ਸ਼ੁਰੂਆਤੀ ਕਾਰੋਬਾਰ 'ਚ ਰੁਪਇਆ 12 ਪੈਸੇ ਡਿੱਗ ਕੇ 82.68 ਪ੍ਰਤੀ ਡਾਲਰ 'ਤੇ ਪਹੁੰਚਿਆ
ਵੀਰਵਾਰ ਨੂੰ ਰੁਪਇਆ 82.56 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ
ਮੁੰਬਈ - ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਇਆ 12 ਪੈਸੇ ਕਮਜ਼ੋਰ ਹੋ ਕੇ 82.68 'ਤੇ ਆ ਗਿਆ। ਅਮਰੀਕੀ ਕਰੰਸੀ ਦੀ ਮਜ਼ਬੂਤੀ ਅਤੇ ਗਲੋਬਲ ਬਾਜ਼ਾਰਾਂ ਦੇ ਕਮਜ਼ੋਰ ਰੁਖ ਦਾ ਅਸਰ ਰੁਪਏ 'ਤੇ ਦੇਖਣ ਨੂੰ ਮਿਲਿਆ। ਵਿਦੇਸ਼ੀ ਮੁਦਰਾ ਮਾਹਿਰਾਂ ਨੇ ਕਿਹਾ ਕਿ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦਾ ਘਰੇਲੂ ਮੁਦਰਾ 'ਤੇ ਵੀ ਭਾਰ ਪਿਆ ਹੈ, ਜਦੋਂ ਕਿ ਵਿਦੇਸ਼ੀ ਫੰਡਾਂ ਦੇ ਪ੍ਰਵਾਹ ਨੇ ਗਿਰਾਵਟ ਨੂੰ ਸੀਮਤ ਕੀਤਾ ਹੈ।
ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਰੁਪਇਆ 82.60 'ਤੇ ਖੁੱਲ੍ਹਿਆ ਅਤੇ ਫਿਰ 82.69 ਪ੍ਰਤੀ ਡਾਲਰ 'ਤੇ ਪਹੁੰਚ ਗਿਆ। ਇਸ ਤੋਂ ਬਾਅਦ ਇਹ 82.68 'ਤੇ ਕਾਰੋਬਾਰ ਕਰ ਰਿਹਾ ਸੀ। ਇਹ ਪਿਛਲੇ ਬੰਦ ਪੱਧਰ ਦੇ ਮੁਕਾਬਲੇ 12 ਪੈਸੇ ਦੀ ਗਿਰਾਵਟ ਹੈ। ਵੀਰਵਾਰ ਨੂੰ ਰੁਪਇਆ 82.56 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ। ਇਸ ਦੌਰਾਨ, ਛੇ ਪ੍ਰਮੁੱਖ ਮੁਦਰਾਵਾਂ ਦੇ ਇੱਕ ਬਾਸਕੇਟ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਂਦਾ ਡਾਲਰ ਸੂਚਕਾਂਕ 0.22 ਫ਼ੀਸਦੀ ਵਧ ਕੇ 104.21 'ਤੇ ਪਹੁੰਚ ਗਿਆ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ ਫਿਊਚਰਜ਼ 0.19 ਫ਼ੀਸਦੀ ਵਧ ਕੇ 83.52 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ।