ਮਹਿੰਗਾਈ ਨੂੰ ਰੋਕਣ ਲਈ ਕੇਂਦਰ ਸਰਕਾਰ ਦਾ ਫੈਸਲਾ, ਕਣਕ ਤੋਂ ਬਾਅਦ ਚੀਨੀ ਦੀ ਬਰਾਮਦ 'ਤੇ ਲਗਾਈ ਪਾਬੰਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਇਹ ਪਾਬੰਦੀ ਇਸ ਸਾਲ 31 ਅਕਤੂਬਰ ਤੱਕ ਰਹੇਗੀ ਜਾਰੀ

Sugar

 

 ਨਵੀਂ ਦਿੱਲੀ :  ਵਧਦੀ ਮਹਿੰਗਾਈ ਦਰਮਿਆਨ ਕਣਕ ਦੀ ਬਰਾਮਦ 'ਤੇ ਪਾਬੰਦੀ ਲਗਾਉਣ ਤੋਂ ਬਾਅਦ ਕੇਂਦਰ ਸਰਕਾਰ ਨੇ ਹੁਣ ਖੰਡ ਨੂੰ ਲੈ ਕੇ ਵੀ ਵੱਡਾ ਫੈਸਲਾ ਲਿਆ ਹੈ। 1 ਜੂਨ ਤੋਂ ਖੰਡ ਦੀ ਬਰਾਮਦ 'ਤੇ ਪਾਬੰਦੀ ਹੋਵੇਗੀ। ਸਰਕਾਰ ਦਾ ਤਰਕ ਹੈ ਕਿ ਇਹ ਫੈਸਲਾ ਖੰਡ ਦੀਆਂ ਵਧਦੀਆਂ ਕੀਮਤਾਂ ਨੂੰ ਰੋਕਣ ਅਤੇ ਦੇਸ਼ ਵਿੱਚ ਇਸ ਦੀ ਨਿਰਵਿਘਨ ਸਪਲਾਈ ਜਾਰੀ ਰੱਖਣ ਲਈ ਲਿਆ ਗਿਆ ਹੈ। ਇਹ ਪਾਬੰਦੀ ਇਸ ਸਾਲ 31 ਅਕਤੂਬਰ ਤੱਕ ਜਾਰੀ ਰਹੇਗੀ।

ਸਰਕਾਰ ਦੇ ਇਸ ਫੈਸਲੇ ਨੂੰ ਲੈ ਕੇ ਪਹਿਲਾਂ ਹੀ ਅਟਕਲਾਂ ਲਾਈਆਂ ਜਾ ਰਹੀਆਂ ਸਨ। ਜਿਸ ਤਰ੍ਹਾਂ ਖੰਡ ਦੀਆਂ ਕੀਮਤਾਂ ਵਧ ਰਹੀਆਂ ਸਨ, ਮਾਹਿਰ ਮੰਨ ਰਹੇ ਸਨ ਕਿ ਕਣਕ ਤੋਂ ਬਾਅਦ ਖੰਡ ਦੀ ਬਰਾਮਦ  ਤੇ ਕੋ ਲੱਗ ਸਕਦੀ ਹੈ। ਹੁਣ ਕੇਂਦਰ ਸਰਕਾਰ ਨੇ ਵੀ ਇਸੇ ਦਿਸ਼ਾ ਵਿੱਚ ਕਦਮ ਪੁੱਟਿਆ ਹੈ।

 

1 ਜੂਨ ਤੋਂ ਕੁਝ ਪਾਬੰਦੀਆਂ ਲਗਾਈਆਂ ਜਾਣਗੀਆਂ। ਕਿਹਾ ਜਾ ਰਿਹਾ ਹੈ ਕਿ ਖੰਡ ਦੇ ਸੀਜ਼ਨ (30 ਸਤੰਬਰ 2022) ਦੇ ਅੰਤ ਤੱਕ ਖੰਡ ਦਾ ਕਲੋਜ਼ਿੰਗ ਸਟਾਕ 60-65 ਲੱਖ ਮੀਟਰਕ ਟਨ ਤੱਕ ਰਹਿਣਾ ਚਾਹੀਦਾ ਹੈ, ਇਸ ਲਈ ਸਰਕਾਰ ਨੇ ਬਰਾਮਦ 'ਤੇ ਇਹ ਸਖਤ ਫੈਸਲਾ ਲਿਆ ਹੈ।

 

ਸੌਖੇ ਸ਼ਬਦਾਂ ਵਿਚ ਇਸ ਵਾਰ ਸਰਕਾਰ ਘੱਟੋ-ਘੱਟ ਦੋ-ਤਿੰਨ ਮਹੀਨਿਆਂ ਦਾ ਵਾਧੂ ਖੰਡ ਸਟਾਕ ਆਪਣੇ ਕੋਲ ਰੱਖਣਾ ਚਾਹੁੰਦੀ ਹੈ ਤਾਂ ਜੋ ਦੇਸ਼ ਦੇ ਲੋਕਾਂ ਦੀ ਵਧਦੀ ਮੰਗ ਨੂੰ ਪੂਰਾ ਕੀਤਾ ਜਾ ਸਕੇ। ਵੈਸੇ, ਅੰਕੜੇ ਦੱਸਦੇ ਹਨ ਕਿ ਦੇਸ਼ ਨੇ ਵੱਡੀ ਮਾਤਰਾ ਵਿੱਚ ਖੰਡ ਦੀ ਬਰਾਮਦ ਕੀਤੀ ਹੈ। ਪਿਛਲੇ ਸਾਲ 60 ਲੱਖ ਮੀਟਰਕ ਟਨ ਖੰਡ ਬਰਾਮਦ ਕਰਨ ਦਾ ਟੀਚਾ ਮਿੱਥਿਆ ਗਿਆ ਸੀ।