ਬਾਜ਼ਾਰ ’ਚ ਲਗਾਤਾਰ ਦੂਜੇ ਦਿਨ ਗਿਰਾਵਟ, ਸੈਂਸੇਕਸ 365 ਅੰਕ ਟੁੱਟਾ
0.56 ਫ਼ੀ ਸਦੀ ਦੀ ਕਮੀ ਨਾਲ 64,886.51 ਅੰਕ ’ਤੇ ਬੰਦ ਹੋਇਆ ਸੈਂਸੇਕਸ
ਮੁੰਬਈ: ਉਤਰਾਅ-ਚੜ੍ਹਾਅ ਭਰੇ ਕਾਰੋਬਾਰ ’ਚ ਬਾਜ਼ਾਰ ’ਚ ਸ਼ੁਕਰਵਾਰ ਨੂੰ ਲਗਾਤਾਰ ਦੂਜੇ ਦਿਨ ਗਿਰਾਵਟ ਰਹੀ ਅਤੇ ਬੀ.ਐਸ.ਈ. ਸੈਂਸੇਕਸ 365 ਅੰਕ ਡਿੱਗ ਗਿਆ, ਜਦਕਿ ਨਿਫ਼ਟੀ 19300 ਦੇ ਪੱਧਰ ਤੋਂ ਹੇਠਾਂ ਆ ਗਿਆ। ਕੌਮਾਂਤਰੀ ਬਾਜ਼ਾਰਾਂ ’ਚ ਕਮਜ਼ੋਰ ਰੁਖ਼ ਅਤੇ ਨੀਤੀਗਤ ਦਰ ’ਚ ਵਾਧੇ ਦੇ ਸ਼ੰਕੇ ਵਿਚਕਾਰ, ਵਿੱਤੀ, ਆਈ.ਟੀ. ਅਤੇ ਤੇਲ ਕੰਪਨੀਆਂ ਦੇ ਸ਼ੇਅਰਾਂ ’ਚ ਬਿਕਵਾਲੀ ਨਾਲ ਕਮੀ ਆਈ।
ਬੀ.ਐਸ.ਈ. ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੇਕਸ 365.83 ਅੰਕ ਯਾਨੀਕਿ 0.56 ਫ਼ੀ ਸਦੀ ਦੀ ਕਮੀ ਨਾਲ 64,886.51 ਅੰਕ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਕ ਸਮੇਂ ਇਹ 519.77 ਅੰਕ ਤਕ ਡਿੱਗ ਗਿਆ ਸੀ।
ਨੈਸ਼ਨਲ ਸਟਾਕ ਐਕਸਚੇਂਜ ਦਾ ਸੂਚਕ ਅੰਕ ਨਿਫ਼ਟੀ ਵੀ 120.90 ਅੰਕ, ਯਾਨੀਕਿ 0.62 ਫ਼ੀ ਸਦੀ ਦੀ ਕਮੀ ਨਾਲ 19,265.80 ਅੰਕ ’ਤੇ ਬੰਦ ਹੋਇਆ।
ਸੈਂਸੇਕਸ ’ਚ ਸ਼ਾਮਲ ਸ਼ੇਅਰਾਂ ’ਚੋਂ ਲਾਰਸਨ ਐਂਡ ਟਰਬੋ, ਜੇ.ਐਸ.ਡਬਲਿਊ. ਸਟੀਲ, ਇੰਸਡਇੰਡ ਬੈਂਕ, ਪਾਵਰ ਗਰਿੱਡ, ਆਈ.ਟੀ.ਸੀ., ਮਹਿੰਦਰਾ ਐਂਡ ਮਹਿੰਦਰਾ, ਐਨ.ਟੀ.ਪੀ.ਸੀ., ਐਚ.ਡੀ.ਐਫ਼.ਸੀ. ਬੈਂਕ, ਆਈ.ਟੀ.ਸੀ., ਰਿਲਾਇੰਸ ਇੰਡਸਟਰੀਜ਼ ਅਤੇ ਟਾਟਾ ਮੋਟਰਜ਼ ਪ੍ਰਮੁੱਖ ਰੂਪ ’ਚ ਨੁਕਸਾਨ ’ਚ ਰਹੇ।
ਦੂਜੇ ਪਾਸੇ, ਲਾਭ ’ਚ ਰਹਿਣ ਵਾਲੇ ਸ਼ੇਅਰਾਂ ’ਚ ਬਾਜਾਰ ਫ਼ਿਨਸਰਵ, ਏਸ਼ੀਅਨ ਪੇਂਟਸ, ਬਜਾਜ ਫ਼ਾਈਨਾਂਸ, ਭਾਰਤੀ ਏਅਰਟੈੱਲ ਅਤੇ ਐਕਸਿਸ ਬੈਂਕ ਸ਼ਾਮਲ ਹਨ।
ਜਿਉਜੀਤ ਫ਼ਾਈਨਾਂਸ਼ੀਅਲ ਸਰਵੀਸਿਜ਼ ਦੇ ਖੋਜ ਪ੍ਰਮੁੱਖ ਵਿਨੋਦ ਨਾਇਰ ਨੇ ਕਿਹਾ, ‘‘ਦੁਨੀਆਂ ਭਰ ’ਚ ਨਿਵੇਸ਼ਕ ਚੌਕਸ ਰੁਖ ਅਪਣਾਉਂਦੇ ਦਿਸ ਰਹੇ ਹਨ। ਇਸ ਦਾ ਕਾਰਨ ਨੀਤੀਗਤ ਦਰ ਵਧਣ ਦਾ ਸ਼ੰਕਾ ਹੈ। ਇਸ ਤੋਂ ਇਲਾਵਾ ਉੱਚੀ ਮਹਿੰਗਾਈ ਨੂੰ ਵੇਖਦਿਆਂ ਆਰ.ਬੀ.ਆਈ. ਦੀ ਮੁਦਰਾ ਨੀਤੀ ਕਮੇਟੀ ਦੀ ਬੈਠਕ ’ਚ ਵੀ ਮਹਿੰਗਾਈ ਦਰ ਨੂੰ ਟੀਚੇ ਅੰਦਰ ਰਖਣ ਦਾ ਅਹਿਦ ਪ੍ਰਗਟਾਇਆ ਗਿਆ।’’
ਏਸ਼ੀਆ ਦੇ ਹੋਰ ਬਾਜ਼ਾਰਾਂ ’ਚ ਦਖਣੀ ਕੋਰੀਆ ਦਾ ਕਾਸਪੀ, ਜਾਪਾਨ ਦੇ ਨਿੱਕੀ, ਚੀਨ ਦਾ ਸ਼ੰਘਾਈ ਕੰਪੋਜ਼ਿਟ ਅਤੇ ਹਾਂਗਕਾਂਗ ਨੁਕਸਾਨ ’ਚ ਰਹੇ।
ਯੂਰੋਪ ਦੇ ਪ੍ਰਮੁੱਖ ਬਾਜ਼ਾਰਾਂ ’ਚ ਸ਼ੁਰੂਆਤੀ ਕਾਰੋਬਾਰ ’ਚ ਤੇਜ਼ੀ ਦਾ ਰੁਖ਼ ਰਿਹਾ। ਅਮਰੀਕੀ ਬਾਜ਼ਾਰ ’ਚ ਵੀਰਵਾਰ ਨੂੰ ਗਿਰਾਵਟ ਰਹੀ।
ਸ਼ੇਅਰ ਬਾਜ਼ਾਰ ਦੇ ਅੰਕੜਿਆਂ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕ ਵੀਰਵਾਰ ਨੂੰ ਸ਼ੁੱਧ ਖ਼ਰੀਦਦਾਰ ਰਹੇ। ਉਨ੍ਹਾਂ ਨੇ 1524.87 ਕਰੋੜ ਰੁਪਏ ਮੁੱਲ ਦੇ ਸ਼ੇਅਰਾਂ ਦੀ ਖ਼ਰੀਦਦਾਰੀ ਕੀਤੀ। ਇਸ ਦੌਰਾਨ ਕੌਮਾਂਤਰੀ ਤੇਲ ਮਾਨਕ ਬਰੈਂਟ ਕਰੂਡ 1.25 ਫ਼ੀ ਸਦੀ ਵਧ ਕੇ 84.40 ਡਾਲਰ ਪ੍ਰਤੀ ਬੈਰਲ ’ਤੇ ਪਹੁੰਚ ਗਿਆ।