ਮੁੰਬਈ ’ਚ ਆਰ.ਬੀ.ਆਈ. ਅਤੇ ਹੋਰ ਥਾਵਾਂ ’ਤੇ ਬੰਬ ਧਮਾਕੇ ਦੀਆਂ ਧਮਕੀਆਂ
ਧਮਕੀ ਦੇਣ ਵਾਲੇ ਨੇ ਈ-ਮੇਲ ’ਚ ਵਿੱਤ ਮੰਤਰੀ ਅਤੇ ਆਰ.ਬੀ.ਆਈ. ਗਵਰਨਰ ਦੇ ਅਸਤੀਫਿਆਂ ਦੀ ਮੰਗ ਕੀਤੀ
ਮੁੰਬਈ: ਮੁੰਬਈ ’ਚ ਮੰਗਲਵਾਰ ਨੂੰ 11 ਬੰਬ ਧਮਾਕਿਆਂ ਦੀ ਧਮਕੀ ਦਿੰਦਾ ਇਕ ਈ-ਮੇਲ ਰਿਜ਼ਰਵ ਬੈਂਕ ਨੂੰ ਭੇਜਿਆ ਗਿਆ ਜਿਸ ਤੋਂ ਬਾਅਦ ਪੁਲਿਸ ਮਹਿਕਮੇ ’ਚ ਤਰਥੱਲੀ ਮੱਚ ਗਈ। ਪਰ ਰਿਜ਼ਰਵ ਬੈਂਕ ਦੇ ਕੇਂਦਰੀ ਦਫ਼ਤਰ ਦੀ ਇਮਾਰਤ ਅਤੇ ਦੋ ਹੋਰ ਬੈਂਕਾਂ ਸਮੇਤ ਇਨ੍ਹਾਂ ਥਾਵਾਂ ’ਤੇ ਕੋਈ ਸ਼ੱਕੀ ਚੀਜ਼ ਨਹੀਂ ਮਿਲੀ।
ਪੁਲਿਸ ਦੇ ਇਕ ਅਧਿਕਾਰੀ ਨੇ ਦਸਿਆ ਕਿ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਗਵਰਨਰ ਦੀ ਈ-ਮੇਲ ਆਈ.ਡੀ. ’ਤੇ ਸਵੇਰੇ ਕਰੀਬ 10:50 ਵਜੇ ਇਕ ਈ-ਮੇਲ ਭੇਜੀ ਗਈ, ਜਿਸ ’ਤੇ ‘ਖਿਲਾਫਤ ਡਾਟ ਇੰਡੀਆ’ ਨਾਂ ਦੀ ਆਈ.ਡੀ. ਸੀ, ਜਿਸ ’ਚ ਆਰ.ਬੀ.ਆਈ. ਦੇ ਨਵੇਂ ਕੇਂਦਰੀ ਦਫਤਰ ਦੀ ਇਮਾਰਤ, ਚਰਚਗੇਟ ’ਚ ਐਚ.ਡੀ.ਐਫ.ਸੀ. ਹਾਊਸ ਅਤੇ ਬਾਂਦਰਾ-ਕੁਰਲਾ ਕੰਪਲੈਕਸ ’ਚ ਆਈ.ਸੀ.ਆਈ.ਸੀ.ਆਈ. ਬੈਂਕ ਟਾਵਰ ’ਤੇ ਬੰਬ ਸੁੱਟਣ ਦੀ ਧਮਕੀ ਦਿਤੀ ਗਈ ਸੀ।
ਐਫ.ਆਈ.ਆਰ. ਅਨੁਸਾਰ, ਈ-ਮੇਲ ਭੇਜਣ ਵਾਲੇ ਨੇ ਧਮਾਕਾ ਕਰਨ ਦੀ ਧਮਕੀ ਦਿਤੀ ਅਤੇ ਮੰਗ ਕੀਤੀ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਆਰ.ਬੀ.ਆਈ. ਗਵਰਨਰ ਸ਼ਕਤੀਕਾਂਤ ਦਾਸ ਤੁਰਤ ਅਸਤੀਫਾ ਦੇਣ ਅਤੇ ‘ਬੈਂਕਿੰਗ ਘਪਲੇ’ ਦਾ ਪਰਦਾਫਾਸ਼ ਹੋਣ ਬਾਰੇ ਵਿਸਥਾਰਤ ਬਿਆਨ ਜਾਰੀ ਕਰਨ।
ਇਕ ਈ-ਮੇਲ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਮੁੰਬਈ ਵਿਚ ਵੱਖ-ਵੱਖ ਥਾਵਾਂ ’ਤੇ 11 ਬੰਬ ਲਗਾਏ ਗਏ ਹਨ ਅਤੇ ਧਮਾਕੇ ਫੋਰਟ ਵਿਚ ਆਰ.ਬੀ.ਆਈ. ਦੇ ਨਵੇਂ ਕੇਂਦਰੀ ਦਫਤਰ ਦੀ ਇਮਾਰਤ, ਚਰਚਗੇਟ ਵਿਚ ਐਚ.ਡੀ.ਐਫ.ਸੀ. ਹਾਊਸ ਅਤੇ ਬਾਂਦਰਾ-ਕੁਰਲਾ ਕੰਪਲੈਕਸ ਵਿਚ ਆਈ.ਸੀ.ਆਈ.ਸੀ.ਆਈ. ਬੈਂਕ ਟਾਵਰ ਵਿਚ ਦੁਪਹਿਰ 1.30 ਵਜੇ ਹੋਣਗੇ। ਸਾਰੇ 11 ਬੰਬ ਇਕ ਤੋਂ ਬਾਅਦ ਇਕ ਫਟਣਗੇ। ਪੁਲਿਸ ਅਧਿਕਾਰੀ ਨੇ ਦਸਿਆ ਕਿ ਪੁਲਿਸ ਨੇ ਈ-ਮੇਲ ’ਚ ਦੱਸੀਆਂ ਸਾਰੀਆਂ ਥਾਵਾਂ ਦੀ ਤਲਾਸ਼ੀ ਲਈ ਪਰ ਇਨ੍ਹਾਂ ਥਾਵਾਂ ’ਤੇ ਕੁੱਝ ਵੀ ਸ਼ੱਕੀ ਨਹੀਂ ਮਿਲਿਆ।
ਅਧਿਕਾਰੀਆਂ ਨੇ ਦਸਿਆ ਕਿ ਰਿਜ਼ਰਵ ਬੈਂਕ ਦੇ ਹੈੱਡ ਗਾਰਡ ਦੀ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਵਿਅਕਤੀ ਵਿਰੁਧ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ’ਚ 505-1ਬੀ (ਗਲਤ ਅਲਾਰਮ ਫੈਲਾਉਣਾ ਜਾਂ ਇਸ ਦੀ ਗੰਭੀਰਤਾ, ਦਹਿਸ਼ਤ ਪੈਦਾ ਹੋਣ ਦੀ ਸੰਭਾਵਨਾ), 505-2 (ਸ਼ਰਾਰਤੀ ਬਿਆਨ ਦੇਣਾ) ਅਤੇ 506-2 (ਅਪਰਾਧਕ ਧਮਕੀ) ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।