ਕਰਜ਼ ਲੈ ਕੇ ਭੱਜਣ ਵਾਲੇ ਕਰਜ਼ਦਾਰਾਂ 'ਤੇ ਏਜੰਸੀਆਂ ਦੀ ਮਦਦ ਨਾਲ ਨਜ਼ਰ ਰੱਖੇਗਾ ਪੀ.ਐਨ.ਬੀ.
ਪਿਛਲੇ ਕੁਝ ਸਮੇਂ ਤੋਂ ਦੇਸ਼ 'ਚ ਕਈ ਤਰ੍ਹਾਂ ਦੇ ਬੈਂਕ ਘੋਟਾਲੇ-ਘਪਲੇ ਉਜਾਗਰ ਹੋਏ ਹਨ। ਇਨ੍ਹਾਂ 'ਚ ਪੰਜਾਬ ਨੈਸ਼ਨਲ ਬੈਂਕ ਦਾ ਮਾਮਲਾ ਸੱਭ ਤੋਂ ਵੱਡਾ ਸੀ ਪਰ ਹੁਣ...
ਨਵੀਂ ਦਿੱਲੀ, 26 ਅਪ੍ਰੈਲ: ਪਿਛਲੇ ਕੁਝ ਸਮੇਂ ਤੋਂ ਦੇਸ਼ 'ਚ ਕਈ ਤਰ੍ਹਾਂ ਦੇ ਬੈਂਕ ਘੋਟਾਲੇ-ਘਪਲੇ ਉਜਾਗਰ ਹੋਏ ਹਨ। ਇਨ੍ਹਾਂ 'ਚ ਪੰਜਾਬ ਨੈਸ਼ਨਲ ਬੈਂਕ ਦਾ ਮਾਮਲਾ ਸੱਭ ਤੋਂ ਵੱਡਾ ਸੀ ਪਰ ਹੁਣ ਪੀ.ਐਨ.ਬੀ. ਇਸ ਤਰ੍ਹਾਂ ਦੀਆਂ ਘਟਨਾਵਾਂ ਲਈ ਚੌਕਸ ਹੋ ਰਿਹਾ ਹੈ। ਪੀ.ਐਨ.ਬੀ. ਹੁਣ ਕਰਜ਼ ਸਬੰਧੀ ਫ਼ਰਾਰ ਹੋਣ ਵਾਲਿਆਂ 'ਤੇ ਨਿਗਰਾਨ ਏਜੰਸੀਆਂ ਰਾਹੀਂ ਨਜ਼ਰ ਰੱਖੇਗਾ। ਇਸ ਲਈ ਪੀ.ਐਨ.ਬੀ. ਨੇ ਕਈ ਏਜੰਸੀਆਂ ਨੂੰ ਅਰਜ਼ੀਆਂ ਦੇਣ ਲਈ ਵੀ ਕਿਹਾ ਹੈ।
ਪੰਜਾਬ ਨੈਸ਼ਨਲ ਬੈਂਕ ਵਲੋਂ ਜਾਰੀ ਨੋਟ 'ਚ ਸਾਫ਼ ਲਿਖਿਆ ਹੈ ਕਿ ਬੈਂਕ ਨੂੰ 2018-19 ਲਈ ਕੁਝ ਨਿਗਰਾਨ ਏਜੰਸੀਆਂ ਦੀ ਜ਼ਰੂਰਤ ਹੈ, ਇਸ ਲਈ ਅਰਜ਼ੀਆਂ ਦੇ ਸਕਦੇ ਹਨ। ਇਸ ਦਾ ਮਕਸਦ ਬੈਂਕ ਦੇ ਐਨ.ਪੀ.ਏ. ਵਸੂਲਣਾ ਅਤੇ ਕਰਜ਼ਦਾਰਾਂ 'ਤੇ ਨਜ਼ਰ ਰੱਖਣਾ ਹੋਵੇਗਾ। ਬੈਂਕ ਨੇ 5 ਮਈ ਤਕ ਅਪਲਾਈ ਕਰਨ ਲਈ ਕਿਹਾ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਨੈਸ਼ਨਲ ਬੈਂਕ ਦਾ ਬੈਡ ਲੋਨ ਕਾਫ਼ੀ ਜ਼ਿਆਦਾ ਹੈ। 31 ਦਸੰਬਰ ਤਕ ਕਰੀਬ 57,519 ਕਰੋੜ ਰੁਪਏ ਦਾ ਬੈਡ ਲੋਨ ਸੀ ਇਸ ਤੋਂ ਪਹਿਲਾਂ ਪੀ.ਐਨ.ਬੀ. ਨੇ ਇਸ ਤਰ੍ਹਾਂ ਦੇ ਮਾਮਲਿਆਂ ਨਾਲ ਨਜਿੱਠਣ ਲਈ ਗਾਂਧੀਗਿਰੀ ਦਾ ਰਸਤਾ ਅਪਣਾਇਆ ਸੀ, ਜਿਸ 'ਚ ਕਰਜ਼ਦਾਰਾਂ ਦਾ ਨਾਮ ਜਨਤਕ ਕੀਤਾ ਗਿਆ ਸੀ।
ਇਸ ਤਹਿਤ ਸੱਭ ਐਨ.ਪੀ.ਏ. ਖਾਤਿਆਂ ਨੂੰ ਨਿਗਰਾਨ ਏਜੰਸੀਆਂ ਨੂੰ ਮੁਹਈਆ ਕਰਵਾਇਆ ਜਾਵੇਗਾ, ਜਿਸ ਤੋਂ ਬਾਅਦ ਉਹ ਕਰਜ਼ਦਾਰਾਂ ਅਤੇ ਉਨ੍ਹਾਂ ਨਾਲ ਜੁੜੀਆਂ ਜਾਣਕੀਆਂ ਇਕੱਤਰ ਕਰਨਗੇ। ਇਨ੍ਹਾਂ ਏਜੰਸੀਆਂ ਨੂੰ ਕਰਜ਼ਦਾਰਾਂ ਦੇ ਖਾਤਿਆਂ ਦੀ ਪੂਰੀ ਜਾਣਕਾਰੀ ਦੇਣੀ ਪਵੇਗੀ। ਬੈਂਕ ਵਲੋਂ ਇਨ੍ਹਾਂ ਏਜੰਸੀਆਂ ਨੂੰ ਰੀਪੋਰਟ ਦੇਣ ਲਹੀ 60 ਦਿਨ ਦਾ ਸਮਾਂ ਦਿਤਾ ਜਾਵੇਗਾ, ਕਿਸੇ ਐਮਰਜੈਂਸੀ ਦੀ ਸਥਿਤੀ 'ਚ ਸਮਾਂ ਵਧ ਕੇ 90 ਦਿਨ ਕੀਤਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਹੀਰਾ ਕਾਰੋਬਾਰੀ ਨੀਰਵ ਮੋਦੀ ਅਤੇ ਮੇਹੁਲ ਚੌਕਰੀ ਨੇ ਜਿਸ ਤਰ੍ਹਾਂ ਪੰਜਾਬ ਨੈਸ਼ਨਲ ਬੈਂਕ ਨੂੰ ਲਗਭਗ 13,000 ਕਰੋੜ ਰੁਪਏ ਦਾ ਚੂਨਾ ਲਗਾਇਆ ਹੈ, ਉਸ ਤੋਂ ਬਾਅਦ ਤੋਂ ਹੀ ਬੈਂਕ ਪ੍ਰਤੀ ਲੋਕਾਂ ਦੇ ਮਨਾਂ 'ਚ ਕਾਫ਼ੀ ਮਾੜਾ ਅਸਰ ਪਿਆ ਹੈ। ਲੋਕ ਪੰਜਾਬ ਨੈਸ਼ਨਲ ਬੈਂਕ 'ਚ ਅਪਣੇ ਖਾਤਿਆਂ ਨੂੰ ਅਸੁਰਖਿਅਤ ਮਹਿਸੂਸ ਕਰਨ ਲੱਗੇ ਹਨ।
ਇਸ ਲਈ ਮੁੜ ਲੋਕਾਂ ਦੇ ਮਨਾਂ 'ਚ ਜਗ੍ਹਾਂ ਬਣਾਉਣ ਅਤੇ ਅਪਣੀ ਸਥਿਤੀ 'ਚ ਉਭਾਰ ਲਿਆਉਣ ਲਈ ਬੈਂਕ ਕਈ ਤਰ੍ਹਾਂ ਦੀਆਂ ਪਹਿਲ ਕਦਮੀਆਂ 'ਤੇ ਕੰਮ ਕਰ ਰਿਹਾ ਹੈ। ਇਸੇ ਤਹਿਤ ਬੈਂਕ ਨੇ ਕਰਜ਼ੇ ਦੀ ਭਰਪਾਈ ਕਰਵਾਉਣ ਲਈ ਇਨ੍ਹਾਂ ਏਜੰਸੀਆਂ ਦੀ ਮਦਦ ਲੈਣ ਦਾ ਮਨ ਬਣਾਇਆ ਹੈ। (ਏਜੰਸੀ)