱਧਾ ਅਸਰ ਏਟੀਐਮਜ਼ ਸਰਵਿਸਿਜ਼ ਤੋਂ ਲੈ ਕੇ ਬੈਂਕਿੰਗ ਸਰਵਿਸਿਜ਼ 'ਤੇ ਪੈ ਸਕਦਾ ਹੈ।
ਬੈਂਕ 28 ਤੋਂ 30 ਅਪ੍ਰੈਲ ਤਕ ਲਗਾਤਾਰ 3 ਦਿਨ ਬੰਦ ਰਹਿਣਗੇ। 28 ਅਪ੍ਰੈਲ ਨੂੰ ਮਹੀਨੇ ਦਾ ਚੌਥਾ ਸ਼ਨਿਚਰਵਾਰ ਹੈ ਉਥੇ ਹੀ, ਅਗਲੇ ਦਿਨ ਐਤਵਾਰ ਹੈ। ਸੋਮਵਾਰ ਨੂੰ ਵੀ ਬੁੱਧ ਪੂਰਨਮਾਸ਼ੀ ਦੀ ਛੁੱਟੀ ਹੋਣ ਕਾਰਨ ਬੈਂਕ ਬੰਦ ਰਹਿਣਗੇ। ਪਿਛਲੇ ਦਿਨੀਂ ਲਗਭਗ 8 ਰਾਜਾਂ ਦਿੱਲੀ - ਐਨਸੀਆਰ, ਉੱਤਰ ਪ੍ਰਦੇਸ਼, ਗੁਜਰਾਤ, ਬਿਹਾਰ, ਤੇਲੰਗਾਨਾ, ਝਾਰਖੰਡ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ 'ਚ ਨਕਦੀ ਦਾ ਸੰਕਟ ਰਿਹਾ। ਏਟੀਐਮ 'ਚ ਨਕਦੀ ਨਾ ਮਿਲਣ ਦੀਆਂ ਸ਼ਿਕਾਇਤਾਂ ਮਿਲੀਆਂ ਸਨ।
ਤਿੰਨ ਦਿਨ ਛੁੱਟੀ ਹੋਣ ਕਾਰਨ ਸ਼ੁਕਰਵਾਰ ਤੋਂ ਬਾਅਦ ਏਟੀਐਮਜ਼ 'ਚ ਨਕਦੀ ਨਹੀਂ ਮਿਲੇਗੀ। ਅਜਿਹੇ 'ਚ ਲੋਕਾਂ ਨੂੰ ਇਕ ਵਾਰ ਫਿਰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਲੰਮੀਆਂ ਛੁੱਟੀਆਂ ਹੋਣ 'ਤੇ ਉਂਜ ਤਾਂ ਬੈਂਕ ਵਾਧੂ ਨਕਦੀ ਦਾ ਇੰਤਜ਼ਾਮ ਕਰਦੇ ਹਨ ਪਰ ਪਿਛਲੇ ਦਿਨੀਂ ਦੇ ਅਨੁਭਵ ਤੋਂ ਲਗਦਾ ਹੈ ਕਿ ਸਥਿਤੀ ਵਿਗੜ ਸਕਦੀ ਹੈ। ਦੇਸ਼ ਦੇ ਕਈ ਹਿਸਿਆਂ 'ਚ ਏਟੀਐਮਜ਼ ਖ਼ਾਲੀ ਹੋਣ 'ਤੇ ਸਰਕਾਰ ਨੂੰ ਕਈ ਵਾਰ ਸਫ਼ਾਈ ਦੇਣੀ ਪਈ ਸੀ।
ਆਰਬੀਆਈ ਅਤੇ ਐਸਬੀਆਈ ਨੇ ਵੀ ਨਕਦੀ ਦੀ ਕਮੀ ਨਾ ਹੋਣ ਦੀ ਗੱਲ ਕਹੀ ਸੀ। ਨਾਲ ਹੀ ਜਿਨ੍ਹਾਂ ਇਲਾਕਿਆਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਉੱਥੇ ਵਾਧੂ ਨਕਦੀ ਵੀ ਭੇਜੀ ਗਈ ਸੀ।