ਮਾਰੂਤੀ ਨੇ ਸਟੀਅਰਿੰਗ ਰਾਡ ਦੀ ਸਮਸਿਆ ਨੂੰ ਹੱਲ ਕਰਨ ਲਈ S-Presso, Eeco ਦੀਆਂ 87,599 ਯੂਨਿਟਾਂ ਵਾਪਸ ਮੰਗਵਾਈਆਂ
ਪਿਛਲੇ ਕੁਝ ਸਾਲਾਂ ਦੌਰਾਨ ਕਿਸੇ ਵੀ ਗੱਡੀ ਨਿਰਮਾਤਾ ਵਲੋਂ ਖਰਾਬੀ ਲਈ ਅਪਣੀ ਗੱਡੀ ਨੂੰ ਵਾਪਸ ਬੁਲਾਉਣ ਦਾ ਇਹ ਸਭ ਤੋਂ ਵੱਡਾ ਮਾਮਲਾ
ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ (ਐਮ.ਐਸ.ਆਈ.) ਨੇ ਸਟੀਅਰਿੰਗ ਰਾਡ ਦੀਆਂ ਸਮੱਸਿਆਵਾਂ ਨੂੰ ਠੀਕ ਕਰਨ ਲਈ ਅਪਣੇ ਐਸ-ਪ੍ਰੇਸੋ ਅਤੇ ਈਕੋ ਮਾਡਲਾਂ ਦੀਆਂ 87,599 ਯੂਨਿਟਾਂ ਵਾਪਸ ਮੰਗਵਾਉਣ ਦਾ ਐਲਾਨ ਕੀਤਾ ਹੈ।
ਕੰਪਨੀ ਨੇ ਸੋਮਵਾਰ ਨੂੰ ਸਟਾਕ ਐਕਸਚੇਂਜ ਨੂੰ ਸੂਚਿਤ ਕੀਤਾ ਕਿ ਇਹ ਇਕਾਈਆਂ 5 ਜੁਲਾਈ, 2021 ਤੋਂ 15 ਫਰਵਰੀ, 2023 ਦੇ ਦੌਰਾਨ ਪੈਦਾ ਕੀਤੀਆਂ ਗਈਆਂ ਸਨ। ਉਸ ਦੇ ਸਟੀਅਰਿੰਗ ਟਾਈ ਰਾਡ ’ਚ ਗੜਬੜੀ ਦੀਆਂ ਸ਼ਿਕਾਇਤਾਂ ਸਨ।
ਮਾਰੂਤੀ ਨੇ ਕਿਹਾ, ‘‘ਇਹ ਸ਼ੱਕ ਹੈ ਕਿ ਇਨ੍ਹਾਂ ਗੱਡੀਆਂ ’ਚ ਵਰਤੇ ਗਏ ਸਟੀਅਰਿੰਗ ਟਾਈ ਰਾਡ ਦਾ ਇਕ ਹਿੱਸਾ ਖਰਾਬ ਹੋ ਸਕਦਾ ਹੈ। ਇਹ ਗੱਡੀ ਦੇ ਸਟੀਅਰਿੰਗ ਦੇ ਸੁਚਾਰੂ ਸੰਚਾਲਨ ਨੂੰ ਪ੍ਰਭਾਵਤ ਕਰ ਸਕਦਾ ਹੈ।’’
ਕੰਪਨੀ ਨੇ ਕਿਹਾ ਕਿ ਸਮੱਸਿਆ ਤੋਂ ਪ੍ਰਭਾਵਤ ਗੱਡੀਆਂ ਦੇ ਮਾਲਕਾਂ ਨੂੰ ਇਕ ਅਧਿਕਾਰਤ ਵਰਕਸ਼ਾਪ ’ਚ ਸਦਿਆ ਜਾਵੇਗਾ ਜਿੱਥੇ ਉਨ੍ਹਾਂ ਦੀ ਗੱਡੀ ਦੇ ਖਰਾਬ ਹਿੱਸੇ ਨੂੰ ਮੁਫਤ ’ਚ ਬਦਲਿਆ ਜਾਵੇਗਾ। ਇਹ ਪ੍ਰਕਿਰਿਆ 24 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ।
ਪਿਛਲੇ ਕੁਝ ਸਾਲਾਂ ਵਿਚ ਕਿਸੇ ਵੀ ਗੱਡੀ ਨਿਰਮਾਤਾ ਵਲੋਂ ਖਰਾਬੀ ਲਈ ਅਪਣੀ ਗੱਡੀ ਨੂੰ ਵਾਪਸ ਬੁਲਾਉਣ ਦਾ ਇਹ ਸਭ ਤੋਂ ਵੱਡਾ ਮਾਮਲਾ ਹੈ।